ਸੁਖਾਵੇਂ ਹਿੰਦ-ਪਾਕਿ ਸਬੰਧਾਂ ਲਈ ਕਿਸਾਨਾਂ ਤੇ ਬੁੱਧੀਜੀਵੀਆਂ ਨੇ ਸੁਝਾਅ ਦਿੱਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਸਤੰਬਰ
ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ ਅਤੇ ਹੋਰ ਜਥੇਬੰਦੀਆਂ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸੁਖਾਵੇਂ ਸਬੰਧਾਂ ਨੂੰ ਭਵਿੱਖ ਵਿੱਚ ਹੋਰ ਬਿਹਤਰ ਬਣਾਉਣ ਲਈ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਬੁੱਧੀਜੀਵੀਆਂ, ਕਿਸਾਨ ਆਗੂਆਂ, ਲੇਖਕਾਂ ਅਤੇ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ।
ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਬੀਤੇ ਕੱਲ੍ਹ ਹੋਈ ਮੀਟਿੰਗ ’ਚ ਸ਼ਾਮਿਲ ਕਿਸਾਨ ਯੂਨੀਅਨਾਂ ਦੇ ਆਗੂਆਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਈ ਸੁਝਾਅ ਦਿੱਤੇ ਗਏ, ਉਪਰੰਤ ਸ੍ਰੀ ਮਾਣਕ ਨੇ ਕਿਹਾ ਕਿ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਉਹ ਬੀਤੇ 29 ਸਾਲ ਤੋਂ ਹਿੰਦ-ਪਾਕਿ ਮਿੱਤਰਤਾ ਲਈ ਯਤਨ ਕਰ ਰਹੇ ਹਨ। ਅਟਾਰੀ ਸਰਹੱਦ ਰਸਤੇ ਵਪਾਰ ਸ਼ੁਰੂ ਕਰਨ ਲਈ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕਰ ਰਹੇ ਹਨ। ਪੰਜਾਬ ਦੇ ਲੋਕ ਵੀ ਅਟਾਰੀ ਵਾਹਗਾ ਰਸਤੇ ਵਪਾਰ ਸ਼ੁਰੂ ਕਰਨ ਦੀ ਮੰਗ ਕਰ ਰਹੇ ਪਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ, ਵੱਖਵਾਦੀ ਅਤੇ ਫ਼ਿਰਕੂ ਤਾਕਤਾਂ ਅਜਿਹਾ ਨਹੀਂ ਚਾਹੁੰਦੀਆਂ। ਜਦੋਂ ਵੀ ਅਮਨ ਦੀ ਗੱਲ ਤੁਰਦੀ ਹੈ ਤਾਂ ਅਜਿਹੀਆਂ ਤਾਕਤਾਂ ਇਸ ਵਿੱਚ ਰੋੜਾ ਅਟਕਾ ਦਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਜੇਕਰ ਅਤਿਵਾਦੀ ਅਤੇ ਵੱਖਵਾਦੀਆਂ ’ਤੇ ਕਾਬੂ ਕਰ ਲੈਣ ਤਾਂ ਦੋਵੇਂ ਮੁਲਕਾਂ ਦੇ ਸਬੰਧ ਸੁਖਾਵੇਂ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਟਾਰੀ ਵਾਹਗਾ ਰਸਤੇ ਮੁੜ ਵਪਾਰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਅਤੇ ਦੋਵੇ ਮੁਲਕ ਦੇ ਲੇਖਕਾਂ, ਕਲਾਕਾਰਾਂ ਤੇ ਲੋਕਾਂ ਨੂੰ ਇਕ ਦੂਸਰੇ ਦੇ ਮੁਲਕ ਆਉਣ ਜਾਣ ਲਈ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਹਨ।
ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਹਿੰਦ-ਪਾਕਿ ਦੋਸਤੀ ਲਈ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਯਤਨ ਹੋਰ ਤੇਜ਼ ਕੀਤੇ ਜਾਣਗੇ। ਇਸ ਦੌਰਾਨ ਜਸਵੰਤ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਆਗੂ ਸ਼ਾਮਲ ਹੋਏ।