ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਕੇਂਦਰੀ ਬਜਟ ਦਿਸ਼ਾਹੀਣ ਕਰਾਰ

06:22 AM Jul 24, 2024 IST
ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਟੈਲੀਵਿਜ਼ਨ ’ਤੇ ਕੇਂਦਰੀ ਬਜਟ ਦੇਖਦੇ ਹੋੲੋ ਦੁਕਾਨਦਾਰ ਅਤੇ ਹੋਰ। -ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਜੁਲਾਈ
ਕੇਂਦਰੀ ਬਜਟ ਬਾਰੇ ਅੱਜ ਕਿਸਾਨ ਵਰਗ ਨੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਨਿਰਾਸ਼ਾ ਵਾਲਾ ਅਤੇ ਦਿਸ਼ਾਹੀਣ ਬਜਟ ਕਰਾਰ ਦਿੱਤਾ ਹੈ । ਇਸੇ ਤਰ੍ਹਾਂ ਆਮ ਲੋਕਾਂ ਦਾ ਵੀ ਬਜਟ ਬਾਰੇ ਰਲਵਾਂ ਮਿਲਵਾਂ ਹੁੰਗਾਰਾ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਬਾਰੇ ਕਿਸਾਨ ਵਰਗ ਨੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬਜਟ ਵਿੱਚ ਖੇਤੀ ਲਈ ਰੱਖੀ ਗਈ ਰਕਮ ਨਿਗੂਣੀ ਹੈ। ਬਜਟ ਵਿੱਚ ਫਸਲਾਂ ਦੀ ਖਰੀਦ ਸਬੰਧੀ ਐੱਮਐੱਸਪੀ ਗਾਰੰਟੀ ਕਾਨੂੰਨ ਅਤੇ ਕਿਸਾਨ ਕਰਜ਼ਿਆਂ ਨੂੰ ਮੁਆਫ਼ ਕਰਨ ਸਬੰਧੀ ਅਜਿਹਾ ਕੁਝ ਵੀ ਨਹੀਂ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਨੂੰ ਨਿਰਾਸ਼ਾ ਵਾਲਾ ਅਤੇ ਦਿਸ਼ਾਹੀਣ ਬਜਟ ਕਰਾਰ ਦਿੱਤਾ ਹੈ। ਇਸ ਬਜਟ ਨਾਲ ਅਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਨੂੰ ਮੁਕੰਮਲ ਤੌਰ ਤੇ ਅਣਗੌਲਿਆ ਕੀਤਾ ਗਿਆ ਜਦੋਂਕਿ ਦੇਸ਼ ਦਾ ਇੱਕ ਵੱਡਾ ਹਿੱਸਾ ਖੇਤੀ ’ਤੇ ਨਿਰਭਰ ਹੈ।
ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਖੇਤੀ ਲਈ ਰੱਖਿਆ ਗਿਆ 47.65 ਲੱਖ ਕਰੋੜ ਰੁਪਏ ਦਾ ਬਜਟ 140 ਕਰੋੜ ਦੀ ਜਨਸੰਖਿਆ ਦੇ ਆਧਾਰ ’ਤੇ ਨਿਗੁਣਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨਾਲ ਸਬੰਧਤ ਕਾਰੋਬਾਰ ਸਣੇ ਖੇਤੀ ਯੂਨੀਵਰਸਿਟੀਆਂ ਲਈ ਸਿਰਫ ਤਿੰਨ ਫੀਸਦ ਬਜਟ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਲਈ ਘੱਟੋ ਘੱਟ 10 ਫੀਸਦ ਬਜਟ ਵਧਾਇਆ ਜਾਵੇ।
ਸਰਕਾਰੀ ਮੁਲਾਜ਼ਮਾਂ ਨੇ ਪੈਨਸ਼ਨਾਂ ਬਾਰੇ ਕੋਈ ਗੱਲ ਨਾ ਕੀਤੇ ਜਾਣ ਤੇ ਨਰਾਜ਼ਗੀ ਪ੍ਰਗਟਾਈ ਹੈ। ਦਲਬੀਰ ਫਾਊਂਡੇਸ਼ਨ ਦੇ ਗੁਨਬੀਰ ਸਿੰਘ ਨੇ ਆਖਿਆ ਕਿ ਕੇਂਦਰੀ ਬਜਟ ਨੇ ਆਮਦਨ ਕਰ ਸਲੈਬ ਵਿੱਚ ਮੱਧ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ।
ਦੂਜੇ ਪਾਸੇ ਔਰਤ ਵਰਗ ਨੇ ਕੇਂਦਰੀ ਬਜਟ ਵਿੱਚ ਸੋਨੇ ਨੂੰ ਸਸਤਾ ਕਰਨ ਬਾਰੇ ਡਿਊਟੀ ਘਟਾਏ ਜਾਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰੀ ਬਜਟ ਨੂੰ ਵਿਕਾਸ ਮੁਖੀ ਕਰਾਰ ਦਿੱਤਾ। ਬਜਟ ਵਿੱਚ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ ਅਤੇ ਕਿਸਾਨਾਂ ,ਔਰਤਾਂ ਤੇ ਨੌਜਵਾਨਾਂ ਲਈ ਵੱਡੇ ਐਲਾਨ ਕੀਤੇ ਗਏ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਜਟ 140 ਕਰੋੜ ਦੇਸ਼ ਵਾਸੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਬਜਟ ਸਾਬਤ ਹੋਵੇਗਾ ।
ਜਲੰਧਰ (ਨਿੱਜੀ ਪੱਤਰ ਪ੍ਰੇਰਕ) : ਕੇਂਦਰੀ ਬਜਟ ਨੂੰ ਕਿਸਾਨ ਜੱਥੇਬੰਦੀਆ ਨੇ ਮੂਲੋਂ ਰੱਦ ਕਰਦਿਆਂ ਕਿਹਾ ਕਿ ਇਹ ਬਜਟ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ। ਬੀਕੇਯੂ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ.ਪਹਿਲਾ ਬਜਟ ਵੀ ਨਿਰਾਸ਼ ਕਰ ਗਿਆ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਡਕੌਂਦਾ ਦੇ ਜਨਰਲ ਸਕੱਤਰ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨੀ ਖੇਤਰ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਖੇਤੀ-ਉਦਯੋਗਿਕ ਲਈ ਨਾ ਪੈਕੇਜ ਹੈ ਤੇ ਨਾ ਹੀ ਕੋਈ ਕਰਜ਼ਾ ਮੁਆਫੀ ਕੀਤਾ ਗਿਆ ਹੈ।ਇਸ ਲਈ ਇਹ ਇੱਕ ਫਲਾਪ ਬਜਟ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਬਜਟ ਦੀ ਕਿਸਾਨ ਜਥੇਬੰਦੀ ਸਣੇ ਸਮਾਜ ਦੇ ਹੋਰਨਾਂ ਵਰਗਾਂ ਨੇ ਨਿਖੇਧੀ ਕੀਤੀ ਹੈ| ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ ਨੇ ਬਜਟ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਜ਼ਿਕਰ ਨਾ ਕਰਨ ’ਤੇ ਇਸ ਨੂੰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਲਾ ਕਿਹਾ ਹੈ| ਬਜਟ ਵਿੱਚ ਕਿਸਾਨ ਦੀਆਂ ਜਿਣਸਾਂ ਲਈ ਘੱਟ ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦਾ ਵੀ ਜ਼ਿਕਰ ਨਹੀਂ ਹੈ|

Advertisement

ਕੇਂਦਰੀ ਬਜਟ ਵਿੱਚ ਮੁਲਾਜ਼ਮਾਂ ਦੇ ਪੱਲੇ ਪਈ ਨਿਰਾਸ਼ਾ: ਸਰਕਾਰੀਆ

ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਕਨਵੀਨਰ ਡਾ. ਸੰਤਸੇਵਕ ਸਿੰਘ ਸਰਕਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਸਰਕਾਰੀ ਕਰਮਚਾਰੀ ਪੂਰੀ ਤਰ੍ਹਾਂ ਨਿਰਾਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਵਿੱਤ ਮੰਤਰੀ ਨੇ ਆਪਣਾ ਸੱਤਵਾਂ ਬਜਟ ਪੇਸ਼ ਕਰਦੇ ਹੋਏ ਦੇਸ਼ ਦਾ ਅਹਿਮ ਮੁੱਦਾ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨ ਨੂੰ ਬਿਲਕੁਲ ਵੀ ਨਹੀਂ ਛੋਹਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਇਸ ਨਾਲ ਇਹ ਸਾਫ ਸੰਦੇਸ਼ ਮਿਲਿਆ ਹੈ ਕਿ ਮੋਦੀ ਸਰਕਾਰ ਕਰਮਚਾਰੀ ਵਿਰੋਧੀ ਹੈ ਅਤੇ ਕੇਂਦਰੀ ਸਰਕਾਰ ਜ਼ਬਰਦਸਤੀ ਕਰਮਚਾਰੀਆਂ ਤੋਂ ਖੋਹੀ ਹੋਈ ਪੁਰਾਣੀ ਪੈਨਸ਼ਨ ਵਾਪਸ ਨਹੀਂ ਕਰਨਾ ਚਾਹੁੰਦੀ ਅਤੇ ਐੱਨਪੀਐੱਸ ਦੀ ਆੜ ਵਿੱਚ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ।

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਲੋਕਪੱਖੀ: ਸੂਦ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਨ ਸੂਦ ਨੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਨੂੰ ਸੰਤੁਲਿਤ, ਰਚਨਾਤਮਕ ਅਤੇ ਸਕਾਰਾਤਮਕ ਬਜਟ ਕਰਾਰ ਦਿੱਤਾ ਹੈ ਜਿਸ ਵਿੱਚ ਬੇਰੁਜ਼ਗਾਰਾਂ ਲਈ ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਔਰਤਾਂ, ਮੱਧ ਵਰਗ ਦੇ ਲੋਕਾਂ ਅਤੇ ਕਿਸਾਨਾਂ ਦੇ ਵਿਕਾਸ ਲਈ ਕਈ ਯੋਜਨਾਵਾਂ ਰੱਖੀਆਂ ਗਈਆਂ ਹਨ। ਵਿਸ਼ੇਸ਼ ਕਰਕੇ ਮਜ਼ਦੂਰ ਵਰਗ ਨੂੰ ਆਵਾਸ ਦੇ ਕੇ ਉਦਯੋਗਿਕ ਸਸ਼ਕਤੀਕਰਨ ਦੀ ਰੀੜ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੋਜਨਾਵਾਂ ਦਾ ਦਾਇਰਾ ਵਧਣ ਨਾਲ ਨੌਜਵਾਨਾਂ ਨੂੰ ਨਵੇਂ ਪ੍ਰਾਜੈਕਟ ਲਗਾਉਣ ’ਚ ਮੱਦਦ ਮਿਲੇਗੀ। ਸੂਦ ਨੇ ਕਿਹਾ ਕਿ ਕੁੱਲ ਮਿਲਾ ਕੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਬਜਟ ਲੋਕਪੱਖੀ ਸਾਬਤ ਹੋਇਆ ਹੈ ਜੋ ਵਿਕਸਿਤ ਭਾਰਤ ਦੇ ਸੰਕਲਪ ਦਾ ਆਧਾਰ ਮਜ਼ਬੂਤ ਕਰੇਗਾ।

Advertisement

ਨਵੇਂ ਬਜਟ ਤੋਂ ਜਲੰਧਰ ਦੀ ਖੇਡ ਸਨਅਤ ਵੀ ਨਾਖੁਸ਼

ਜਲੰਧਰ (ਪਾਲ ਸਿੰਘ ਨੌਲੀ): ਜਲੰਧਰ ਸਪੋਰਟਸ ਸਮਾਲ ਸਕੇਲ ਇੰਡਸਟਰੀ ਦੇ ਪ੍ਰਧਾਨ ਰਵਿੰਦਰ ਧੀਰ ਨੇ ਦੱਸਿਆ ਕਿ ਇਸ ਵਾਰ ਦੇ ਬਜਟ ਤੋਂ ਉਨ੍ਹਾਂ ਨੂੰ ਕਾਫੀ ਉਮੀਦ ਸੀ ਪਰ ਇਸ ਵਾਰ ਵੀ ਖੇਡ ਉਦਯੋਗ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਪੋਰਟਸ ਸਨਅਤ ਨੂੰ ਮੁੜ ਪੈਰਾ ’ਤੇ ਲਿਆਉਣਾ ਕਾਫੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਸੋਨਾ ਚਾਂਦੀ ਤਾਂ ਸਸਤਾ ਕਰ ਦਿੱਤਾ ਪਰ ਉਨ੍ਹਾਂ ਨੇ ਦੂਸਰੀ ਇੰਡਸਟਰੀ ਜਾਂ ਫਿਰ ਪੰਜਾਬ ਲਈ ਕੁਝ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਬਜਟ ਕਾਰਨ ਸਪੋਰਟਸ ਇੰਡਸਟਰੀ ਨੂੰ ਕਾਫੀ ਨੁਕਸਾਨ ਉਠਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਪੰਜਾਬ ਦੀ ਸਪੋਰਟਸ ਇੰਡਸਟਰੀ ਲਈ ਕੇਂਦਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਪੰਜਾਬ ਦੀ ਖੇਡ ਇੰਡਸਟਰੀ ਨੂੰ ਬਚਾਉਣ ਲਈ ਵਿਸ਼ੇਸ਼ ਪੈਕੇਜ ਦੇਣ ਦੀ ਲੋੜ ਹੈ।

Advertisement