Farmer Protest: 6 ਦਸੰਬਰ ਦਿੱਲੀ ਕੂਚ ਸਬੰਧੀ ਕਿਸਾਨ ਆਗੂਆਂ ਦੀ ਐਸਪੀ ਅੰਬਾਲਾ ਨਾਲ ਹੋਈ ਮੀਟਿੰਗ
05:07 PM Dec 03, 2024 IST
ਰਤਨ ਸਿੰਘ ਢਿੱਲੋਂ
ਅੰਬਾਲਾ, 3 ਦਸੰਬਰ
Farmers' 6th December Delhi March: ਕਿਸਾਨਾਂ ਦੇ 6 ਦਸੰਬਰ ਦੇ ਦਿੱਲੀ ਕੂਚ ਨੂੰ ਲੈ ਕੇ ਐਸਪੀ ਅੰਬਾਲਾ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਅਹੁਦੇਦਾਰਾਂ ਦੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਵਫ਼ਦ ਨਾਲ ਸ਼ਹਿਰ ਸਥਿਤ ਪੁਲੀਸ ਆਫੀਸਰਜ਼ ਇੰਸਟੀਚਿਊਟ ਵਿਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਐਸਪੀ ਸੁਰਿੰਦਰ ਸਿੰਘ ਭੌਰੀਆ ਨੂੰ ਭਰੋਸਾ ਦਿੱਤਾ ਕਿ ਉਹ ਪੁਰਅਮਨ ਢੰਗ ਨਾਲ ਦਿੱਲੀ ਲਈ ਕੂਚ ਕਰਨਗੇ ਅਤੇ ਅਮਨ-ਕਾਨੂੰਨ ਭੰਗ ਨਹੀਂ ਕਰਨਗੇ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਪ੍ਰਸ਼ਾਸਨ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਦਿੱਲੀ ਕੂਚ ਪੈਦਲ ਰਹੇਗਾ ਅਤੇ ਇਸ ਦੌਰਾਨ ਉਹ ਕੋਈ ਸੜਕ ਜਾਮ ਨਹੀਂ ਕਰਨਗੇ। ਪੰਧੇਰ ਨੇ ਕਿਹਾ ਕਿ ਉਹ ਵੱਖ-ਵੱਖ ਦਿਨਾਂ ਦੌਰਾਨ ਜਥਿਆਂ ਰਾਹੀਂ ਦਿੱਲੀ ਜਾਣਗੇ ਅਤੇ ਹਰੇਕ 15 ਕਿਲੋਮੀਟਰ 'ਤੇ ਪੜਾਅ ਕਰਨਗੇ ਅਤੇ ਪਿੱਛੇ ਸ਼ੰਭੂ ਮੋਰਚਾ ਜਾਰੀ ਰਹੇਗਾ।
ਆਗੂ ਨੇ ਦੱਸਿਆ ਕਿ ਦਿੱਲੀ ਕੂਚ ਨੂੰ ਲੈ ਕੇ ਸਰਕਾਰ ਨੇ ਉਨ੍ਹਾਂ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਨੇ ਆਪਣਾ ਪ੍ਰੋਗਰਾਮ ਤਫ਼ਸੀਲ ਨਾਲ ਐਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਅੱਗੇ ਰੱਖਿਆ ਹੈ। ਉਨ੍ਹਾਂ ਕਿਹਾ, "ਉਨ੍ਹਾਂ ਦੇ ਮਨ ਵਿਚ ਜੋ ਸ਼ੰਕੇ ਸਨ, ਸਵਾਲ ਸਨ ਉਹ ਅਸੀਂ ਦੂਰ ਕਰ ਦਿੱਤੇ ਹਨ। ਸੜਕ ਜਾਮ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਅਸੀਂ ਸਿੱਧਾ ਦਿੱਲੀ ਵੱਲ ਜਾਵਾਂਗੇ, ਸਾਡੀ ਲਾਗੇ ਭਾਵੇਂ ਕੋਈ ਮੰਤਰੀ ਪ੍ਰੋਗਰਾਮ ਕਰੇ, ਉਸ ਵੱਲ ਜਾਣ ਦਾ ਸਾਡਾ ਕੋਈ ਇਰਾਦਾ ਨਹੀਂ।"
ਪੰਧੇਰ ਨੇ ਕਿਹਾ ਕਿ ਅੱਜ ਤੱਕ ਜੋ ਵੀ ਹੋਇਆ ਹੈ ਉਹ ਹਰਿਆਣਾ ਜਾਂ ਦਿੱਲੀ ਪ੍ਰਸ਼ਾਸਨ ਨਾਲ ਗ਼ਲਤਫ਼ਹਿਮੀ ਕਰਕੇ ਹੋਇਆ ਹੈ। ਉਨ੍ਹਾਂ ਐਸਪੀ ਨੂੰ ਸਪਸ਼ਟ ਕੀਤਾ ਹੈ ਕਿ ਸਾਡੇ ਫੋਨ 24 ਘੰਟੇ ਖੁੱਲ੍ਹੇ ਹਨ, ਕੋਈ ਸ਼ੱਕ ਹੋਵੇ ਤਾਂ ਸਾਡੇ ਨਾਲ ਗੱਲ ਕਰੋ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਜੇ ਭਰੋਸਾ ਵੱਧ ਜਾਵੇ ਤਾਂ ਸਾਨੂੰ ਟਰੈਕਟਰ ਟਰਾਲੀਆਂ ਵੀ ਲੈ ਕੇ ਜਾਣ ਦੇਣਗੇ। ਇਕ ਸਵਾਲ ਦੇ ਜਵਾਬ ਵਿਚ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਰਾਹ ਵਿਚ ਤਿੰਨ-ਚਾਰ ਪੜਾਅ ਐਲਾਨੇ ਹਨ। ਸਾਡੀ ਦੋਹਾਂ ਫੋਰਮਾਂ ਦੀ ਆਪਸੀ ਸਮਝ ਹੈ ਕਿ ਅਸੀਂ 15 ਕਿਲੋਮੀਟਰ ਰੋਜ਼ ਦਾ ਪੈਂਡਾ ਤੈਅ ਕਰਾਂਗੇ। ਅੱਗੇ ਵੀ ਪੜਾਅ ਹੋ ਜਾਣਗੇ। ਹੁਣ ਪਤਾ ਨਹੀਂ ਸਰਕਾਰ ਕਿੱਥੇ ਰੋਕਦੀ ਹੈ, ਅੰਦਰ ਜਾਣ ਦਿੰਦੀ ਹੈ ਜਾਂ ਨਹੀਂ। ਅਸੀਂ ਰਸਤਾ ਬੰਦ ਕਰਨ ਦੇ ਹੱਕ ਵਿਚ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਟਰੈਫਿਕ ਵੀ ਚਲਦੀ ਰਹੇ 'ਤੇ ਸਾਡਾ ਮੋਰਚਾ ਵੀ ਚਲਦਾ ਰਹੇ।
ਭਾਕਿਯੂ ਸ਼ਹੀਦ ਭਗਤ ਸਿੰਘ ਦੇ ਮਨਜੀਤ ਸਿੰਘ ਮਛੌਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਗੱਲਬਾਤ ਦਾ ਕੋਈ ਨਿਉਂਦਾ ਨਹੀਂ ਮਿਲਿਆ, ਅੱਜ ਦੀ ਮੀਟਿੰਗ ਵਿਚ ਪ੍ਰਸ਼ਾਸਨ ਨੇ 6 ਦਸੰਬਰ ਦੇ ਦਿੱਲੀ ਕੂਚ ਦੇ ਸਬੰਧ ਵਿਚ ਗੱਲਬਾਤ ਕਰਨ ਲਈ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਕਿੰਨੀ ਗਿਣਤੀ ਵਿਚ ਕਿਸਾਨ ਜਾਣਗੇ, ਕਿਵੇਂ ਜਾਣਗੇ, ਉਨ੍ਹਾਂ ਕੋਲ ਜਥਿਆਂ ਦਾ ਪੂਰਾ ਰਿਕਾਰਡ ਹੋਵੇਗਾ। ਲੰਗਰ ਪਾਣੀ ਦਾ ਇੰਤਜ਼ਾਮ ਹਰਿਆਣਾ ਦੇ ਕਿਸਾਨਾਂ ਨੇ ਕਰਨਾ ਹੈ। ਸਰਕਾਰ ਚਾਹੇ ਸਿੰਘੂ ਬਾਰਡਰ 'ਤੇ ਰੋਕੇ ਜਾਂ ਜੰਤਰ ਮੰਤਰ 'ਤੇ, ਸਾਡਾ ਰਸਤਾ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਸਰਕਾਰ ਸਾਡੇ ਕੋਲੋਂ ਘਬਰਾਏ ਨਾ।
ਜ਼ਿਲ੍ਹਾ ਅੰਬਾਲਾ ਦੇ ਕਿਸਾਨਾਂ ਨੂੰ ਅਪੀਲ
ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅੰਬਾਲਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 6 ਦਸੰਬਰ ਨੂੰ ਦਿੱਲੀ ਮਾਰਚ ਲਈ ਸਵੇਰੇ 8 ਵਜੇ ਸ਼ੰਭੂ ਬਾਰਡਰ ਪਹੁੰਚ ਕੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਅਪੀਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਉਂ ਹੀ ਕਿਸਾਨ ਸ਼ੰਭੂ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦੀ ਚਾਹ, ਲੰਗਰ ਅਤੇ ਰਾਤ ਠਹਿਰਨ ਦੇ ਇੰਤਜ਼ਾਮ ਦੀ ਜ਼ਿੰਮੇਵਾਰੀ ਹਰਿਆਣੇ ਦੇ ਦੋਸਤਾਂ ਦੀ ਹੋਵੇਗੀ। ਸੇਵਾ ਕਰਨ ਦੇ ਚਾਹਵਾਨਾਂ ਲਈ ਸੰਪਰਕ ਲਈ ਤਿੰਨ ਫੋਨ ਨੰਬਰ ਵੀ ਦਿੱਤੇ ਗਏ ਹਨ।
Advertisement
Advertisement