ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕੈਬਨਿਟ ਮੰਤਰੀ ਬੈਂਸ ਦੇ ਕਾਫ਼ਲੇ ਅੱਗੇ ਨਾਅਰੇਬਾਜ਼ੀ
ਸਰਬਜੀਤ ਗਿੱਲ
ਫਿਲੌਰ, 20 ਜੁਲਾਈ
ਇਲਾਕੇ ਨੂੰ ਹੜ੍ਹ ਤੋਂ ਬਚਾਉਣ ਲਈ ਸਥਾਨਕ ਐਸਡੀਐਮ ਦਫ਼ਤਰ ਅੱਗੇ ਲਗਾਏ ਧਰਨੇ ਦੌਰਾਨ ਐਸਡੀਐਮ ਫਿਲੌਰ ਕੋਲੋਂ ਸਮੇਂ ਦੀ ਮੰਗ ਕੀਤੀ ਗਈ। ਸਮਾਂ ਨਾ ਮਿਲਣ ‘ਤੇ ਧਰਨਾਕਾਰੀ ਜੀਟੀ ਰੋਡ ਜਾਮ ਕਰਨ ਲਈ ਜਾਣ ਲੱਗੇ। ਇਸ ਦੌਰਾਨ ਪਤਾ ਲੱਗਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲੜਕਿਆਂ ਦੇ ਸਕੂਲ ਪੁੱਜੇ ਹੋਏ ਹਨ। ਬੈਂਸ ਦੇ ਧਿਆਨ ‘ਚ ਸਾਰਾ ਮਾਮਲਾ ਲਿਆਉਣ ਲਈ ਕਾਫਲਾ ਜਿਵੇਂ ਹੀ ਅੱਗੇ ਵਧਿਆ ਤਾਂ ਕੁੱਝ ਕਿਸਾਨਾਂ ਨੇ ਗੱਡੀਆਂ ਅੱਗੇ ਨਾਅਰੇਬਾਜ਼ੀ ਕਰਕੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਅਸਫਲ ਬਣਾਉਂਦਿਆ ਕੈਬਨਿਟ ਮੰਤਰੀ ਬੈਂਸ ਉਥੋਂ ਚਲੇ ਗਏ।
ਅੱਜ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪਹਿਲਾ ਐਸਡੀਐਮ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਇਨ੍ਹਾਂ ਧਰਨਾਕਾਰੀ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਨਾ ਹੀ ਹੜ੍ਹਾਂ ਤੋਂ ਪਹਿਲਾਂ ਬੰਨ੍ਹ ਠੀਕ ਕੀਤੇ ਗਏ। ਆਗੂਆਂ ਨੇ ਕਿਹਾ ਕਿ ਹਾਲੇ ਵੀ ਖਤਰੇ ਟਲੇ ਨਹੀਂ ਹਨ। ਬੰਨ੍ਹ ਬਚਾਓ ਸੰਘਰਸ਼ ਕਮੇਟੀ ਦਾ ਗਠਨ ਕਰਕੇ ਲਗਾਏ ਇਸ ਧਰਨੇ ’ਚ ਬੇਟ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਪਿਛਲੇ ਕਈ ਸਾਲਾਂ ਤੋਂ ਕਿਤੇ ਵੀ ਪੱਥਰ ਲਗਾ ਕੇ ਬੰਨ੍ਹ ਨੂੰ ਪੱਕਾ ਨਹੀਂ ਕੀਤਾ ਗਿਆ, ਸਗੋਂ ਰੇਤੇ ਨਾਲ ਭਰੇ ਬੋਰੇ ਨਾਲ ਹੀ ਬੰਨ੍ਹ ਪੱਕੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਪਾਣੀ ਆਉਣ ਨਾਲ ਰੇਤਾ ਖੁਰ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਆਗੂ ਸਿਰਫ ਫ਼ੋਟੋ ਖਿਚਵਾਉਣ ਹੀ ਆਉਂਦੇ ਹਨ ਅਤੇ ਫ਼ੋਟੋ ਖਿਚਵਾ ਕੇ ਵਾਪਸ ਚਲੇ ਜਾਂਦੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਬੰਨ੍ਹ ਪੱਕਾ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਹੜ੍ਹਾਂ ਲਈ ਕਦੇ ਕੁਦਰਤ ਦਾ ਨਾਮ ਲਿਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਇਸ ‘ਚ ਵੱਡਾ ਦੋਸ਼ ਵਿਕਾਸ ਮਾਡਲ ਦਾ ਹੈ ਅਤੇ ਕੁਦਰਤੀ ਖਜ਼ਾਨੇ ਲੁੱਟਣ ਵਾਲਿਆਂ ਦਾ ਹੈ।
ਐਸਡੀਐਮ ਦਫ਼ਤਰ ਅੱਗੇ ਲਗਾਏ ਧਰਨੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਸੁਰਜੀਤ ਸਿੰਘ ਸਮਰਾ, ਗੁਰਨਾਮ ਸਿੰਘ ਤੱਗੜ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਘੁੱਗਸ਼ੋਰ, ਹੰਸ ਰਾਜ ਪੱਬਵਾ, ਚੰਨਣ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕੈਬਨਿਟ ਮੰਤਰੀ ਨਾਲ ਗੱਲਬਾਤ ਨਾ ਹੋ ਸਕਣ ਕਾਰਨ ਸਥਾਨਕ ਸਕੂਲ ਦੇ ਅੰਦਰ ਹੀ ਆਪ ਦੇ ਹਲਕਾ ਇਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਗੱਡੀ ਅੱਗੇ ਧਰਨਾ ਲਗਾ ਦਿੱਤਾ। ਮਗਰੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਲੋਕਾਂ ਦੀ ਗੱਲ ਸੁਣੀ ਅਤੇ ਯਕੀਨ ਦਿਵਾਇਆ ਕਿ ਬੰਨ੍ਹ ਪੱਥਰ ਲਗਾ ਕੇ ਹੀ ਪੱਕਾ ਕੀਤਾ ਜਾਵੇਗਾ ਅਤੇ ਜਿਥੋਂ ਪਾਣੀ ਦੇ ਲੰਘਣ ਦਾ ਰਸਤਾ ਭੀੜਾ ਹੁੰਦਾ ਹੈ, ਉਥੋਂ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਜਿਸ ‘ਤੇ ਧਰਨਾਕਾਰੀ ਸ਼ਾਂਤ ਹੋਏ ਅਤੇ ਧਰਨਾ ਸਮਾਪਤ ਕੀਤਾ।