ਰਾਜਿੰਦਰ ਸਿੰਘ ਮਰਾਹੜਭਗਤਾ ਭਾਈ, 4 ਜਨਵਰੀਪਿੰਡ ਕੋਠਾ ਗੁਰੂ ਤੋਂ ਟੋਹਾਣਾ (ਹਰਿਆਣਾ) ਵਿੱਚ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬੱਸ ਅੱਜ ਸਵੇਰੇ ਬਠਿੰਡਾ-ਬਰਨਾਲਾ ਹਾਈਵੇਅ ’ਤੇ ਸੰਘਣੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਫ਼ੌਤ ਹੋਈਆਂ ਤਿੰਨੋਂ ਕਿਸਾਨ ਬੀਬੀਆਂ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਨੇੜਿਓਂ ਜੁੜੀਆਂ ਹੋਈਆਂ ਸਨ। ਪਿੰਡ ਕੋਠਾ ਗੁਰੂ ਦੀਆਂ ਇਨ੍ਹਾਂ ਮਹਿਲਾਵਾਂ ਵਿੱਚ ਜਸਵੀਰ ਕੌਰ (70), ਸਰਬਜੀਤ ਕੌਰ (60) ਤੇ ਬਲਵੀਰ ਕੌਰ (65) ਸ਼ਾਮਲ ਹਨ।ਇਹ ਕਿਸਾਨ ਬੀਬੀਆਂ ਬੀਕੇਯੂ ਏਕਤਾ (ਉਗਰਾਹਾਂ) ਦੀਆਂ ਸਰਗਰਮ ਮੈਂਬਰ ਸਨ ਤੇ ਹਰ ਕਿਸਾਨੀ ਮੋਰਚੇ ’ਚ ਹੁੰਮ-ਹੁੰਮਾ ਕੇ ਪਹੁੰਚਦੀਆਂ ਸਨ। ਇਨ੍ਹਾਂ ਕਿਸਾਨ ਬੀਬੀਆਂ ਨੇ ਦਿੱਲੀ ਵਿੱਚ ਚੱਲੇ ਕਿਸਾਨ ਮੋਰਚੇ ’ਚ ਵੀ ਪੂਰੀ ਸਰਗਰਮੀ ਨਾਲ ਭਾਗ ਲਿਆ ਸੀ।ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਿੰਡ ਕੋਠਾ ਗੁਰੂ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਕਿਸਾਨ ਆਗੂ ਸੁਰਜੀਤ ਸਿੰਘ ਸੀਤਾ ਨੇ ਦੱਸਿਆ ਕਿ ਬੱਸ ਅੱਜ ਸਵੇਰੇ ਪਿੰਡ ਕੋਠਾ ਗੁਰੂ ਤੋਂ ਟੋਹਾਣਾ ਲਈ ਰਵਾਨਾ ਹੋਈ ਸੀ। ਇਸ ਵਿੱਚ ਪਿੰਡ ਦੇ ਕੁੱਲ 54 ਕਿਸਾਨ ਸਵਾਰ ਸਨ। ਤਿੰਨਾਂ ਕਿਸਾਨ ਬੀਬੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 32 ਕਿਸਾਨ ਅਤੇ ਬੀਬੀਆਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਤਿੰਨੋਂ ਮਹਿਲਾਵਾਂ ਸਧਾਰਨ ਕਿਸਾਨੀ ਪਰਿਵਾਰਾਂ ਨਾਲ ਸਬੰਧਿਤ ਸਨ। ਇਸ ਦੌਰਾਨ ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾ ਗੁਰੂ, ਜਸਪਾਲ ਸਿੰਘ ਪਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਕਿਸਾਨ ਔਰਤਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਪ੍ਰਤੀ ਪਰਿਵਾਰ ਨੂੰ ਸਰਕਾਰੀ ਨੌਕਰੀ, ਪੀੜਤ ਪਰਿਵਾਰਾਂ ਦਾ ਸਰਕਾਰੀ ਤੇ ਗ਼ੈਰ-ਸਰਕਾਰੀ ਕਰਜ਼ਾ ਖ਼ਤਮ ਕਰੇ। ਇਸ ਤੋਂ ਇਲਾਵਾ ਜ਼ਖ਼ਮੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਤੇ ਮੁਫ਼ਤ ਇਲਾਜ ਕੀਤਾ ਜਾਵੇ।