ਕਿਸਾਨਾਂ ਤੇ ਮਜ਼ਦੂਰਾਂ ਨੇ ਚਿੱਪ ਵਾਲੇ ਮੀਟਰ ਲਾਹੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਅਗਸਤ
ਇਲਾਕੇ ’ਚ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦਾ ਵਿਰੋਧ ਜਾਰੀ ਹੈ। ਇਸੇ ਲੜੀ ’ਚ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੇ 21 ਮੀਟਰ ਲਾਹ ਕੇ ਪਾਵਰਕੌਮ ਨੂੰ ਮੋੜੇ ਹਨ। ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਿੰਡ ਰਸੂਲਪੁਰ ਵਾਸੀਆਂ ਨੂੰ ਨਾਲ ਲੈ ਕੇ ਪਾਵਰਕੌਮ ਦੇ ਸਬ ਡਿਵੀਜ਼ਨ ਦਫ਼ਤਰ ਰੂਮੀ ਵਿੱਚ ਪਹੁੰਚੇ। ਇਥੇ ਪਹਿਲਾਂ ਦਫ਼ਤਰ ਦੇ ਬਾਹਰ ਲਾਹੇ ਹੋਏ ਮੀਟਰ ਰੱਖ ਕੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਲਾਹੇ ਹੋਏ ਸਮਾਰਟ ਬਿਜਲੀ ਮੀਟਰ ਅਧਿਕਾਰੀ ਹਵਾਲੇ ਕੀਤੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਇਨ੍ਹਾਂ ਮੀਟਰਾਂ ਦਾ ਪਿੰਡ-ਪਿੰਡ ਵਿਰੋਧ ਜਾਰੀ ਰਹੇਗਾ ਅਤੇ ਮੀਟਰ ਲਾਉਣ ਵਾਲੇ ਮੁਲਾਜ਼ਮ ਬੇਰੰਗ ਮੋੜੇ ਜਾਣਗੇ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ, ਬੀਕੇਯੂ (ਡਕੌਂਦਾ) ਦੇ ਸਤਿੰਦਰਪਾਲ ਸਿੰਘ ਅਤੇ ਸਰਗੁਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਕਾਰਗੁਜ਼ਾਰੀ ਤੋਂ ਪੰਜਾਬੀ ਬਹੁਤ ਨਾਰਾਜ਼ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਮੋਦੀ ਹਕੂਮਤ ਦੇ ਬਿਜਲੀ ਸੋਧ ਬਿੱਲ 2020 ਨੂੰ ਲਾਗੂ ਕਰ ਕਰਵਾ ਰਹੀ ਹੈ। ਇਕੱਤਰਤਾ ਨੇ ਪੰਜਾਬ ਸਰਕਾਰ ਤੋਂ ਲਾਏ ਗਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਨੂੰ ਲਾਹੁਣ ਅਤੇ ਅੱਗੇ ਤੋਂ ਅਜਿਹੇ ਮੀਟਰ ਨਾ ਲਾਉਣ ਦੀ ਮੰਗ ਕੀਤੀ। ਇਸ ਮੌਕੇ ਅਜੈਬ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਪ੍ਰਿਤਪਾਲ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।