ਮੰਡੀ ’ਚੋਂ ਝੋਨਾ ਵਾਪਸ ਲਿਆ ਰਹੇ ਕਿਸਾਨ ਦੀ ਟਰੈਕਟਰ-ਟਰਾਲੀ ਪਲਟਣ ਕਾਰਨ ਮੌਤ
ਪ੍ਰਭੂ ਦਿਆਲ
ਸਿਰਸਾ, 10 ਨਵੰਬਰ
ਮੰਡੀ ’ਚ ਝੋਨਾ ਨਾ ਵਿਕਣ ਕਾਰਨ ਮੁੜ ਕੇ ਘਰ ਜਾਂਦੇ ਕਿਸਾਨ ਦੀ ਰਾਹ ’ਚ ਟਰੈਕਟਰ ਟਰਾਲੀ ਪਲਟਣ ਨਾਲ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਕਿਸਾਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਅਲੀਕਾਂ ਦਾ ਕਿਸਾਨ ਮੁਰਾਰੀ ਲਾਲ ਬੀਤੇ ਦਿਨ ਆਪਣੇ ਝੋਨੇ ਦੀਆਂ ਦੋ ਟਰਾਲੀਆਂ ਭਰ ਕੇ ਮੰਡੀ ਵੇਚਣ ਲਈ ਆਇਆ ਸੀ। ਦੱਸਿਆ ਗਿਆ ਹੈ ਕਿ ਮੰਡੀ ’ਚ ਉਸ ਦਾ ਨਮੀ ਜ਼ਿਆਦਾ ਝੋਨਾ ਨਹੀਂ ਵਿਕਿਆ। ਕਿਸਾਨਾਂ ਨੇ ਦੱਸਿਆ ਕਿ ਨਮੀ ਦੇ ਨਾਂ ’ਤੇ ਕਿਸਾਨ ਕੋਲੋਂ ਵੱਡੀ ਕਾਟ ਲਾਈ ਜਾ ਰਹੀ ਸੀ ਜਿਸ ਨੂੰ ਕਿਸਾਨ ਨੇ ਸਵੀਕਾਰ ਨਹੀਂ ਕੀਤਾ। ਕਿਸਾਨ ਦੀ ਉਮਰ 26 ਸਾਲ ਦੱਸੀ ਗਈ ਹੈ ਤੇ ਉਹ ਆਪਣੇ ਤਿੰਨ ਕਿੱਲਿਆਂ ਦੀ ਮਾਲਕ ਸੀ ਅਤੇ ਕੁਝ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੰਘੇ ਦਿਨ ਕਿਸਾਨ ਮੰਡੀ ਵਿੱਚ ਝੋਨਾ ਨਾ ਵਿਕਣ ਕਾਰਨ ਘਰ ਪਰਤਦੇ ਸਮੇਂ ਰੰਗਾ ਘੱਗਰ ਨਦੀ ਦੇ ਪੁਲ ਨੇੜੇ ਝੋਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਨਿੱਕੀਆਂ ਦੋ ਦੋ ਧੀਆਂ ਹਨ ਜਦੋਂ ਕਿ ਮੁਰਾਰੀ ਲਾਲ ਦੇ ਪਿਤਾ ਦਾ ਸਾਇਆ ਬਚਪਨ ਵਿੱਚ ਹੀ ਉਸ ਦੇ ਸਿਰੋਂ ਉਠ ਗਿਆ ਸੀ। ਮਾਂ ਨੇ ਮਿਹਨਤ ਕਰ ਕੇ ਉਸ ਨੂੰ ਖੇਤਾਂ ਵਿੱਚ ਕੰਮ ਕਰਕੇ ਬੜੀ ਮੁਸ਼ਕਲ ਨਾਲ ਪਾਲਿਆ ਤਾਂ ਜੋ ਪੁੱਤਰ ਜਵਾਨ ਹੋ ਕੇ ਬੁਢਾਪੇ ਵਿੱਚ ਉਸ ਦਾ ਸਹਾਰਾ ਬਣੇ। ਅਲੀਕਾਂ ਦੇ ਸਾਬਕਾ ਸਰਪੰਚ ਤ੍ਰਿਲੋਚਨ ਸੰਧੂ ਨੇ ਦੱਸਿਆ ਕਿ ਮੁਰਾਰੀ ਲਾਲ ਉਨ੍ਹਾਂ ਦੇ ਖੇਤ ਅਤੇ ਘਰ ਦਾ ਗੁਆਂਢੀ ਸੀ। ਉਨ੍ਹਾਂ ਨਾਲ ਆਪਣੀ ਚਿੰਤਾ ਸਾਂਝੀ ਕਰਦਿਆਂ ਕਿਹਾ ਸੀ ਕਿ ਇਸ ਵਾਰ ਫ਼ਸਲ ਵੀ ਬਹੁਤ ਘੱਟ ਆਈ ਹੈ, ਜਿਸ ਕਾਰਨ ਬੈਂਕ ਦੀ ਕਿਸ਼ਤ ਅਤੇ ਆੜ੍ਹਤੀ ਦੇ ਕਰਜ਼ੇ ਦੀ ਅਦਾਇਗੀ ਕਰਨੀ ਔਖੀ ਹੋ ਜਾਵੇਗੀ।
ਹਾਦਸੇ ਲਈ ਪ੍ਰਸ਼ਾਸਨ ਤੇ ਖਰੀਦ ਏਜੰਸੀਆਂ ਜ਼ਿੰਮੇਵਾਰ: ਔਲਖ
ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਇਸ ਘਟਨਾ ਲਈ ਝੋਨੇ ਦੀ ਖਰੀਦ ਏਜੰਸੀ, ਮਾਰਕੀਟ ਕਮੇਟੀ, ਚੌਲ ਮਿਲ ਮਾਲਕ ਅਤੇ ਭ੍ਰਿਸ਼ਟ ਤੰਤਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਕਿਸਾਨਾਂ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ। ਔਲਖ ਨੇ ਕਿਹਾ ਕਿ ਕਿਸਾਨ ਹਰ ਰੋਜ਼ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਹਿਸਾਰ ਦੀ ਉਕਲਾਨਾ ਮੰਡੀ ’ਚ ਜੀਂਦ ਜ਼ਿਲ੍ਹੇ ਦੇ ਪਿੰਡ ਭੀਖੇਵਾਲਾ ਦੇ ਕਿਸਾਨ ਰਾਮ ਭਗਤ ਨੂੰ ਖਾਦ ਦੀ ਲਾਈਨ ’ਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨੀ ਪਈ।