Farmer Protest: ਸ਼ੰਭੂ ਮੋਰਚੇ ਤੋਂ 21 ਨੂੰ ਦਿੱਲੀ ਕੂਚ ਕਰੇਗਾ 101 ਕਿਸਾਨਾਂ ਦਾ ਚੌਥਾ ਜਥਾ
ਮੰਗਾਂ ਦੀ ਪੂਰਤੀ ਉਪਰੰਤ ਹੀ ਘਰਾਂ ਨੂੰ ਪਰਤਣਗੇ ਕਿਸਾਨ: ਸੁਬਜੀਤ ਫੂਲ
ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ),16 ਜਨਵਰੀ
Farmer Protest: ਪਟਿਆਲਾ ਜ਼ਿਲ੍ਹੇ ਅੰਦਰ ਸ਼ੰਭੂ ਅਤੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਜਾਰੀ ਪੱਕੇ ਕਿਸਾਨ ਮੋਰਚਿਆਂ ਦੀ ਅਗਵਾਈ ਕਰ ਰਹੀਆਂ ਧਿਰਾਂ ਨੇ 101 ਕਿਸਾਨਾਂ ਦੇ ਜਥਿਆਂ ਵੱਲੋਂ ਦਿੱਲੀ ਕੂਚ ਕਰਨ ਦੇ ਪ੍ਰੋਗਰਾਮ ਨੂੰ ਅਗਾਂਹ ਤੋਰਦਿਆਂ 21 ਜਨਵਰੀ (ਮੰਗਲਵਾਰ) ਨੂੰ ਅਜਿਹਾ ਚੌਥਾ ਜਥਾ ਦਿੱਲੀ ਰਵਾਨਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਸਵਰਨ ਸਿੰਘ ਪੰਧੇਰ (Farmers leader Swarn Singh Pandher) ਤੇ ਹੋਰ ਕਿਸਾਨ ਆਗੂਆਂ ਨੇ ਸ਼ੰਭੂ ਬਾਰਡਰ ਉਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਗ਼ੌਰਤਲਬ ਹੈ ਕਿ ਦੇਸ਼ ਦੀ ਹਕੂਮਤ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੀ ਅਗਵਾਈ ਹੇਠਾਂ ਗਿਆਰਾਂ ਮਹੀਨਿਆਂ ਤੋਂ ਜਾਰੀ ‘ਕਿਸਾਨ ਅੰਦੋਲਨ-2’ ਦੀ ਕੜੀ ਵਜੋਂ ਸ਼ੰਭੂ ਮੋਰਚੇ ਤੋਂ ਪੈਦਲ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਦੀ ਧਾਰ ਹੋਰ ਤਿੱਖੀ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ 6, 8 ਅਤੇ 14 ਦਸੰਬਰ ਨੂੰ ਵੀ ਕਿਸਾਨਾਂ ਨੇ ਪੈਦਲ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਨੂੰ ਕੂਚ ਕੀਤਾ ਸੀ। ਪਰ ਤਿੰਨੋਂ ਵਾਰੀ ਉਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਬਾਰਡਰ ’ਤੇ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ਅਤੇ ਤਾਕਤ ਦੀ ਵਰਤੋਂ ਕਰਦਿਆਂ ਹੀ ਰੋਕ ਲਿਆ ਜਾਂਦਾ ਰਿਹਾ ਹੈ। ਇਸ ਦੌਰਾਨ ਹਰ ਵਾਰ ਪੁਲੀਸ ਵੱਲੋਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲ਼ੇ ਅਤੇ ਰਬੜ ਦੀਆਂ ਗੋਲੀਆਂ ਸਮੇਤ ਪਾਣੀ ਦੀਆਂ ਬੁਛਾੜਾਂ ਆਦਿ ਨਾਲ਼ ਵਾਰ ਕੀਤੇ ਜਾਂਦੇ ਰਹੇ ਹਨ।
ਪੁਲੀਸ ਦੀ ਇਸ ਸਖ਼ਤੀ ਕਾਰਨ ਤਿੰਨਾਂ ਯਤਨਾਂ ਦੌਰਾਨ ਸੌ ਦੇ ਕਰੀਬ ਕਿਸਾਨ ਜ਼ਖ਼ਮੀ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਦੀ ਇਹ ਕਿੰਨੀ ਧੱਕੇਸ਼ਾਹੀ ਹੈ ਕਿ ਉਹ ਸ਼ਾਂਤਮਈ ਤੇ ਪੈਦਲ ਕਿਸਾਨਾਂ ਨੂੰ ਵੀ ਦੇਸ਼ ਦੀ ਰਾਜਧਾਨੀ ਵੱਲ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ।