For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪੱਕੇ ਮੋਰਚਿਆਂ ਦਾ ਐਲਾਨ

09:53 AM Nov 04, 2024 IST
ਕਿਸਾਨਾਂ ਵੱਲੋਂ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪੱਕੇ ਮੋਰਚਿਆਂ ਦਾ ਐਲਾਨ
ਪਟਿਆਲਾ ’ਚ ਮੋਤੀ ਮਹਿਲ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਨਵੰਬਰ
ਪੰਜਾਬ ਵਿੱਚੋਂ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫਟਿੰਗ ਅਤੇ ਡੀਏਪੀ ਤੇ ਪਰਾਲੀ ਸਮੇਤ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ਅਤੇ ਭਾਜਪਾ ਦੇ ਮੁੱਖ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ 26 ਥਾਵਾਂ ’ਤੇ 18 ਦਿਨਾਂ ਤੋਂ ਚੱਲ ਰਹੇ ਧਰਨੇ ਅੱਜ ਖ਼ਤਮ ਕਰ ਦਿੱਤੇ ਹਨ ਜਦੋਂਕਿ ਸੂਬੇ ਵਿੱਚ 26 ਟੌਲ ਪਲਾਜ਼ਿਆਂ ’ਤੇ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ। ਕਿਸਾਨ ਜਥੇਬੰਦੀ ਨੇ ਇਸ ਦੇ ਨਾਲ ਹੀ ਵਿਧਾਨ ਸਭਾ ਹਲਕੇ ਗਿੱਦੜਬਾਹਾ ਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਤੇ ‘ਆਪ’ ਉਮੀਦਵਾਰਾਂ ਦੀ ਰਿਹਾਇਸ਼ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਹੈ। ਇਹ ਮੋਰਚੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਹਰਵਿੰਦਰ ਸਿੰਘ ਧਾਲੀਵਾਲ ਦੇ ਘਰਾਂ ਤੇ ਦਫ਼ਤਰਾਂ ਅੱਗੇ 4 ਨਵੰਬਰ ਤੋਂ ਲਾਏ ਜਾਣਗੇ। ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਹੋਰਨਾਂ ਆਗੂਆਂ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਪਹੁੰਚ ਕੇ ਧਰਨੇ ਖ਼ਤਮ ਕਰਵਾਏ। ਉਗਰਾਹਾਂ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਸਮੇਂ ਆੜ੍ਹਤੀਆਂ, ਸ਼ੈੱਲਰ ਮਾਲਕਾਂ ਤੇ ਖ਼ਰੀਦ ਅਧਿਕਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਬੇਲੋੜੇ ਅੜਿੱਕੇ ਖੜ੍ਹੇ ਕਰਕੇ ਝੋਨੇ ਦੀ ਫ਼ਸਲ ’ਤੇ ਪ੍ਰਤੀ ਕੁਇੰਟਲ 100 ਤੋਂ 200 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਟੌਤੀ ਬੰਦ ਨਾ ਹੋਣ ਖ਼ਿਲਾਫ਼ ਸਖ਼ਤ ਐਕਸ਼ਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਕਿਸਾਨ ਪੱਖੀ ਹਦਾਇਤਾਂ ਲਾਗੂ ਨਾ ਕਰਨ ਕਰਕੇ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ, ਜੁਰਮਾਨੇ ਲਗਾਉਣ, ਲਾਲ ਐਂਟਰੀਆਂ ਅਤੇ ਹੋਰ ਦਬਾਅ-ਪਾਊਣ ਦੇ ਫੈਸਲੇ ਵਾਪਸ ਲੈਣ ਤੱਕ ਜਨਤਕ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਅੱਠ ਫ਼ੀਸਦ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਿਸਾਨਾਂ ਸਿਰ ਸਾਰਾ ਦੋਸ਼ ਮੜ੍ਹਨਾ ਅਤੇ 51 ਫ਼ੀਸਦ ਲਈ ਜ਼ਿੰਮੇਵਾਰ ਸਨਅਤੀ ਘਰਾਣਿਆਂ ਨੂੰ ਦੋਸ਼ ਮੁਕਤ ਕਰਨਾ ਸਰਾਸਰ ਬੇਇਨਸਾਫ਼ੀ ਹੈ। ਕਿਸਾਨ ਆਗੂਆਂ ਕਿਹਾ ਕਿ ਇਸ ਸਮੇਂ ਸੂਬੇ ਕੋਲ ਲੋੜੀਂਦੀ ਡੀਏਪੀ ਖਾਦ ਦਾ ਪ੍ਰਬੰਧ ਨਹੀਂ ਹੈ, ਜੇਕਰ ਲੋੜ ਪੈਣ ’ਤੇ ਡੀਏਪੀ ਖਾਦ ਦੀ ਬਿਨਾਂ ਸ਼ਰਤ ਪੂਰੀ ਸਪਲਾਈ ਨਾ ਕੀਤੀ ਤਾਂ ਵੀ ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਮੁਕੰਮਲ ਕਰਕੇ ਲਾਗੂ ਕਰਵਾਉਣ ਸਬੰਧੀ 6 ਨਵੰਬਰ ਨੂੰ ਖੇਤ ਮਜ਼ਦੂਰਾਂ ਨਾਲ ਸਾਂਝੇ ਤੌਰ ’ਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਕੀਤੇ ਜਾਣ ਵਾਲੇ ਮੁਜ਼ਾਹਰੇ ਮੁਲਤਵੀ ਕਰ ਦਿੱਤੇ ਹਨ।

Advertisement

ਕਿਸਾਨੀ ਸੰਘਰਸ਼ ਨੇ ਖੁੰਢੇ ਕੀਤੇ ਹਕੂਮਤਾਂ ਦੇ ਖਤਰਨਾਕ ਇਰਾਦੇ: ਉਗਰਾਹਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ): ਡੀਏਪੀ ਖਾਦ ਦੀ ਪੂਰਤੀ, ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਘਰਸ਼ ਨੂੰ ਅਗਲਾ ਰੂਪ ਦੇਣ ਦੀ ਰਣਨੀਤੀ ਤਹਿਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਭਾਜਪਾ ਆਗੂ ਪਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਅੱਗੇ 18 ਦਿਨਾਂ ਤੋਂ ਜਾਰੀ ਧਰਨਾ ਅੱਜ ਸਮਾਪਤ ਕਰ ਦਿੱਤਾ। ਇਹ ਧਰਨਾ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਦੀ ਸਮੱਸਿਆ ਦੇ ਮੱਦੇਨਜ਼ਰ ਲਾਇਆ ਗਿਆ ਸੀ। ਧਰਨੇ ਦੀ ਸਮਾਪਤੀ ਮੌਕੇ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਕੂਮਤਾਂ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਅਗਲੇ ਦਿਨਾਂ ਵਿੱਚ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਕੀਂ ਕੇਂਦਰ ਅਤੇ ਰਾਜ ਸਰਕਾਰ ਨੇ ਮਿਲ ਕੇ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਹੈ। ਇਨ੍ਹਾਂ ਦਾ ਇਰਾਦਾ ਤਾਂ ਹੋਰ ਵੀ ਵੱਧ ਖ਼ਤਰਨਾਕ ਸੀ, ਪਰ ਕਿਸਾਨਾਂ ਵੱਲੋਂ ਸੜਕਾਂ ’ਤੇ ਬੈਠਣ, ਖਾਸ ਕਰਕੇ ਭਾਜਪਾ ਅਤੇ ‘ਆਪ’ ਆਗੂਆਂ ਦੇ ਘਰਾਂ ਦੇ ਘਿਰਾਓ ਕਰਨ ਕਰਕੇ ਇਨ੍ਹਾਂ ਹਕੂਮਤਾਂ ਨੂੰ ਝੁਕਣਾ ਪਿਆ ਹੈ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਖੇਤੀ ਖੇਤਰ ਨੂੰ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਲਈ ਸਾਰੀਆਂ ਹੀ ਪਾਰਟੀਆਂ ਆਪਣੀ ਹਿੱਸੇਦਾਰੀ ਪਾ ਰਹੀਆਂ ਹਨ। ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਦੇ ਇਸ਼ਾਰੇ ’ਤੇ ਭਾਰਤੀ ਹਾਕਮ ਅਤੇ ਸੂਬਾ ਸਰਕਾਰਾਂ ਕਿਸਾਨਾਂ ਲਈ ਵੱਡਾ ਖੇਤੀ ਸੰਕਟ ਘੜ ਰਹੀਆਂ ਹਨ। ਮੰਡੀਆਂ ਵਿੱਚ ਨਮੀ ਦੇ ਪੈਮਾਨੇ ਦੇ ਨਾਂ ’ਤੇ ਵੱਡੀਆਂ ਕਾਟਾਂ ਲਾ ਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਧਰਨੇ ਦੇ ਮੋਢੀ ਰਹੇ ਜਥੇਬੰਦਕ ਸਕੱਤਰ ਬਲਰਾਜ ਜੋਸ਼ੀ ਨੇ ਕਿਹਾ ਕਿ ਕਿਸਾਨਾਂ ਨੇ 18 ਦਿਨ ਮੋਤੀ ਮਹਿਲ ਅੱਗੇ ਹੀ ਦਿਨ-ਰਾਤ ਡੇਰੇ ਲਾ ਕੇ ਰੱਖੇ।

Advertisement
Author Image

Advertisement