ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Farmer Protest: ਕਿਸਾਨਾਂ ’ਚ ਏਕਤਾ ਦੇ ਆਸਾਰ ਵਧੇ, ਗੱਲਬਾਤ ਦਾ ਸੱਦਾ ਦੇਣ ਗਈ SKM ਦੀ ਕਮੇਟੀ ਦਾ ਭਰਵਾਂ ਸਵਾਗਤ

04:22 PM Jan 10, 2025 IST
ਸਾਂਝੀ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।

ਦੋਵਾਂ ਧਿਰਾਂ ਦੇ ਆਗੂਆਂ ਨੇ ਸਾਰੀਆਂ 12 ਮੰਗਾਂ ਸਾਂਝੀਆਂ ਹੋਣ ਤੇ ਨਿਸ਼ਾਨਾ ਵੀ ਸਾਂਝਾ ਹੋਣ ਦੀ ਗੱਲ ਆਖੀ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 10 ਜਨਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 11 ਮਹੀਨਿਆਂ ਤੋਂ ਸ਼ੰਭੂ ਅਤੇ ਢਾਬੀ ਗੁਜਰਾਂ/ਖਨੌਰੀ ਬਾਰਡਰਾਂ 'ਤੇ ਪੱਕਾ ਮੋਰਚਾ ਲਾ ਕੇ ਲੜੇ ਜਾ ਰਹੇ ਅੰਦੋਲਨ ਅਤੇ ਖਾਸ ਕਰ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਦੇ 46 ਦਿਨਾਂ ਤੋਂ ਜਾਰੀ ਮਰਨ ਵਰਤ ਦੇ ਚਲਦਿਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੇ ਆਸਾਰ ਨਜ਼ਰ ਆਉਣ ਲੱਗੇ ਹਨ।
ਗ਼ੌਰਤਲਬ ਹੈ ਕਿ ਬੀਤੇ ਦਿਨ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰਰੰਸ ਦੌਰਾਨ ਲਏ ਗਏ ਫੈਸਲੇ ਤਹਿਤ SKM ਦੀ ਛੇ ਮੈਂਬਰੀ ਕਮੇਟੀ ਅੱਜ ਏਕਤਾ ਸਬੰਧੀ ਗੱਲਬਾਤ ਕਰਨ ਲਈ ਦੋਵਾਂ ਸੰਘਰਸ਼ਸ਼ੀਲ ਫੋਰਮਾਂ ਨੂੰ ਸੱਦਾ ਦੇਣ ਲਈ ਜਦੋਂ ਢਾਬੀ ਗੁਜਰਾਂ ਬਾਰਡਰ 'ਤੇ ਪਹੁੰਚੀ ਤਾਂ ਇੱਥੇ ਮਾਹੌਲ ਬੜਾ ਖੁਸ਼ਗਵਾਰ ਤੇ ਨਿੱਘਾ ਨਜ਼ਰ ਆਇਆ।
ਇਥੇ ਪਹੁੰਚਣ 'ਤੇ ਇਸ ਕਮੇਟੀ ਦਾ ਦੋਵਾਂ ਫੋਰਮਾਂ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਗੋਬਾਗ ਹੋਏ ਕਮੇਟੀ ਦੇ ਆਗੂਆਂ ਨੇ ਇਸਦੀ ਵਾਰ ਵਾਰ ਪ੍ਰਸੰਸਾ ਕੀਤੀ।
ਡੱਲੇਵਾਲ ਦਾ ਹਾਲ ਚਾਲ ਪੁੱਛਣ ਮਗਰੋਂ ਕਮੇਟੀ ਤੇ ਫੋਰਮਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਉਨ੍ਹਾਂ ਵਿੱਚ ਭਾਵੇਂ ਵਿਚਾਰਧਾਰਕ ਵਖਰੇਵੇਂ ਹੋਣਗੇ, ਪਰ ਸਾਰੀਆਂ 12 ਮੰਗਾਂ 'ਤੇ ਉਹ ਇੱਕ ਮੱਤ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ (ਕੇਂਦਰ ਸਰਕਾਰ) ਵੀ ਸਾਂਝਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੋਵਾਂ ਫੋਰਮਾਂ ਵੱਲੋਂ ਕਮੇਟੀ ਦੇ ਆਗੂਆਂ ਨੂੰ ਇਹ ਮੋਰਚਾ ਜਿੱਤਣ ਲਈ ਇਕੱਠੇ ਹੋ ਕੇ ਲੜਾਈ ਲੜਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਆਸ ਜਤਾਈ ਕਿ ਉਹ ਜਲਦੀ ਹੀ ਵਿਚਾਰ ਕਰਕੇ ਇਸ ਸਬੰਧੀ ਕੋਈ ਉਸਾਰੂ ਫੈਸਲਾ ਲੈਣਗੇ।
ਦੂਜੇ ਬੰਨੇ ਐਸਕੇਐਮ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਉਹ ਬਹੁਤ ਜਲਦੀ ਮੀਟਿੰਗ ਕਰਕੇ ਇਸ ਸਬੰਧੀ ਵਿਚਾਰ ਚਰਚਾ ਕਰਨਗੇ। ਉਂਝ ਦੋਵਾਂ ਹੀ ਧਿਰਾਂ ਦੇ ਆਗੂਆਂ ਨੇ ਇਹ ਵੀ ਆਖਿਆ ਕਿ ਮੰਗਾਂ ਮੰਨਣ ਤੋਂ ਕੇਂਦਰ ਸਰਕਾਰ ਹੁਣ ਤੱਕ ਇਹ ਕਹਿ ਕੇ ਵੀ ਟਾਲਾ ਵੱਟਦੀ ਆਈ ਹੈ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ, ਉਨ੍ਹਾਂ ਇੱਕ ਦੂਜੇ ਵੱਲ ਇਸ਼ਾਰਾ ਕਰਦਿਆਂ ਆਖਿਆ, ‘‘ਲਓ ਦੇਖ ਲਓ, ਅੱਜ ਸਾਰੇ ਇੱਕਜੁੱਟ ਹਨ ਤੇ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਮੰਗਾਂ ਦੀ ਪੂਰਤੀ ਯਕੀਨੀ ਬਣਾਵੇ।’’
ਇਸ ਮੌਕੇ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਤੇ ਹੋਰਾਂ ਸਮੇਤ ਦੋਵਾਂ ਫੋਰਮਾਂ ਵੱਲੋਂ ਸੁਖਜੀਤ ਸਿੰਘ ਹਰਦੋਝੰਡੇ, ਮਨਜੀਤ ਸਿੰਘ ਧਨੇਰ ਤੇ ਦਿਲਬਾਗ ਸਿੰਘ ਹਰੀਗੜ੍ਹ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।

Advertisement

Advertisement