Farmer Protest: ਪੁਲੀਸ ਕਾਰਵਾਈ ਦੀ ਤਿਆਰੀ ’ਚ? ਪਾਤੜਾਂ ਪੁੱਜੀਆਂ ਜਲ ਤੋਪਾਂ, ਅੱਥਰੂ ਗੈਸ ਤੇ ਹੋਰ ਪੁਲੀਸ ਮਸ਼ੀਨਰੀ
12:42 PM Dec 30, 2024 IST
ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਦਸੰਬਰ
Advertisement
ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲੀਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸੋਮਵਾਰ ਸਵੇਰੇ ਹੀ ਪਾਤੜਾਂ ਸ਼ਹਿਰ ਵਿੱਚ ਜਲ ਤੋਪਾਂ (Water Cannon) ਦੀਆਂ ਗੱਡੀਆਂ, ਅੱਥਰੂ ਗੈਸ ਦੇ ਗੋਲੇ ਦਾਗ਼ਣ ਵਾਲੀਆਂ ਗੱਡੀਆਂ ਅਤੇ ਹੋਰ ਪੁਲੀਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਦੇ ਟਾਕਰੇ ਲਈ ਕਿਸਾਨਾਂ ਵੱਲੋਂ ਰਾਤ ਭਰ ਤੋਂ ਹੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਦੇਰ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਫੇਸਬੁੱਕ ਉਤੇ ਲਾਈਵ (Facebook Live) ਹੋ ਕੇ ਕਿਸਾਨਾਂ ਨੂੰ ਢਾਬੀ ਗੁਜਰਾਂ ਬਾਰਡਰ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਗ਼ੌਰਤਲਬ ਹੈ ਕਿ ਉਕਤ ਬਾਰਡਰ 'ਤੇ ਕਿਸਾਨਾਂ ਨੇ ਪਦਾਰਥਪੁਰੇ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਅੱਗੇ ਟਰਾਲੀਆਂ ਲਾ ਕੇ ਪੱਕੇ ਤੌਰ 'ਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਯਾਦਵਿੰਦਰ ਸਿੰਘ ਬੂਰੜ, ਦਿਲਬਾਗ ਸਿੰਘ ਹਰੀਗੜ੍ਹ ਤੇ ਰਾਜ ਸਿੰਘ ਥੇੜੀ ਨੇ ਦੱਸਿਆ ਹੈ ਕਿ ਪੁਲੀਸ ਇੰਨੀ ਆਸਾਨੀ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਚੁੱਕ ਸਕਦੀ। ਜੇ ਪੁਲੀਸ ਤੇ ਪ੍ਰਸ਼ਾਸਨ ਡੱਲੇਵਾਲ ਨੂੰ ਜਬਰੀ ਚੁੱਕਣ ਲਈ ਕੋਈ ਜ਼ੁਲਮ-ਜਬਰ ਕੀਤਾ ਗਿਆ ਤਾਂ ਉਸ ਦਾ ਕਿਸਾਨ ਆਗੂ ਸਬਰ ਨਾਲ ਟਾਕਰਾ ਕਰਨਗੇ ਕਿਉਂਕਿ ਕਿਸਾਨ ਜਾਣਦੇ ਹਨ ਕਿ ਸਰਕਾਰ ਨਾਲ ਟਕਰਾਇਆ ਨਹੀਂ ਜਾ ਸਕਦਾ ਪਰ ਵਿਰੋਧ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨਾਲ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਸੰਪਰਕ ਨਹੀਂ ਹੋ ਸਕਿਆ।
Advertisement
Advertisement