Farmer Protest: ਮਰਨ ਵਰਤ ’ਤੇ ਬੈਠੇ ਇਕ ਕਿਸਾਨ ਨੂੰ ਪਿਆ ਮਿਰਗੀ ਦਾ ਦੌਰਾ
ਮੋਰਚੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਦਿੱਤੀ ਮੁੱਢਲੀ ਸਹਾਇਤਾ; ਰਾਜਿੰਦਰਾ ਹਸਪਤਾਲ ਤੋਂ ਪੁੱਜੀ ਟੀਮ ਨੇ ਵੀ ਕੀਤਾ ਕਿਸਾਨ ਦਾ ਮੁਆਇਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਜਨਵਰੀ
Farmer Protest: ਢਾਬੀ ਗੁੱਜਰਾਂ (ਖਨੌਰੀ) ਬਾਰਡਰ 'ਤੇ ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਦੇ ਜਥੇ ਦਾ ਵੀਰਵਾਰ ਨੂੰ ਦੂਜਾ ਦਿਨ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੇ ਮਰਨ ਵਰਤ ਦਾ 52ਵਾਂ ਦਿਨ ਜਾਰੀ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ।
ਇਸ ਦੌਰਾਨ ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਵਿੱਚੋਂ ਪ੍ਰਿਤਪਾਲ ਸਿੰਘ ਨੂੰ ਅੱਜ ਮਿਰਗੀ ਦਾ ਦੌਰਾ ਪੈਣ ਕਰ ਕੇ ਬਾਰਡਰ ’ਤੇ ਹਫੜਾ-ਦਫੜੀ ਮੱਚ ਗਈ। ਕਿਸਾਨਾਂ ਦੀ ਦੇਖਭਾਲ ਕਰਦੀ ਡਾਕਟਰ ਸਵੈਮਾਨ ਦੀ ਟੀਮ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਡਾਕਟਰਾਂ ਵੱਲੋਂ ਕਿਸਾਨ ਦੇ ਹੱਥਾਂ ਪੈਰਾਂ ਦੀ ਮਾਲਸ਼ ਕਰਦਿਆਂ ਵਾਰ ਵਾਰ ਛਾਤੀ ਨੂੰ ਦੁਬਾਉਣ (ਭਾਵ ਸੀਪੀਆਰ ਦੇਣ) ਤੋਂ ਬਾਅਦ ਪ੍ਰਿਤਪਾਲ ਦੀ ਹਾਲਤ ਨਾਰਮਲ ਹੋਈ।
ਇਸੇ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਦੀ ਟੀਮ ਵੱਲੋਂ ਬਾਰਡਰ 'ਤੇ ਪਹੁੰਚ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਪ੍ਰਿਤਪਾਲ ਸਿੰਘ ਦੀ ਡਾਕਟਰੀ ਜਾਂਚ ਕੀਤੀ ਗਈ। ਡਾਕਟਰ ਸਵੈਮਾਨ ਦੀ ਡਾਕਟਰੀ ਟੀਮ ਵਿਚੋਂ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਬਜ਼ੁਰਗਾਂ ਜਾਂ ਨੌਜਵਾਨਾਂ ਦੀ ਕੋਈ ਦਵਾਈ ਚੱਲ ਰਹੀ ਹੁੰਦੀ ਹੈ, ਉਸ ਨੂੰ ਇਕਦਮ ਛੱਡ ਦੇਣ ਕਾਰਨ ਕਈ ਵਾਰ ਸਥਿਤੀ ਗੰਭੀਰ ਬਣ ਜਾਂਦੀ ਹੈ।