Farmer Protest: ਕਿਸਾਨ ਆਗੂ ਡੱਲੇਵਾਲ ਦੀ ਸਿਹਤ ਵਿਗੜੀ
Farmer leader felt dizzy and vomited as his blood pressure dropped while being carried back to his tent, say doctors
ਮੋਹਿਤ ਖੰਨਾ
ਟ੍ਰਿਬਿਊਨ ਨਿਊਜ਼ ਸਰਵਿਸ
ਖਨੌਰੀ ਸਰਹੱਦ ’ਤੇ ਸ਼ਨਿੱਚਰਵਾਰ ਨੂੰ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਸੰਬੋਧਨ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਮਹਾਪੰਚਾਇਤ ਨੂੰ 11 ਮਿੰਟ ਤੱਕ ਸੰਬੋਧਨ ਕਰਨ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੀਮ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਉਲਟੀ ਆਈ। ਡਾਕਟਰੀ ਟੀਮ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਘਟਣ ਕਾਰਨ ਡੱਲੇਵਾਲ ਨੂੰ ਵਾਪਸ ਟੈਂਟ ਵਿੱਚ ਲਿਆਂਦਾ ਗਿਆ।
ਡੱਲੇਵਾਲ ਦੀ ਸਿਹਤ ਸਬੰਧੀ ਸੂਚਨਾ ਮਿਲਦਿਆਂ ਹੀ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਖਨੌਰੀ ਸਰਹੱਦ ’ਤੇ ਪੁੱਜੇ। ਨਰਿੰਦਰ ਭਾਰਗਵ ਕਿਸਾਨ ਆਗੂ ਨਾਲ ਇਸ ਤੋਂ ਪਹਿਲਾਂ ਗੱਲਬਾਤ ਕਰਨ ਗਏ ਅਧਿਕਾਰੀਆਂ ’ਚ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਵੀ ਤਿਆਰ ਰੱਖਿਆ ਗਿਆ ਹੈ।
ਡੱਲੇਵਾਲ ਨੇ ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਖ਼ੂਨ, ਪਿਸ਼ਾਬ ਅਤੇ ਈਸੀਜੀ ਟੈਸਟ ਕਰਵਾਉਣ ਲਈ ਸਹਿਮਤੀ ਦਿੱਤੀ ਸੀ। ਰਿਪੋਰਟਾਂ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਦੇ ਸਥਿਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਐਂਬੂਲੈਂਸ ’ਚ ਸਟੇਜ ’ਤੇ ਲਿਜਾਇਆ ਗਿਆ।
ਡੱਲੇਵਾਲ ਨੂੰ ਇੱਕ ਸ਼ੀਸ਼ੇ ਦੇ ਕਮਰੇ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ 100 ਤੋਂ ਵੱਧ ਟਰੈਕਟਰ-ਟਰਾਲੀਆਂ ਨੂੰ ਇੱਕ-ਦੂਜੇ ਨਾਲ ਜੋੜਿਆ ਗਿਆ ਹੈ ਅਤੇ ਲਗਭਗ 700 ਵਾਲੰਟੀਅਰ ਇਸ ਸਥਾਨ ਦੀ ਦੇਖਭਾਲ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਅਜਿਹਾ 26 ਨਵੰਬਰ ਦੀ ਘਟਨਾ ਨੂੰ ਦੁਹਰਾਉਣ ਤੋਂ ਰੋਕਣ ਲਈ ਕੀਤਾ ਗਿਆ ਹੈ ਜਿੱਥੇ ਪੁਲੀਸ ਵੱਲੋਂ ਖਨੌਰੀ ਸਰੱਹਦ ’ਤੇ ਟੈਂਟ ’ਚ ਦਾਖਲ ਹੋਣ ਮਗਰੋਂ ਕਿਸਾਨ ਆਗੂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ।
ਡਾ. ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਡਾਕਟਰੀ ਟੀਮ ਨੇ ਕਿਹਾ ਕਿ ਉਹ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਸੰਬੋਧਨ ਦੌਰਾਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ-ਘਟ ਰਿਹਾ ਸੀ। ਡਾ. ਢਿੱਲੋਂ ਨੇ ਦੱਸਿਆ ਕਿ ਜਦੋਂ ਵਾਪਸ ਤੰਬੂ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਡੱਲੇਵਾਲ ਨੂੰ ਚੱਕਰ ਆ ਗਿਆ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਡਿੱਗ ਗਿਆ।
ਆਪਣੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਦੇ 40ਵੇਂ ਦਿਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸ਼ਨਿੱਚਰਵਾਰ ਨੂੰ ਸੰਘਰਸ਼ ਉਦੋਂ ਜਾਰੀ ਰੱਖਣ ਦਾ ਅਹਿਦ ਲਿਆ, ਜਦੋਂ ਤੱਕ ਕੇਂਦਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਨਹੀਂ ਦਿੰਦਾ। ਆਪਣੇ 11 ਮਿੰਟ ਦੇ ਸੰਬੋਧਨ ਦੌਰਾਨ ਉਨ੍ਹਾਂ ਦੂਜੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਨੂੰ ਸੁਨੇਹਾ ਦੇਣ ਲਈ ਐੱਮਐੱਸਪੀ ਲਈ ਅਜਿਹੀ ਲੜਾਈ ਸ਼ੁਰੂ ਕਰਨ ਕਿ ਇਹ ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ ਹੈ।
ਡੱਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ, ‘‘ਇਹ ਕਰੋ ਜਾਂ ਮਰੋ ਦੀ ਲੜਾਈ ਹੈ। ਮੈਂ ਉਦੋਂ ਤੱਕ ਆਪਣਾ ਵਰਤ ਖਤਮ ਨਹੀਂ ਕਰਾਂਗਾ ਜਦੋਂ ਤੱਕ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਲਾਗੂ ਨਹੀਂ ਹੋ ਜਾਂਦਾ। ਅਸੀਂ ਸੰਸਦੀ ਕਮੇਟੀ (ਖੇਤੀਬਾੜੀ) ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਨੂੰਨੀ ਗਾਰੰਟੀ ਚਾਹੁੰਦੇ ਹਾਂ।’’