ਸੜਕ ਹਾਦਸੇ ਦੇ ਮ੍ਰਿਤਕਾਂ ਨੂੰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ’ਤੇ ਅੜੇ ਕਿਸਾਨ
ਸ਼ਗਨ ਕਟਾਰੀਆ/ਪ੍ਰਸ਼ੋਤਮ ਬੱਲੀ
ਬਠਿੰਡਾ/ਬਰਨਾਲਾ, 7 ਜਨਵਰੀ
ਸੜਕ ਹਾਦਸੇ ਵਿੱਚ ਫ਼ੌਤ ਹੋਈਆਂ ਤਿੰਨ ਔਰਤਾਂ ਦੇ ਪਰਿਵਾਰਾਂ ਨੂੰ ਸਰਕਾਰੀ ਵਿੱਤੀ ਸਹਾਇਤਾ ਬਾਰੇ ਪੰਜਾਬ ਸਰਕਾਰ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਿਚਾਲੇ ਪੇਚ ਫਸ ਗਿਆ ਹੈ। ਕਿਸਾਨ ਆਗੂਆਂ ਅਨੁਸਾਰ ਉਹ ਮ੍ਰਿਤਕਾਂ ਲਈ 10 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਸਿਰਫ 5 ਲੱਖ ਦੇਣ ਨੂੰ ਤਿਆਰ ਹੈ। ਮੁਆਵਜ਼ਾ ਰਾਸ਼ੀ ਦੀ ਮੰਗ ਲੈ ਕੇ 6 ਜਨਵਰੀ ਤੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅੱਗੇ ਬੇਮਿਆਦੀ ਧਰਨੇ ’ਤੇ ਬੈਠੇ ਯੂਨੀਅਨ ਦੇ ਵਰਕਰ ਅੱਜ ਦੂਜੇ ਦਿਨ ਵੀ ਧਰਨੇ ’ਤੇ ਡਟੇ ਰਹੇ। ਇਸ ਦੌਰਾਨ ਉਨ੍ਹਾਂ ਨੇੜਲੇ ਬੱਸ ਸਟੈਂਡ ਵਾਲੇ ਚੌਕ ਤੱਕ ਪੈਦਲ ਮਾਰਚ ਕਰਕੇ ਰੋਸ ਵੀ ਜਤਾਇਆ। ਜਾਣਕਾਰੀ ਅਨੁਸਾਰ ‘ਕਿਸਾਨ ਮਹਾਪੰਚਾਇਤ’ ਵਿੱਚ ਸ਼ਾਮਲ ਹੋਣ ਲਈ 4 ਜਨਵਰੀ ਨੂੰ ਟੋਹਾਣਾ ਜਾ ਰਹੀ ਬੱਸ ਦੇ ਹੰਢਿਆਇਆ (ਬਰਨਾਲਾ) ਕੋਲ ਹੋਏ ਸੜਕ ਹਾਦਸੇ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਕਾ ਦੀਆਂ ਤਿੰਨ ਔਰਤਾਂ ਹਲਾਕ ਹੋ ਗਈਆਂ ਸਨ।
ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ 4 ਜਨਵਰੀ ਦੀ ਘਟਨਾ ਵਾਪਰਨ ਤੋਂ ਬਾਅਦ ਤਿੰਨੇ ਔਰਤਾਂ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਵਿੱਚ ਪਈਆਂ ਹਨ ਪਰ ਸਰਕਾਰ ਕਿਸਾਨ ਆਗੂਆਂ ਨੂੰ ਸੱਦ ਕੇ ਟਾਲ ਮਟੋਲ
ਕਰ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਤੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਖਤਮ ਕਰਨ ਦੀ ਮੰਗ ਸੰਘਰਸ਼ਾਂ ਦੌਰਾਨ ਮੰਨਵਾ ਕੇ ਲਾਗੂ ਕਰਵਾਈ ਜਾ ਚੁੱਕੀ ਹੈ ਪਰ ਸਰਕਾਰ ਵੱਲੋਂ ਹੁਣ ਕਿਸਾਨਾਂ ਦੀਆਂ ਪਹਿਲਾਂ ਤੋਂ ਲਾਗੂ ਕਰਵਾਈਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤਿੰਨੇ ਔਰਤਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜਿ੍ਹਆ ਸਾਰਾ ਕਰਜ਼ਾ ਖਤਮ ਕਰਨ, ਗੰਭੀਰ ਜ਼ਖ਼ਮੀਆਂ ਨੂੰ 5-5 ਲੱਖ ਰੁਪਏ ਅਤੇ ਘੱਟ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਅਤੇ ਜ਼ਖ਼ਮੀਆਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਸਰਕਾਰੀ ਖਰਚੇ ’ਤੇ ਕਰਨਾ ਮਨਜ਼ੂਰ ਨਹੀਂ ਕੀਤਾ ਜਾਂਦਾ, ਸੰਘਰਸ਼ ਓਨਾ ਚਿਰ ਜਾਰੀ ਰਹੇਗਾ।
ਇਸ ਮੌਕੇ ਗੁਰਪਾਲ ਸਿੰਘ ਦਿਉਣ, ਸੁਖਜੀਤ ਸਿੰਘ ਕੋਠਾਗੁਰੂ, ਬਲਜੀਤ ਸਿੰਘ ਪੂਹਲਾ, ਕਾਲਾ ਸਿੰਘ ਚੱਠੇਵਾਲਾ, ਰਾਮ ਸਿੰਘ ਕੋਟਗੁਰੂ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕਰਮਜੀਤ ਸਿੰਘ ਕੋਠਾਗੁਰੂ ਨੇ ਵੀ ਸੰਬੋਧਨ ਕੀਤਾ।