Farmer Protest: ਕਿਸਾਨਾਂ ਵਲੋਂ ਪੰਜਾਬ ਭਰ ’ਚ 18 ਦਸੰਬਰ ਨੂੰ ਰੇਲਾਂ ਰੋਕਣ ਦਾ ਐਲਾਨ
ਸਰਬਜੀਤ ਸਿੰਘ ਭੰਗੂ/ਏਐੱਨਆਈ
ਪਟਿਆਲਾ/ਸ਼ੰਭੂ, 14 ਦਸੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਮਰਜੀਵੜਿਆਂ ਵਜੋਂ ਅੱਜ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਦੇ ਜਥੇ ਨੂੰ ਹਰਿਆਣਾ ਪੁਲੀਸ ਨੇ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਦੌਰਾਨ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਪਾਣੀ ਦੀਆਂ ਬੌਛਾੜਾਂ ਦੌਰਾਨ 20 ਕਿਸਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਸੁਖਦੇਵ ਰਾਮ ਬਾਸੀ ਭੁਟਾਲ ਖੁਰਦ ਥਾਣਾ ਲਹਿਰਾ ਦੇ ਅੱਖ ’ਤੇ ਸੱਟ ਵੱਜੀ ਹੈ। ਜ਼ਖ਼ਮੀ ਕਿਸਾਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ, ਹਾਲਾਤ ਵਿਗੜਨ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਆਪਣੇ ਜਥੇ ਨੂੰ ਵਾਪਸ ਬੁਲਾ ਲਿਆ। ਇਸ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਪੰਜਾਬ ਭਰ ਵਿਚ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 16 ਦਸੰਬਰ ਨੂੰ ਪੰਜਾਬ ਤੋਂ ਬਿਨਾਂ ਬਾਕੀ ਥਾਵਾਂ ’ਤੇ ਟਰੈਕਟਰ ਮਾਰਚ ਕੀਤੇ ਜਾਣਗੇ ਜਦਕਿ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਸਰਵਣ ਸਿੰਘ ਪੰਧੇਰ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ (ਭਾਜਪਾ ਅਤੇ ਵਿਰੋਧੀ ਧਿਰ) ਕਿਸਾਨੀ ਮੁੱਦੇ ਸੰਸਦ ਵਿੱਚ ਨਹੀਂ ਉਠਾ ਰਹੀਆਂ। ਭਾਜਪਾ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਕਿਸਾਨਾਂ ਦੀ ਆਵਾਜ਼ ਦੇਸ਼ ਦੇ 140 ਕਰੋੜ ਲੋਕਾਂ ਤੱਕ ਪਹੁੰਚ ਰਹੀ ਹੈ ਪਰ ਪ੍ਰਧਾਨ ਮੰਤਰੀ ਤਕ ਨਹੀਂ ਪੁੱਜ ਰਹੀ। ਉਹ ਚਾਹੁੰਦੇ ਹਾਂ ਕਿ ਇਸ ਮੁੱਦੇ ’ਤੇ ਪੂਰਾ ਭਾਰਤ ਇਕਜੁੱਟ ਹੋਵੇ। ਸ੍ਰੀ ਪੰਧੇਰ ਨੇ ਕਿਹਾ ਕਿ ਹਰਿਆਣਾ ਪੁਲੀਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੀ ਪੈਦਲ ਜਾ ਰਹੇ 100 ਕਿਸਾਨ ਦੇਸ਼ ਲਈ ਖਤਰਨਾਕ ਹੋ ਸਕਦੇ ਹਨ।
ਪਹਿਲਵਾਨ ਬਜਰੰਗ ਪੂਨੀਆ ਜੋ ਹਰਿਆਣਾ-ਪੰਜਾਬ ਸ਼ੰਭੂ ਬਾਰਡਰ ’ਤੇ ਵੀ ਮੌਜੂਦ ਸਨ, ਨੇ ਗੱਲਬਾਤ ਕਰਦਿਆਂ ਕਿਹਾ, ‘ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਰੋਕ ਨਹੀਂ ਰਹੇ, ਪਰ ਦੂਜੇ ਪਾਸੇ ਉਹ ਕਿਸਾਨਾਂ ਨੂੰ ਰੋਕ ਰਹੇ ਹਨ। ਅੱਥਰੂ ਗੈਸ ਅਤੇ ਬੁਛਾੜਾਂ ਇੰਝ ਮਾਰੀਆਂ ਜਾ ਰਹੀਆਂ ਹਨ ਜਿਵੇਂ ਇਹ ਪਾਕਿਸਤਾਨ ਦੀ ਸਰਹੱਦ ਹੋਵੇ।
ਪੰਧੇਰ ਨੇ ਕਿਹਾ ਕਿ ਜਦੋਂ ਹੋਰ ਆਗੂ ਦਿੱਲੀ ਵਿਰੋਧ ਪ੍ਰਦਰਸ਼ਨ ਕਰਨ ਜਾਂਦੇ ਹਨ, ਕੀ ਉਹ ਇਜਾਜ਼ਤ ਲੈ ਕੇ ਜਾਂਦੇ ਹਨ? ਕਿਸਾਨ ਤਾਂ ਸਿਰਫ਼ ਆਪਣੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਚਾਹੁੰਦੇ ਹਨ।
ਕਿਸਾਨ ਨੇ ਸ਼ੰਬੂ ਮੋਰਚੇ ’ਤੇ ਜ਼ਹਿਰ ਖਾਧੀ
ਸ਼ਭੂ ਬਾਰਡਰ ’ਤੇ ਮੋਰਚੇ ਵਿੱਚ ਸ਼ਾਮਲ 50 ਸਾਲਾ ਕਿਸਾਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਦੀ ਪਛਾਣ ਜੋਧ ਸਿੰਘ ਬਾਸੀ ਰਤਨ ਨੇੜੀ ਥਾਣਾ ਖੰਨਾ ਵਜੋਂ ਹੋਈ ਹੈ। ਉਸ ਨੇ ਅੱਜ ਬਾਅਦ ਦੁਪਹਿਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।