For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਰੋਹ ਵਿੱਚ ਆਏ ਕਿਸਾਨ; ਕੌਮੀ ਮਾਰਗ ਕੀਤਾ ਜਾਮ

06:23 AM Oct 08, 2024 IST
ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਰੋਹ ਵਿੱਚ ਆਏ ਕਿਸਾਨ  ਕੌਮੀ ਮਾਰਗ ਕੀਤਾ ਜਾਮ
ਕੁਰਾਲੀ ਬਾਈਪਾਸ ’ਤੇ ਕੌਮੀ ਮਾਰਗ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਮਿਹਰ ਸਿੰਘ
ਕੁਰਾਲੀ, 7 ਅਕਤੂਬਰ
ਸ਼ਹਿਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਨੂੰ ਲੈ ਕੇ ਅੱਜ ਰੋਹ ਵਿੱਚ ਆਏ ਕਿਸਾਨਾਂ ਨੇ ਕੁਰਾਲੀ ਬਾਈਪਾਸ ’ਤੇ ਚੱਕਾ ਜਾਮ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੌਮੀ ਮਾਰਗ ’ਤੇ ਲਗਾਏ ਇਸ ਰੋਸ ਧਰਨੇ ਵਿੱਚ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰ ਦੇ ਖ਼ਰੀਦ ਸਬੰਧੀ ਪ੍ਰਬੰਧਾਂ ਦੀ ਨਿਖੇਧੀ ਕੀਤੀ। ਚੱਕਾ ਜਾਮ ਕਾਰਨ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਰਹੀਆਂ। ਹਾਲਾਂਕਿ, ਬਾਅਦ ਵਿੱਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇਰ ਸ਼ਾਮ ਨੂੰ ਕੁਰਾਲੀ ਪੁੱਜੇ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਝੋਨੇ ਦੀ ਖਰੀਦ ਨਿਰਵਿਘਨ ਅਤੇ ਸੁਚਾਰੂ ਰੂਪ ਵਿੱਚ ਰੱਖਣ ਦਾ ਭਰੋਸਾ ਦਿੱਤਾ। ਉਧਰ, ਰੂਪਨਗਰ ਜ਼ਿਲ੍ਹੇ ਵਿੱਚ ਵੀ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਅਨੁਸਾਰ ਅੱਜ ਕਿਸਾਨ ਜਥੇਬੰਦੀਆਂ ਦਾ ਇਕੱਠ ਸ਼ਹਿਰ ਦੀ ਅਨਾਜ ਮੰਡੀ ਵਿੱਚ ਹੋਇਆ। ਇਸ ਦੌਰਾਨ ਮੰਡੀ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਕੁਰਾਲੀ ਬਾਈਪਾਸ ਉਤੇ ਧਰਨਾ ਲਗਾ ਕੇ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ ਗਿਆ। ਚੱਕਾ ਜਾਮ ਦੌਰਾਨ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਦੀਪ ਸਿੰਘ, ਜਰਨੈਲ ਸਿੰਘ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਹੋਣੀ ਸੀ ਪਰ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ।
ਇਸ ਧਰਨੇ ਦੀ ਸੂਚਨਾ ਮਿਲਦਿਆਂ ਹੀ ਐੱਸਡੀਐੱਮ ਖਰੜ ਗੁਰਮੰਦਰ ਸਿੰਘ, ਤਹਿਸੀਲ ਦਾ ਪੁਨੀਤ ਗੋਇਲ, ਐੱਸਡੀਐੱਮ ਮੋਰਿੰਡਾ ਤੇ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪ੍ਰਸ਼ਾਸਨਿਕ ਅਧਿਕਾਰੀ ਕਿਸਾਨ ਆਗੂਆਂ ਨੂੰ ਧਰਨਾ ਚੁੱਕਣ ਸਬੰਧੀ ਵਾਰ-ਵਾਰ ਅਪੀਲਾਂ ਕਰਦੇ ਰਹੇ। ਅਖੀਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਖ਼ਰੀਦ ਸ਼ੁਰੂ ਹੋਣ ਦਾ ਭਰੋਸਾ ਦੇਣ ਉਪਰੰਤ ਹੀ ਧਰਨਾ ਚੁੱਕਿਆ ਗਿਆ।

Advertisement

ਮੁੱਖ ਮੰਤਰੀ ਦੇ ਕਾਫ਼ਲੇ ਦਾ ਰੂਟ ਬਦਲਿਆ

ਚਮਕੌਰ ਸਾਹਿਬ (ਸੰਜੀਵ ਬੱਬੀ): ਕੁਰਾਲੀ ਨੇੜੇ ਕੌਮੀ ਮਾਰਗ ’ਤੇ ਕਿਸਾਨਾਂ ਦੇ ਜਾਮ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਚਮਕੌਰ ਸਾਹਿਬ ਰਾਹੀਂ ਰੂਪਨਗਰ ਵੱਲ ਮੋੜਿਆ ਗਿਆ। ਉਹ ਚੰਡੀਗੜ੍ਹ ਤੋਂ ਰੂਪਨਗਰ ਜਾ ਰਹੇ ਸਨ। ਕੁਰਾਲੀ ਨੇੜੇ ਸੜਕ ਬੰਦ ਹੋਣ ਕਾਰਨ ਪੁਲੀਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਕਾਫਲੇ ਨੂੰ ਚਮਕੌਰ ਸਾਹਿਬ ਰਾਹੀਂ ਰੂਪਨਗਰ ਵੱਲ ਕੱਢਿਆ ਗਿਆ। ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਦੇ ਨਹਿਰ ਪੁਲ ’ਤੇ ਆਪਣੇ ਕਾਫ਼ਲੇ ਨੂੰ ਰੋਕ ਕੇ ਮੌਕੇ ’ਤੇ ਮੌਜੂਦ ਕਿਸਾਨਾਂ, ਟਰੱਕ ਚਾਲਕਾਂ ਅਤੇ ‘ਆਪ’ ਆਗੂਆਂ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਤੋਂ ਝੋਨੇ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ ਅਤੇ ਅਦਾਇਗੀ 12 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਇਸ ਦੌਰਾਨ ਚਮਕੌਰ ਸਾਹਿਬ ਦੇ ਕੌਂਸਲਰ ਭੁਪਿੰਦਰ ਸਿੰਘ ਭੂਰਾ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਚਮਕੌਰ ਸਾਹਿਬ ਨਗਰ ਕੌਂਸਲ ਲਈ ਫੰਡ ਜਾਰੀ ਨਾ ਹੋਣ ਕਾਰਨ ਕੌਂਸਲ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਰੀ ਨਾਲ ਮਿਲ ਰਹੀਆਂ ਹਨ।

Advertisement

ਕਾਂਗਰਸੀ ਕਾਰਕੁਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ

ਬਨੂੜ (ਪੱਤਰ ਪ੍ਰੇਰਕ): ਝੋਨੇ ਦੀ ਸਰਕਾਰੀ ਖ਼ਰੀਦ ਅੱਜ ਸੱਤਵੇਂ ਦਿਨ ਵੀ ਆਰੰਭ ਨਾ ਹੋਣ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਨੇ ਅੱਜ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਅਤੇ ਸਬ-ਤਹਿਸੀਲ ਦੇ ਮੁੱਖ ਗੇਟ ਅੱਗੇ ਧਰਨਾ ਲਾਇਆ। ਇਸ ਮੌਕੇ ਮੰਡੀ ਵਿੱਚ ਦਸ-ਦਸ ਦਿਨਾਂ ਤੋਂ ਝੋਨਾ ਵੇਚਣ ਲਈ ਪਹੁੰਚੇ ਹੋਏ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ੍ਰੀ ਕੰਬੋਜ ਨੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਉਹ ਆਪਣੇ ਸਮਰਥਕਾਂ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਕੌਮੀ ਮਾਰਗ ਉੱਤੇ ਆਵਾਜਾਈ ਠੱਪ ਕਰ ਦੇਣਗੇ। ਇਸ ਦੌਰਾਨ ਬਨੂੜ ਮੰਡੀ ਵਿੱਚ 15 ਹਜ਼ਾਰ ਕੁਇੰਟਲ ਝੋਨਾ ਵਿਕਰੀ ਲਈ ਪਿਆ ਹੈ। ਇਸੇ ਤਰ੍ਹਾਂ ਮਾਣਕਪੁਰ ਅਤੇ ਖੇੜਾ ਗੱਜੂ ਦੀਆਂ ਮੰਡੀਆਂ ਤੇ ਜਲਾਲਪੁਰ ਅਤੇ ਖੇੜੀ ਗੁਰਨਾ ਦੇ ਖ਼ਰੀਦ ਕੇਂਦਰਾਂ ਵਿੱਚ ਵੀ ਵੱਡੀ ਮਿਕਦਾਰ ਵਿੱਚ ਝੋਨਾ ਆ ਚੁੱਕਾ ਹੈ। ਆੜ੍ਹਤੀਆਂ ਤੇ ਸ਼ੈੱਲਰਾਂ ਦੀ ਹੜਤਾਲ ਕਾਰਨ ਕਿਸੇ ਵੀ ਮੰਡੀ ਵਿੱਚ ਸਰਕਾਰੀ ਖ਼ਰੀਦ ਆਰੰਭ ਨਹੀਂ ਹੋ ਸਕੀ ਹੈ। ਕਿਸਾਨਾਂ ਵਿੱਚ ਖ਼ਰੀਦ ਆਰੰਭ ਨਾ ਹੋਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖ਼ਰੀਦ ਕਰਨ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਬਨੂੜ ਖੇਤਰ ਵਿੱਚ ਝੋਨਾ ਅਗੇਤਾ ਆਉਣ ਕਾਰਨ ਕਿਸਾਨ ਪੰਦਰਾਂ-ਪੰਦਰਾਂ ਦਿਨਾਂ ਤੋਂ ਮੰਡੀ ਵਿੱਚ ਬੈਠੇ ਹਨ।

ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰਨ ’ਚ ਸਰਕਾਰ ਨਾਕਾਮ: ਚੰਦੂਮਾਜਰਾ

ਮੁਹਾਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਝੋਨੇ ਦੀ ਖ਼ਰੀਦ ਪ੍ਰਬੰਧਾਂ ਲਈ ਸਰਕਾਰ ਅਵੇਸਲੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੇ ਰੱਖ-ਰਖਾਓ ਲਈ ਵੱਡੀ ਸਮੱਸਿਆ ਸਾਹਮਣੇ ਖੜ੍ਹੀ ਹੈ ਕਿਉਂ ਕਿ ਪਿਛਲੇ ਸਾਲ ਦਾ ਕਰੀਬ ਪੰਜ ਲੱਖ ਮੀਟਰਿਕ ਟਨ ਚਾਵਲ ਹਾਲੇ ਤੱਕ ਚੁੱਕੇ ਜਾਣ ਕਾਰਨ ਸ਼ੈਲਰ ਮਾਲਕਾਂ ਵਿੱਚ ਬੇਚੈਨੀ ਹੈ। ਅੱਜ ਇੱਥੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖ਼ਰੀਦ ਦੇ ਪੁਖ਼ਤਾ ਪ੍ਰਬੰਧਾਂ ਲਈ ਮੁੱਖ ਮੰਤਰੀ ਅਤੇ ਨਾ ਹੀ ਕਿਸੇ ਵਜ਼ੀਰ ਨੇ ਦਿੱਲੀ ਜਾ ਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।

Advertisement
Author Image

Advertisement