ਹਾਈਵੇਅ ਜਾਮ ਕਰਨ ’ਤੇ ਕਿਸਾਨ ਸਮਰਥਕ ਤੇ ਰਾਹਗੀਰ ਖਹਬਿੜੇ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਸਮਰਥਕਾਂ ਤੇ ਮਜ਼ਦੂਰਾਂ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਅੰਮ੍ਰਿਤਸਰ-ਦਿੱਲੀ ਹਾਈਵੇਅ ਨੂੰ ਅੱਜ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਗਿਆਸਪੁਰਾ ਇਲਾਕੇ ਨੇੜੇ ਜਦੋਂ ਮਜ਼ਦੂਰ ਹਾਈਵੇਅ ਜਾਮ ਕਰਕੇ ਸੜਕ ’ਤੇ ਬੈਠੇ ਸਨ ਤਾਂ ਉਥੋਂ ਲੰਘਣ ਵਾਲੇ ਰਾਹਗੀਰਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਕਿਸਾਨ ਸਮਰਥਕਾਂ ਨੇ ਦੋਸ਼ ਲਾਏ ਕਿ ਰਾਹਗੀਰ ਧੱਕੇ ਨਾਲ ਸੜਕ ਤੋਂ ਲੰਘਣਾ ਚਾਹੁੰਦੇ ਸਨ ਜਦਕਿ ਉਨ੍ਹਾਂ ਨੇ ਪਹਿਲਾਂ ਹੀ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਦੂਜੇ ਪਾਸੇ ਰਾਹਗੀਰਾਂ ਨੇ ਦੋਸ਼ ਲਾਇਆ ਕਿ ਕਿਸਾਨ ਸਮਰਥਕਾਂ ਨੇ ਕਥਿਤ ਸ਼ਰਾਬ ਪੀਤੀ ਹੈ ਤੇ ਉਨ੍ਹਾਂ ਵਿੱਚੋਂ ਕਿਸੇ ਨੇ ਮਰੀਜ਼ ਨੂੰ ਲਿਜਾਣਾ ਸੀ ਤੇ ਕਈ ਲੋਕਾਂ ਨੂੰ ਹੰਗਾਮੀ ਹਾਲਤ ਹੋਣ ਦੇ ਬਾਵਜੂਦ ਅੱਗੇ ਜਾਣ ਨਹੀਂ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਗਿਆਸਪੁਰਾ ਨੇੜਲਾ ਹਾਈਵੇਅ ਮਜ਼ਦੂਰਾਂ ਨੇ ਬੰਦ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਉਥੋਂ ਜਲੰਧਰ ਤੋਂ ਆ ਰਹੇ ਗੁਰਦੀਪ ਸਿੰਘ ਨੇ ਗੱਡੀ ਕੱਢਣੀ ਚਾਹੀ ਪਰ ਉਥੇ ਉਨ੍ਹਾਂ ਦੀ ਬਹਿਸ ਹੋ ਗਈ। ਇਸ ਮੌਕੇ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਪੁਲੀਸ ਉਥੇ ਪੁੱਜੀ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਚਾਲਕ ਨੇ ਦੋਸ਼ ਲਾਇਆ ਕਿ ਮਜ਼ਦੂਰ ਯੂਨੀਅਨ ਦੇ ਮੈਂਬਰ ਸ਼ਰਾਬ ਪੀ ਕੇ ਪ੍ਰਦਰਸ਼ਨ ਕਰ ਰਹੇ ਸਨ ਜਦਕਿ ਗੱਡੀਆਂ ’ਚ ਉਨ੍ਹਾਂ ਦੇ ਬੱਚੇ ਭੁੱਖੇ-ਪਿਆਸੇ ਸਨ। ਉਨ੍ਹਾਂ ਕਿਸੇ ਦੀ ਮਰਗ ’ਤੇ ਜਾਣਾ ਹੈ।