For the best experience, open
https://m.punjabitribuneonline.com
on your mobile browser.
Advertisement

ਨੁਸ਼ਿਹਰਾ ਪੱਤਣ ਮੰਡੀ ’ਚ ਬਾਰਦਾਨਾ ਨਾ ਆਉਣ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ

10:36 AM Nov 09, 2024 IST
ਨੁਸ਼ਿਹਰਾ ਪੱਤਣ ਮੰਡੀ ’ਚ ਬਾਰਦਾਨਾ ਨਾ ਆਉਣ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ
ਮੰਡੀ ਵਿੱਚ ਸੜਕ ਕਿਨਾਰੇ ਤਰਪਾਲ ’ਤੇ ਫ਼ਸਲ ਉਤਾਰਦੇ ਹੋਏ ਮਜ਼ਦੂਰ।
Advertisement

ਜਗਜੀਤ ਸਿੰਘ
ਮੁਕੇਰੀਆਂ, 8 ਨਵੰਬਰ
ਇੱਥੋਂ ਦੀ ਨੁਸ਼ਿਹਰਾ ਪੱਤਣ ਮੰਡੀ ਵਿੱਚ ਪਿਛਲੇ ਕਰੀਬ ਪੰਜ ਦਿਨਾਂ ਤੋਂ ਬਾਰਦਾਨਾ ਨਾ ਪੁੱਜਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲ ਝੱਲਣੀ ਪੈ ਰਹੀ ਹੈ। ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਕਿਸਾਨਾਂ ਨੂੰ ਬਾਰਿਸ਼ ਦਾ ਡਰ ਸਤਾਉਣ ਲੱਗਾ ਹੈ। ਮੰਡੀ ਵਿੱਚ ਪੁੱਜੀ ਫਸਲ ਦੀ ਭਰਾਈ ਨਾ ਹੋਣ ਕਾਰਨ ਕਿਸਾਨ ਆਪਣੀਆਂ ਢੇਰੀਆਂ ਸੜਕਾਂ ਕੰਢੇ ਤਰਪਾਲਾਂ ਉੱਤੇ ਲਗਾਉਣ ਲਈ ਮਜ਼ਬੂਰ ਹਨ।
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਦੱਸਿਆ ਕਿ ਮੁਕੇਰੀਆਂ ਦੀ ਨੁਸ਼ਿਹਰਾ ਪੱਤਣ ਮੰਡੀ ਵਿੱਚ ਐੱਫਸੀਆਈ ਵੱਲੋਂ ਖ਼ਰੀਦ ਕੀਤੀ ਜਾ ਰਹੀ ਹੈ ਤੇ ਕੇਂਦਰੀ ਏਜੰਸੀ ਵਲੋਂ ਸ਼ੁਰੂ ਤੋਂ ਹੀ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਪਹਿਲਾਂ ਵੀ ਦੋ ਵਾਰ ਬਾਰਦਾਨੇ ਦੀ ਘਾਟ ਕਾਰਨ ਆੜ੍ਹਤੀਆਂ ਨੂੰ ਸ਼ੈੱਲਰ ਮਾਲਕਾਂ ਕੋਲੋਂ ਬਾਰਦਾਨਾ ਲੈ ਕੇ ਆਪਣੀ ਭਰਾਈ ਕਰਾਉਣੀ ਪਈ ਸੀ। ਪਰ ਹੁਣ ਕਰੀਬ ਪੰਜ-ਛੇ ਦਿਨ ਤੋਂ ਮੰਡੀ ਵਿੱਚ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਦੀਆਂ ਝੋਨੇ ਦੀਆਂ ਢੇਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਫਸਲ ਦੀ ਰਾਖੀ ਲਈ ਉਹ ਰਾਤਾਂ ਮੰਡੀ ਵਿੱਚ ਕੱਟ ਰਹੇ ਹਨ। ਮੰਡੀ ਵਿੱਚ ਹਾਲੇ ਕਰੀਬ 15-15 ਹਜ਼ਾਰ ਬੋਰੀ ਭਰਾਈ ਹੋਣ ਵਾਲੀ ਪਈ ਹੈ ਅਤੇ ਰੋਜ਼ਾਨਾਂ ਮੰਡੀ ਵਿੱਚ ਝੋਨੇ ਦੀ ਆਮਦ ਹੋ ਰਹੀ ਹੈ।
ਮੰਡੀ ਵਿੱਚ ਆਏ ਕਿਸਾਨ ਜਸਪਾਲ ਸਿੰਘ, ਹਰਵਿੰਦਰ ਸਿੰਘ ਤੇ ਗੁਰਪਾਲ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਮਾਰਕੀਟ ਕਮੇਟੀ ਜਾਂ ਖਰੀਦ ਏਜੰਸੀ ਦੇ ਅਧਿਕਾਰੀਆਂ ਤਾਂ ਬਹੁੜਦੇ ਹੀ ਨਹੀਂ ਹਨ, ਉਤੋਂ ਫੋਨ ਨਹੀਂ ਚੁੱਕਦੇ। ਆੜ੍ਹਤੀਏ ਵਾਰ ਵਾਰ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਮਸਲਾ ਹੱਲ ਨਹੀਂ ਹੋ ਰਿਹਾ। ਕਿਸਾਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਮੌਸਮ ਵਿਗੜਨ ਕਾਰਨ ਫ਼ਸਲ ਖ਼ਰਾਬ ਹੋ ਸਕਦੀ ਹੈ। ਉਧਰ, ਐਫਸੀਆਈ ਦੇ ਜ਼ਿਲ੍ਹਾ ਮੈਨੇਜਰ ਸਤਨਾਮ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਹੇਠਲੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਬਾਰਦਾਨਾ ਮੰਡੀ ਵਿੱਚ ਭੇਜਣ ਲਈ ਆਖਣਗੇ। ਐਫਸੀਆਈ ਦੇ ਇੰਸਪੈਕਟਰ ਨਰਿੰਦਰ ਕੁਮਾਰ ਨੇ ਵਾਰ ਵਾਰ ਕਾਲ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ।

Advertisement

ਮੰਡੀਆਂ ’ਚ ਮਾੜੇ ਪ੍ਰਬੰਧਾਂ ਖ਼ਿਲਾਫ਼ ਪ੍ਰਦਰਸ਼ਨ

ਟਾਂਡਾ (ਸੁਰਿੰਦਰ ਸਿੰਘ ਗੋਰਾਇਆ):

Advertisement

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਲਮਪੁਰ ਅਨਾਜ ਮੰਡੀ ਵਿਖੇ ਝੋਨੇ ਦੇ ਮਾੜੇ ਖ਼ਰੀਦ ਪ੍ਰਬੰਧਾਂ ਅਤੇ ਫ਼ਸਲ ਨੂੰ ਖਰੀਦ ਸਮੇਂ ਲਾਏ ਜਾ ਰਹੇ ਕੱਟਾਂ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣ ਖ਼ਿਲਾਫ਼ 11 ਨਵੰਬਰ ਨੂੰ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਸੰਘਰਸ਼ ਵਿੱਢਿਆ ਜਾਵੇਗਾ।

Advertisement
Author Image

joginder kumar

View all posts

Advertisement