For the best experience, open
https://m.punjabitribuneonline.com
on your mobile browser.
Advertisement

ਪ੍ਰੀਪੇਡ ਮੀਟਰ ਲਾਉਣ ਖ਼ਿਲਾਫ਼ ਡਟੇ ਕਿਸਾਨ ਤੇ ਮਜ਼ਦੂਰ

08:39 PM Jun 23, 2023 IST
ਪ੍ਰੀਪੇਡ ਮੀਟਰ ਲਾਉਣ ਖ਼ਿਲਾਫ਼ ਡਟੇ ਕਿਸਾਨ ਤੇ ਮਜ਼ਦੂਰ
Advertisement

ਦਿਲਬਾਗ ਸਿੰਘ ਗਿੱਲ

Advertisement

ਅਟਾਰੀ, 8 ਜੂਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਪੰਜਾਬ ਦੇ ਸਬ ਡਿਵੀਜ਼ਨ ਪੱਧਰ ‘ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਪੱਧਰੀ ਧਰਨਿਆਂ ਦੇ ਸੱਦੇ ‘ਤੇ ਸਬ ਡਿਵੀਜ਼ਨ ਅਟਾਰੀ ਤੇ ਖਾਸਾ ਵਿਖੇ ਧਰਨੇ ਦਿੱਤੇ ਗਏ ਜਿਸ ਵਿੱਚ ਕੁਲਵੰਤ ਸਿੰਘ ਰਾਜਾਤਾਲ ਜ਼ੋਨ ਪ੍ਰਧਾਨ, ਗੁਰਭੇਜ ਸਿੰਘ ਜਠੌਲ ਸਕੱਤਰ, ਨਿਰਮਲ ਸਿੰਘ ਨੂਰਪੁਰ, ਸੁਖਵਿੰਦਰ ਸਿੰਘ ਕੋਲੋਵਾਲ ਜ਼ੋਨ ਪ੍ਰਧਾਨ ਅਤੇ ਜਸਬੀਰ ਸਿੰਘ ਬਹਿੜਵਾਲ ਦੀ ਅਗਵਾਈ ਹੇਠ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਜੋਗਾ ਸਿੰਘ ਖਾਹਰੇ, ਕਾਬਲ ਸਿੰਘ ਮੁਹਾਵਾ, ਗੁਰਵਿੰਦਰ ਸਿੰਘ ਭਰੋਭਾਲ ਤੇ ਮੁਖਵਿੰਦਰ ਸਿੰਘ ਕੋਲੋਵਾਲ ਨੇ ਕਿਹਾ ਕਿ ਬਿਜਲੀ ਬੋਰਡ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਪ੍ਰੀਪੇਡ/ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਬਿਜਲੀ ਐਕਟ 2023 ਅਤੇ ਬਿਜਲੀ ਵੰਡ ਸੋਧ ਕਾਨੂੰਨ 2022 ਅਤੇ ਫਿਊਲ ‘ਤੇ ਪ੍ਰਚੇਜ਼ ਐਡਜਸਟਮੈਂਟ ਵਿੱਚ ਸਟੈਂਡਿੰਗ ਕਮੇਟੀ ਕੋਲ ਪਈ ਫਾਈਲ ਰੱਦ ਕੀਤੀ ਜਾਵੇ।

ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਵਲੋਂ ਕਿਸਾਨਾਂ ਦੇ ਬਿਜਲੀ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਅੱਜ ਜ਼ਿਲ੍ਹੇ ਅੰਦਰ ਪਾਵਰਕੌਮ ਦੇ ਵੱਖ ਵੱਖ ਉੱਪ ਮੰਡਲ ਦਫਤਰਾਂ ਸਾਹਮਣੇ ਧਰਨੇ ਦਿੱਤੇ ਗਏ| ਆਗੂਆਂ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਕਿਸਾਨਾਂ ਦੇ ਮਸਲਿਆਂ ਦੇ ਤੁਰੰਤ ਹੱਲ ਕੀਤੇ ਜਾਣ ‘ਤੇ ਜ਼ੋਰ ਦਿੱਤਾ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਅੱਜ ਇਥੇ ਦੱਸਿਆ ਕਿ ਜਥੇਬੰਦੀ ਦੀਆਂ ਜ਼ੋਨ ਇਕਾਈਆਂ ਵਲੋਂ ਤਰਨ ਤਾਰਨ ਫੋਕਲ ਪੁਆਇੰਟ, ਝਬਾਲ, ਗੋਹਲਵੜ੍ਹ, ਅਮਾਨਤ ਖਾਂ, ਸੁਰਸਿੰਘ, ਖਡੂਰ ਸਾਹਿਬ, ਨਾਗੋਕੇ, ਨੌਸ਼ਹਿਰਾ ਪੰਨੂਆਂ, ਸਰਹਾਲੀ, ਹਰੀਕੇ, ਕੈਰੋਂ, ਖਾਲੜਾ ਅਤੇ ਅਮਰਕੋਟ ਦੇ ਉੱਪ ਮੰਡਲ ਦਫਤਰਾਂ ਸਾਹਮਣੇ ਦਿਨ ਭਰ ਲਈ ਧਰਨੇ ਦਿੱਤੇ ਗਏ| ਉਨ੍ਹਾਂ ਦੱਸਿਆ ਧਰਨਿਆਂ ਵਿੱਚ ਇਕੱਠੇ ਹੋਏ ਕਿਸਾਨਾਂndash;ਮਜਦੂਰਾਂ ਨੂੰ ਜਿਲ੍ਹਾ ਕੋਰ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਸ਼ਕਰੀ, ਫਤਿਹ ਸਿੰਘ ਪਿੱਦੀ, ਜਰਨੈਲ ਸਿੰਘ ਨੂਰਦੀ, ਧੰਨਾ ਸਿੰਘ ਲਾਲੂਘੁੰਮਣ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਚੋਹਲਾ, ਦਿਆਲ ਸਿੰਘ ਮੀਆਂਵਿੰਡ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ|

ਗੁਰਦਾਸਪੁਰ (ਪੱਤਰ ਪ੍ਰੇਰਕ): ਬਿਜਲੀ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਬੀਕੇਯੂ ਏਕਤਾ ਦੀਆਂ ਇਕਾਈਆਂ ਵੱਲੋਂ ਪਾਵਰਕੌਮ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ। ਇਸ ਮੌਕੇ ਧਰਨਾਕਾਰੀਆਂ ਨੇ ਪ੍ਰਦਰਸ਼ਨ ਵੀ ਕੀਤਾ। ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜਪਿੰਡੀ, ਸਤਨਾਮ ਸਿੰਘ, ਹਰਵਿੰਦਰ ਸਿੰਘ ਮੱਲੀ, ਸੁਖਦੇਵ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਧਰਨੇ ਬਿਜਲੀ ਐਕਟ 2003 ਰੱਦ ਕਰਾਉਣ, ਚਿੱਪ ਵਾਲੇ ਮੀਟਰ ਨਾ ਲੱਗਣ ਦੇਣ, ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਬ ਡਿਵੀਜ਼ਨਾਂ ‘ਚ ਸਾਮਾਨ ਦੀ ਘਾਟ ਦੂਰ ਕਰਨ ਅਤੇ ਠੇਕੇਦਾਰੀ ਸਿਸਟਮ ਬੰਦ ਕਰਨ ਨੂੰ ਲੈ ਕੇ ਵੱਖ-ਵੱਖ ਥਾਵਾਂ ਉੱਤੇ ਦਿੱਤੇ ਗਏ।

ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਝੋਨੇ ਦੀ ਬਿਜਾਈ 10 ਜੂਨ ਤੋਂ ਕਰਵਾਉਣ ਅਤੇ ਬਿਜਲੀ ਦੀ ਸਪਲਾਈ 16 ਘੰਟੇ ਨਿਰਵਿਘਨ ਦੇਣ ਦੀ ਮੰਗ ਨੂੰ ਲੈ ਕੇ ਪਾਵਰਕੌਮ ਢੰਡੋਵਾਲ (ਸ਼ਾਹਕੋਟ) ਵਿਖੇ ਗੁਰਮੇਲ ਸਿੰਘ ਰੇੜ੍ਹਵਾਂ ਤੇ ਨਿਰਮਲ ਸਿੰਘ ਢੰਡੋਵਾਲ ਦੀ ਪ੍ਰਧਾਨਗੀ ਹੇਠ ਲੋਹੀਆਂ ਖਾਸ ਵਿਖੇ ਸਲਵਿੰਦਰ ਸਿੰਘ ਜਾਣੀਆਂ ਤੇ ਸਤਨਾਮ ਸਿੰਘ ਰਾਈਵਾਲ ਦੀ ਪ੍ਰਧਾਨਗੀ ਹੇਠ ਅਤੇ ਮੱਲੀਆਂ ਕਲਾਂ ਵਿਖੇ ਰਣਜੀਤ ਸਿੰਘ ਬੱਲ ਨੌ ਤੇ ਜਿੰਦਰ ਸਿੰਘ ਈਦਾ ਦੀ ਪ੍ਰਧਾਨਗੀ ਹੇਠ ਧਰਨੇ ਲਗਾਏ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਪਾਵਰਕੌਮ ਨੂੰ ਨਿਰੋਲ ਨਿਜੀ ਕੰਪਨੀਆਂ ਹਵਾਲੇ ਕਰਕੇ ਗਰੀਬਾਂ ਦੇ ਘਰਾਂ ਵਿਚ ਹਨੇਰਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਵਿਚ ਚਿੱਪ ਵਾਲੇ ਮੀਟਰ ਲਗਾ ਕੇ ਸਰਕਾਰਾਂ ਨਿਜੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰੋਂ ਉੱਪਰ ਐਮ.ਐਸ.ਪੀ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਹਰਿਆਣਾ ਦੇ ਕਿਸਾਨਾਂ ਉੱਪਰ ਲਾਠੀਚਾਰਜ ਕਰਕੇ ਅਤੇ ਕਿਸਾਨਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।

ਧਾਰੀਵਾਲ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸਠਿਆਲੀ ਦੇ ਆਗੂਆਂ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ ਮਜ਼ਦੂਰਾਂ/ਖਪਤਕਾਰਾਂ ਵਲੋਂ ਅੱਜ ਪ੍ਰੀਪੇਡ/ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ ਪਾਵਰਕੌਮ ਸਬ ਡਿਵੀਜ਼ਨ ਡੇਹਰੀਵਾਲ ਦਰੋਗਾ ਦਫਤਰ ਅੱਗੇ ਲਗਪਗ 5 ਘੰਟੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਗੁਰਮੁੱਖ ਸਿੰਘ ਖਾਨਮਲੱਕ, ਸਕੱਤਰ ਅਨੂਪ ਸਿੰਘ ਬਲੱਗਣ, ਪ੍ਰੈਸ ਸਕੱਤਰ ਹਰਚਰਨ ਸਿੰਘ ਧਾਰੀਵਾਲ ਕਲਾਂ, ਸਤਨਾਮ ਸਿੰਘ ਖਾਨਮਲੱਕ ਨੇ ਚਿੱਪ ਵਾਲੇ ਮੀਟਰ ਲਗਾਉਣ ਦੀ ਪਾਲਸੀ ਦਾ ਸਖਤ ਵਿਰੋਧ ਕੀਤਾ।

ਸਬ-ਸਟੇਸ਼ਨ ਫਤਿਆਬਾਦ ਅਤੇ ਖਡੂਰ ਸਾਹਿਬ ਦਾ ਘਿਰਾਓ

ਗੋਇੰਦਵਾਲ ਵਿੱਚ ਰੋਸ ਜਤਾਉਂਦੇ ਹੋਏ ਕਿਸਾਨ।

ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਟਾਂਡਾ ਵੱਲੋਂ ਪਾਵਰਕੌਮ ਦੇ ਸਬ ਸਟੇਸ਼ਨ ਫਤਿਆਬਾਦ ਅਤੇ ਖਡੂਰ ਸਾਹਿਬ ਦੇ ਐਸਡੀਓ ਦਫ਼ਤਰ ਦਾ ਘਿਰਾਓ ਕੀਤਾ ਗਿਆ। ਸਬ ਸਟੇਸ਼ਨ ਫਤਿਆਬਾਦ ਵਿਖੇ ਕਲਵੰਤ ਸਿੰਘ ਭੈਲ, ਕੁਲਦੀਪ ਸਿੰਘ ਵਈਪੁਈ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪਾਵਰਕੌਮ ਮਹਿਕਮਾ ਖਪਤਕਾਰਾਂ ਦੇ ਜੋ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਦੀ ਤਿਆਰੀ ਕਰ ਰਿਹਾ ਹੈ ਉਸ ਤਿਆਰੀ ਨੂੰ ਸੰਘਰਸ਼ੀ ਲੋਕ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਣਗੇ।

Advertisement
Advertisement
Advertisement
×