For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਤੇ ਮਜ਼ਦੂਰਾਂ ਨੇ ਖੁੱਡੀਆਂ ਦੇ ਪੁੱਤਰ ਨੂੰ ਘੇਰਿਆ

10:40 AM May 19, 2024 IST
ਕਿਸਾਨਾਂ ਤੇ ਮਜ਼ਦੂਰਾਂ ਨੇ ਖੁੱਡੀਆਂ ਦੇ ਪੁੱਤਰ ਨੂੰ ਘੇਰਿਆ
ਲੰਬੀ ਵਿੱਚ ਅਮੀਤ ਖੁੱਡੀਆਂ ਤੋਂ ਸਵਾਲ ਪੁੱਛਦੇ ਹੋਏ ਕਿਸਾਨ ਤੇ ਮਜ਼ਦੂਰ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 18 ਮਈ
ਗੜਿਆਂ ਨਾਲ ਫਸਲੀ ਨੁਕਸਾਨ ਦੇ ਪੰਜਾਬ ਸਰਕਾਰ ਵੱਲੋਂ ਤਾਜ਼ਾ ਜਾਰੀ ਕੀਤੇ ਗਏ 15 ਕਰੋੜ ਦੇ ਮੁਆਵਜ਼ੇ ਵਿੱਚੋਂ ਖੇਤ ਮਜ਼ਦੂਰਾਂ ਨੂੰ ਦਰਕਿਨਾਰ ਕੀਤੇ ਜਾਣ ਕਾਰਨ ਸੂੁਬਾ ਸਰਕਾਰ ਨੇ ਨਵੀਂ ਜਥੇਬੰਦਕ ਮੁਸੀਬਤ ਸਹੇੜ ਲਈ ਹੈ। ਜਿਸ ਦਾ ਅਸਰ ‘ਆਪ’ ਉਮੀਦਵਾਰਾਂ ਦੇ ਚੋਣ ਮੁਹਿੰਮ ਮੌਕੇ ਦਿਖਣਾ ਸ਼ੁਰੂ ਹੋ ਗਿਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਲੜਕੇ ਅਮੀਤ ਖੁੱਡੀਆਂ ਨੂੰ ਅੱਜ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿੱਚ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ, ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘੇਵਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੇ ਖੇਤੀਬਾੜੀ ਮੰਤਰੀ ਦੇ ਲੜਕੇ ਨੂੰ ‘ਆਪ’ ਸਰਕਾਰ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਅਤੇ ਅਮਲਾਂ ਬਾਰੇ ਸੁਆਲਾਂ ਦੀ ਝੜੀ ਲਗਾ ਦਿੱਤੀ। ਮੰਤਰੀ ਦੇ ਲੜਕੇ ਨੂੰ ਨਵੀਂ ਖੇਤੀ ਨੀਤੀ ਅਮਲ ’ਚ ਨਾ ਲਿਆਉਣ ਅਤੇ ਮੋਦੀ ਸਰਕਾਰ ਦੀ ਤਰਜ਼ ’ਤੇ 26 ਦਾਣਾ ਮੰਡੀਆਂ ਖ਼ਤਮ ਕਰਨ ਦੇ ਫੈਸਲੇ ਬਾਰੇ ਜਵਾਬਤਲਬੀ ਕੀਤੀ ਗਈ। ਗੁਰਪਾਸ਼ ਸਿੰਘੇਵਾਲਾ ਤੇ ਕਾਲਾ ਸਿੰਘ ਨੇ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗਾਂ ਲਈ ਸਮਾਂ ਦੇ ਕੇ ਮੁੱਕਰਨ, ‘ਆਪ’ ਸਰਕਾਰ ਵੱਲੋਂ ਲੰਬੀ ਤਹਿਸੀਲ ’ਚ ਫਸਲਾਂ ਦਾ ਮੁਆਵਜ਼ਾ ਮੰਗਦੇ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਅਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ ਸਬੰਧੀ ਕੋਈ ਕਦਮ ਨਾ ਚੁੱਕਣ ’ਤੇ ਸਖ਼ਤ ਰੋਸ ਜ਼ਾਹਰ ਕੀਤਾ। ਕਾਲਾ ਸਿੰਘ ਨੇ ਆਖਿਆ ਕਿ ਖੇਤੀ ਮੰਤਰੀ ਦਾ ਲੜਕਾ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਸ਼ਬਦੀ ਅਫਸੋਸ ਜ਼ਾਹਿਰ ਕਰਕੇ ਸਫ਼ਾਈ ਪੇਸ਼ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement