ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਉਤਪਾਦਕ ਸੰਗਠਨ: ਚੁਣੌਤੀਆਂ ਅਤੇ ਰੁਕਾਵਟਾਂ

07:47 AM Sep 23, 2023 IST

ਡਾ. ਖੁਸ਼ਦੀਪ ਧਰਨੀ*, ਡਾ. ਤੇਜਿੰਦਰ ਸਿੰਘ ਰਿਆੜ**

ਭਾਰਤੀ ਅਰਥ-ਵਿਵਸਥਾ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿੱਚ ਖੇਤੀਬਾੜੀ ਸੈਕਟਰ ਦੀ ਅਹਿਮ ਭੂਮਿਕਾ ਹੈ। ਮੰਗ ਅਤੇ ਪੂਰਤੀ ਦੇ ਸੰਦਰਭ ਵਿੱਚ ਇਸ ਖਿੱਤੇ ਦੀ ਅਹਿਮੀਅਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਪਰ ਅਜੋਕੇ ਆਰਥਿਕ ਹਾਲਾਤ ਖੇਤੀ ਖਿੱਤੇ ਵਿੱਚ ਇੱਕ ਭਰਵੀਂ ਤਬਦੀਲੀ ਦੀ ਮੰਗ ਰੱਖਦੇ ਹਨ। ਇਹ ਤਬਦੀਲੀ ਕਈ ਸਰੂਪਾਂ ਵਿੱਚ ਲੋੜੀਂਦੀ ਹੈ। ਖੇਤੀ ਤੋਂ ਖੇਤੀ ਵਪਾਰ ਤੱਕ ਦਾ ਸਫ਼ਰ, ਉਤਪਾਦਨ ਆਧਾਰਤ ਸੋਚ ਤੋਂ ਖ਼ਪਤਕਾਰ ਆਧਾਰਤ ਸੋਚ ਤੱਕ ਦਾ ਪੈਂਡਾ ਅਤੇ ਝਾੜ ਦੇ ਨਾਲ-ਨਾਲ ਗੁਣਵੱਤਾ ਉੱਪਰ ਧਿਆਨ ਦੇ ਉਪਰਾਲੇ ਇਸ ਤਬਦੀਲੀ ਲਈ ਦਰਕਾਰ ਹਨ। ਉਪਰੋਕਤ ਦਰਸਾਈਆਂ ਤਬਦੀਲੀਆਂ ਸਦਕਾ ਅਜੋਕੇ ਖੇਤੀ ਸਮੱਸਿਆਵਾਂ ਦੇ ਪ੍ਰਭਾਵੀ ਹੱਲ ਹੋਂਦ ਵਿੱਚ ਲਿਆਂਦੇ ਜਾ ਸਕਦੇ ਹਨ। ਸਾਫ਼ ਤੌਰ ਉੱਪਰ ਕਿਸਾਨੀ ਲਈ ਉਤਪਾਦਨ ਗਤੀਵਿਧੀਆਂ ਤੋਂ ਬਾਅਦ ਪ੍ਰਭਾਵੀ ਰੂਪ ਵਿੱਚ ਮੰਡੀ ਤੱਕ ਪਹੁੰਚ ਕਰਨੀ ਲਾਜ਼ਮੀ ਹੋ ਗਈ ਹੈ।
ਅਜੋਕੇ ਮੰਡੀ ਹਾਲਾਤ ਵਿੱਚ ਹਰ ਖੇਤਰ ਵਿੱਚ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਅਤੇ ਖੇਤੀਬਾੜੀ ਵੀ ਇਸ ਸੰਦਰਭ ਵਿੱਚ ਅਛੂਤੀ ਨਹੀਂ ਹੈ। ਆਮ ਤੌਰ ਉੱਪਰ ਇਕੱਲੇ ਕਿਸਾਨ ਕੋਲ ਇਸ ਹਾਲਾਤ ਨਾਲ ਨਜਿੱਠਣ ਲਈ ਲੋੜੀਂਦੇ ਸੰਸਾਧਨ ਅਤੇ ਸਮਰੱਥਾ ਨਹੀਂ ਹੁੰਦੀ। ਉਤਪਾਦਨ ਦੇ ਪੱਧਰ ਵਿਚਲੀ ਘਾਟ ਸਦਕਾ ਖ਼ਰੀਦ ਅਤੇ ਉਤਪਾਦਨ ਲਾਗਤਾਂ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਘੱਟ ਲਾਗਤ ਉੱਪਰ ਪ੍ਰਾਸੈਸਿੰਗ ਕਰਨ, ਮਾਰਕਾ ਤਿਆਰ ਕਰਨ ਅਤੇ ਵੱਡੇ ਪੱਧਰ ਉੱਪਰ ਵੰਡ ਪ੍ਰਣਾਲੀ ਸਥਾਪਿਤ ਕਰਨ ਵਿੱਚ ਵੀ ਔਕੜਾਂ ਆਉਂਦੀਆਂ ਹਨ। ਸੰਸਾਧਨਾਂ ਅਤੇ ਹੀਲਿਆਂ ਦੀ ਇਕਜੁੱਟਤਾ ਸਦਕਾ ਮੁਕਾਬਲੇ ਦਾ ਬਿਹਤਰ ਢੰਗ ਨਾਲ ਸਾਹਮਣਾ ਕੀਤਾ ਜਾ ਸਕਦਾ ਹੈ ਅਤੇ ਲਾਹੇਵੰਦੀ ਨਾਲ ਖੇਤੀ ਵਪਾਰ ਆਧਾਰਤ ਕਾਰਜ ਅਮਲ ਵਿੱਚ ਲਿਆਂਦੇ ਜਾ ਸਕਦੇ ਹਨ। ਕਿਸਾਨ ਉਤਪਾਦਕ ਸੰਗਠਨ ਦੀ ਧਾਰਨਾ ਇਸ ਸੰਦਰਭ ਵਿੱਚ ਪ੍ਰਭਾਵੀ ਹੱਲ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ।
ਇੱਕ ਉਤਪਾਦਕ ਸੰਗਠਨ ਮੁੱਢਲੇ ਉਤਪਾਦਕਾਂ ਵੱਲੋਂ ਬਣਾਈ ਗਈ ਕਾਨੂੰਨੀ ਇਕਾਈ ਹੁੰਦੀ ਹੈ। ਮੁੱਢਲੇ ਉਤਪਾਦਕਾਂ ਦੀ ਪਰਿਭਾਸ਼ਾ ਵਿੱਚ ਕਿਸਾਨਾਂ, ਦੁੱਧ ਉਤਪਾਦਕਾਂ, ਬੁਣਕਰਾਂ, ਪੇਂਡੂ ਕਾਰੀਗਰਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਬਣਾਏ ਗਏ ਉਤਪਾਦਕ ਸੰਗਠਨ ਨੂੰ ਕਿਸਾਨ ਉਤਪਾਦਕ ਸੰਗਠਨ ਦਾ ਨਾਂ ਦਿੱਤਾ ਗਿਆ ਹੈ। ਕਿਸਾਨ ਉਤਪਾਦਕ ਸੰਗਠਨ ਨੂੰ ਕੋਈ ਵੀ ਕਾਨੂੰਨੀ ਸ਼ਕਲ ਦਿੱਤੀ ਜਾ ਸਕਦੀ ਹੈ। ਪ੍ਰਮੁੱਖ ਬਦਲਾਂ ਵਿੱਚ ਪ੍ਰੋਡਿਊਸਰ ਕੰਪਨੀ ਅਤੇ ਸਹਿਕਾਰੀ ਸਮਿਤੀ ਨੂੰ ਸ਼ੁਮਾਰ ਕੀਤਾ ਗਿਆ ਹੈ। ਕਿਸਾਨ ਉਤਪਾਦਕ ਸੰਗਠਨ ਦੇ ਮੈਂਬਰ ਕਿਸਾਨ ਹੀ ਹੋ ਸਕਦੇ ਹਨ। ਖੇਤੀ, ਬਾਗ਼ਬਾਨੀ, ਪਸ਼ੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ ਆਦਿ ਕਿੱਤਿਆਂ ਨਾਲ ਜੁੜੇ ਵਿਅਕਤੀ ਢੁੱਕਵੇਂ ਉਤਪਾਦਕ ਸੰਗਠਨ ਦੀ ਸਿਰਜਣਾ ਕਰ ਸਕਦੇ ਹਨ। ਕਿਸਾਨ ਉਤਪਾਦਕ ਸੰਗਠਨ ਦਾ ਮੁੱਖ ਮੰਤਵ ਮੁੱਢਲੇ ਉਤਪਾਦਕਾਂ ਦੀ ਆਮਦਨੀ ਵਿੱਚ ਵਾਧਾ ਕਰਨਾ ਹੁੰਦਾ ਹੈ। ਉਤਪਾਦਕ ਅਤੇ ਖ਼ਪਤਕਾਰ ਵਿੱਚ ਵਿਚੋਲਿਆਂ ਦੀ ਲੰਬੀ ਕਤਾਰ ਹੁੰਦੀ ਹੈ। ਇਸ ਕਤਾਰ ਵਿੱਚ ਸਭ ਤੋਂ ਜ਼ਿਆਦਾ ਮੁਨਾਫ਼ਾ ਦਰਜ ਕਰਦੇ ਹਨ ਅਤੇ ਉਤਪਾਦਕ ਆਪਣੇ ਬਣਦੇ ਮੁਨਾਫ਼ੇ ਤੋਂ ਵਾਂਝੇ ਰਹਿ ਜਾਂਦੇ ਹਨ। ਆਪਣੇ ਸੰਸਾਧਨ ਇਕਜੁੱਟ ਕਰ ਕੇ ਉਤਪਾਦਕ ਖ਼ਪਤਕਾਰਾਂ ਤੱਕ ਸਿੱਧੀ ਪਹੁੰਚ ਕਰ ਸਕਦੇ ਹਨ ਅਤੇ ਮੰਡੀ ਨਾਲ ਬਿਹਤਰ ਜੁੜਾਅ ਸਦਕਾ ਆਪਣੀ ਆਮਦਨ ਵਿੱਚ ਇਜ਼ਾਫਾ ਕਰ ਸਕਦੇ ਹਨ। ਕਈ ਅਦਾਰੇ ਕਿਸਾਨ ਉਤਪਾਦਕ ਸੰਗਠਨਾਂ ਦੇ ਪ੍ਰਚਾਰ, ਸਿਰਜਣ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਨ੍ਹਾਂ ਅਦਾਰਿਆਂ ਵਿੱਚ ਨਾਬਾਰਡ, ਸਮਾਲ ਫਾਰਮਰਜ਼ ਐਗਰੀ ਬਿਜ਼ਨਸ ਕਨਸੌਰਟੀਅਮ, ਸਰਕਾਰੀ ਮਹਿਕਮੇ, ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਆਦਿ ਸ਼ਾਮਲ ਹਨ। ਸੈਂਟਰਲ ਸੈਕਟਰ ਸਕੀਮ ਤਹਿਤ ਪੂਰੇ ਭਾਰਤ ਵਿੱਚ 10,000 ਕਿਸਾਨ ਉਤਪਾਦਕ ਸੰਗਠਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਸਕੀਮ ਤਹਿਤ ਕਿਸਾਨ ਉਤਪਾਦਕ ਸੰਗਠਨ ਦੀ ਲਹਿਰ ਨੂੰ ਕਾਫ਼ੀ ਤਾਕਤ ਮਿਲੀ ਹੈ।
ਉਤਪਾਦਕਾਂ ਦੇ ਯਤਨਾਂ ਨੂੰ ਇਕੱਠਾ ਕਰਨ ਲਈ ਕਈ ਤਰ੍ਹਾਂ ਦੇ ਕਿਸਾਨ ਉਤਪਾਦਕ ਸੰਗਠਨ ਸਿਰਜੇ ਜਾ ਸਕਦੇ ਹਨ। ਇਨ੍ਹਾਂ ਕਾਨੂੰਨੀ ਸ਼ਕਲਾਂ ਨੂੰ ਹੇਠ ਲਿਖੇ ਅਨੁਸਾਰ ਲੜੀਬੱਧ ਕੀਤਾ ਜਾਂਦਾ ਹੈ:
* ਕੰਪਨੀਜ਼ ਐਕਟ 2013, ਵਿੱਚ ਪ੍ਰੋਡਿਊਸਰ ਕੰਪਨੀ ਵਜੋਂ
* ਕੋਆਪਰੇਟਿਵ ਸੁਸਾਇਟੀ ਦੇ ਤੌਰ ਉੱਪਰ
* ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ ਦੇ ਤੌਰ ਉੱਪਰ
* ਕੰਪਨੀਜ਼ ਐਕਟ 2013 ਵਿੱਚ ਸੈਕਸ਼ਨ 8 ਕੰਪਨੀ ਵਜੋਂ
* ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਵਿੱਚ ਸੁਸਾਇਟੀ ਵਜੋਂ
* ਪਬਲਿਕ ਟਰੱਸਟ ਐਕਟ 1882 ਤਹਿਤ ਟਰੱਸਟ ਵਜੋਂ
ਉਪਰੋਕਤ ਦੱਸੀਆਂ ਕਾਨੂੰਨੀ ਸ਼ਕਲਾਂ ਵਿੱਚ ਵੱਖੋ-ਵੱਖ ਨੁਕਤਿਆਂ ਦੇ ਆਧਾਰ ਉੱਪਰ ਫ਼ਰਕ ਦੇਖਣ ਨੂੰ ਮਿਲਦਾ ਹੈ। ਨਿਰੰਤਰਤਾ ਅਤੇ ਕੰਮ ਕਰਨ ਦੀ ਆਜ਼ਾਦੀ ਦੇ ਲਿਹਾਜ਼ ਨਾਲ ਪ੍ਰੋਡਿਊਸਰ ਕੰਪਨੀ ਸਭ ਤੋਂ ਵਧੀਆ ਬਦਲ ਦੇ ਤੌਰ ’ਤੇ ਉੱਭਰ ਕੇ ਆਉਂਦੀ ਹੈ। ਪ੍ਰੋਡਿਊਸਰ ਕੰਪਨੀ ਪ੍ਰਾਈਵੇਟ ਲਿਮਟਡ ਕੰਪਨੀ ਅਤੇ ਕੋਆਪਰੇਟਿਵ ਸੁਸਾਇਟੀ ਦਾ ਸੁਮੇਲ ਹੈ। ਇਸ ਵਿੱਚ ਪ੍ਰਾਈਵੇਟ ਲਿਮਟਡ ਕੰਪਨੀ ਦੇ ਪੇਸ਼ੇਵਰ ਪ੍ਰਬੰਧਨ ਦੇ ਫ਼ਾਇਦੇ ਨਾਲ ਕੋਆਪਰੇਟਿਵ ਸੁਸਾਇਟੀ ਦੇ ਆਪਸਦਾਰੀ ਵਾਲੇ ਗੁਣਾਂ ਤੋਂ ਫ਼ਾਇਦਾ ਲਿਆ ਜਾ ਸਕਦਾ ਹੈ। ਇਸ ਸੰਦਰਭ ਵਿੱਚ ਪ੍ਰੋਡਿਊਸਰ ਕੰਪਨੀ ਅਤੇ ਕੋਆਪਰੇਟਿਵ ਸੁਸਾਇਟੀ ਦੀ ਤੁਲਨਾ ਜ਼ਰੂਰੀ ਹੋ ਜਾਂਦੀ ਹੈ। ਕੋਆਪਰੇਟਿਵ ਸੁਸਾਇਟੀ ਆਮ ਤੌਰ ਉੱਪਰ ਇੱਕ ਆਯਾਮੀ ਮੰਤਵ ਨਾਲ ਕੰਮ ਕਰਦੀ ਹੈ ਜਦੋਂ ਕਿ ਪ੍ਰੋਡਿਊਸਰ ਕੰਪਨੀ ਵਿੱਚ ਬਹੁ ਆਯਾਮੀ ਮੰਤਵ ਨਾਲ ਜ਼ਿਆਦਾ ਵਪਾਰਕ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ। ਕੋਆਪਰੇਟਿਵ ਸੁਸਾਇਟੀ ਦਾ ਦਾਇਰਾ ਸੀਮਿਤ ਹੁੰਦਾ ਹੈ ਜਦੋਂਕਿ ਪ੍ਰੋਡਿਊਸਰ ਕੰਪਨੀ ਪੂਰੇ ਦੇਸ਼ ਵਿੱਚ ਮੁਨਾਫ਼ੇ ਦੀ ਵੰਡ ਉੱਪਰ ਕੋਈ ਸ਼ਰਤ ਨਹੀਂ ਹੁੰਦੀ ਅਤੇ ਵਪਾਰ ਦੇ ਫੈਲਾਅ ਅਨੁਸਾਰ ਜ਼ਿਆਦਾ ਮੁਨਾਫ਼ਾ ਵੰਡਿਆ ਜਾ ਸਕਦਾ ਹੈ। ਕੋਆਪਰੇਟਿਵ ਸੁਸਾਇਟੀ ਦੀ ਤਰਜ਼ ਉੱਤੇ ਫ਼ੈਸਲਾ ਲੈਣ ਸਮੇਂ ਹਰ ਇੱਕ ਮੈਂਬਰ ਦੀ ਇੱਕ ਵੋਟ ਪ੍ਰੋਡਿਊਸਰ ਕੰਪਨੀ ਤਹਿਤ ਵੀ ਮੰਨਣਯੋਗ ਹੈ। ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਵੀਟੋ ਦਾ ਇਸਤੇਮਾਲ ਕਰ ਕੇ ਸੁਸਾਇਟੀ ਵੱਲੋਂ ਕੀਤੇ ਫ਼ੈਸਲੇ ਨਾਕਾਰ ਸਕਦਾ ਹੈ ਪਰ ਪੋ੍ਰਡਿਊਸਰ ਕੰਪਨੀ ਪੂਰਨ ਤੌਰ ’ਤੇ ਖ਼ੁਦਮੁਖ਼ਤਿਆਰ ਹੁੰਦੀ ਹੈ ਅਤੇ ਬਾਹਰੀ ਦਖ਼ਲਅੰਦਾਜ਼ੀ ਤੋਂ ਰਹਿਤ ਹੁੰਦੀ ਹੈ।
ਚੁਣੌਤੀਆਂ ਅਤੇ ਰੁਕਾਵਟਾਂ: ਕਿਸਾਨ ਉਤਪਾਦਕ ਸੰਗਠਨਾਂ ਰਾਹੀਂ ਪੇਂਡੂ ਖਿੱਤੇ ਵਿੱਚ ਖੁਸ਼ਹਾਲੀ ਵੰਡਣ ਦੇ ਰਾਹ ਵਿੱਚ ਕਈ ਚੁਣੌਤੀਆਂ ਅਤੇ ਰੁਕਾਵਟਾਂ ਵੀ ਦਰਪੇਸ਼ ਹਨ। ਇਨ੍ਹਾਂ ਚੁਣੌਤੀਆਂ ਅਤੇ ਰੁਕਾਵਟਾਂ ਨੂੰ ਪਾਰ ਕਰ ਕੇ ਕਿਸਾਨ ਉਤਪਾਦਕ ਸੰਗਠਨਾਂ ਦੀ ਬਿਹਤਰ ਕਾਰਗੁਜ਼ਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਰੁਕਾਵਟਾਂ ਕਿਸਾਨ ਉਤਪਾਦਕ ਸੰਗਠਨਾਂ ਦੇ ਸਿਰਜਣ ਸਮੇਂ ਬਣਤਰ ਸਬੰਧਤ ਤਰੁੱਟੀਆਂ ਕਾਰਨ ਦਰਪੇਸ਼ ਆਉਂਦੀਆਂ ਹਨ। ਕਾਹਲ ਨਾਲ ਸਿਰਜੇ ਗਏ ਕਿਸਾਨ ਉਤਪਾਦਕ ਸੰਗਠਨ ਭਵਿੱਖ ਵਿੱਚ ਵਾਧੇ ਅਤੇ ਮੁਨਾਫ਼ੇ ਦੀ ਰਾਹ ਵਿੱਚ ਰੁਕਾਵਟ ਦਾ ਸਬੱਬ ਬਣਦੇ ਹਨ। ਕਿਸਾਨ ਉਤਪਾਦਕ ਸੰਗਠਨ ਦੀ ਧਾਰਨਾ ਕਿਸਾਨਾਂ ਉੱਪਰ ਕੇਂਦਰਤ ਅਤੇ ਉਨ੍ਹਾਂ ਦੀ ਭਾਗੀਦਾਰੀ ਆਧਾਰਿਤ ਹੈ। ਇਸ ਕਰ ਕੇ ਕਿਸਾਨ ਉਤਪਾਦਕ ਸੰਗਠਨ ਦੇ ਸਿਰਜਣ ਵਿੱਚ ਪਕਿਆਈ ਲਿਆਉਣ ਲਈ ਲੋੜੀਂਦਾ ਸਮਾਂ ਦੇਣਾ ਜ਼ਰੂਰੀ ਹੈ।
ਇਕ ਕਿਸਾਨ ਉਤਪਾਦਕ ਸੰਗਠਨ ਦੀ ਕਾਰਗੁਜ਼ਾਰੀ ਮੈਂਬਰਾਂ ਦੀ ਸ਼ਮੂਲੀਅਤ ਅਤੇ ਉਤਸ਼ਾਹ ਉੱਪਰ ਨਿਰਭਰ ਕਰਦੀ ਹੈ। ਮੈਂਬਰਾਂ ਦੀ ਗਿਣਤੀ ਦੀ ਕਮੀ ਅਤੇ ਸਿਰਫ਼ ਕੁਝ ਹੀ ਮੈਂਬਰਾਂ ਵੱਲੋਂ ਨਿਰੰਤਰ ਤੌਰ ਉੱਪਰ ਸ਼ਮੂਲੀਅਤ ਉਤਪਾਦਕ ਸੰਗਠਨ ਦੀਆਂ ਗਤੀਵਿਧੀਆਂ ਅਤੇ ਇਸ ਦੀ ਤਰੱਕੀ ਨੂੰ ਠੇਸ ਪਹੁੰਚਾਉਂਦੀਆਂ ਹਨ। ਕਿਸੇ ਵੀ ਵਪਾਰ ਦੀ ਪ੍ਰਫੁੱਲਤਾ ਲਈ ਤਿੰਨ ਗੱਲਾਂ ਦੀ ਲੋੜ ਹੁੰਦੀ ਹੈ। ਆਕਾਰ, ਕਿੱਤੇ ਅਤੇ ਥਾਂ ਵਿੱਚ ਭਿੰਨਤਾ ਤੋਂ ਰਹਿਤ ਇਹ ਗੱਲਾਂ ਹਰ ਇੱਕ ਵਪਾਰ ਉੱਤੇ ਲਾਗੂ ਹਨ। ਚਿਰ ਸਮੇਂ ਤੱਕ ਹੋਂਦ ਵਿੱਚ ਬਣੇ ਰਹਿਣਾ, ਵਾਧਾ ਅਤੇ ਲੰਬੇ ਸਮੇਂ ਵਿੱਚ ਲਾਹੇਵੰਦੀ ਤੋਂ ਬਗੈਰ ਕੋਈ ਵੀ ਵਪਾਰਕ ਇਕਾਈ ਕਾਮਯਾਬ ਨਹੀਂ ਹੋ ਸਕਦੀ। ਕਿਸਾਨ ਉਤਪਾਦਕ ਸੰਗਠਨਾਂ ਦੇ ਸੰਦਰਭ ਵਿੱਚ ਉਪਰੋਕਤ ਦਰਸਾਈਆਂ ਤਿੰਨ ਗੱਲਾਂ ਦੀ ਪੂਰਤੀ ਲਈ ਵਪਾਰਕ ਗਤੀਵਿਧੀਆਂ ਵਿੱਚ ਨਿਰੰਤਰ ਵਾਧਾ ਸਭ ਤੋਂ ਅਹਿਮ ਹੈ। ਇਹ ਵਾਧਾ ਮੈਂਬਰਾਂ ਦੀ ਗਿਣਤੀ ਵਧਾ ਕੇ ਅਤੇ ਉਨ੍ਹਾਂ ਦੀ ਨਿਰੰਤਰ ਸ਼ਮੂਲੀਅਤ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ।
ਕਿਸਾਨ ਉਤਪਾਦਕ ਸੰਗਠਨ ਦੀ ਧਾਰਨਾ ਇਕੱਠੇ ਰਲ ਕੇ ਕੰਮ ਕਰਨ ਅਤੇ ਇਕਜੁੱਟਤਾ ਲੈ ਕੇ ਆਉਣ ਉੱਪਰ ਆਧਾਰਤ ਹੈ। ਖ਼ਰੀਦ, ਉਤਪਾਦਨ ਅਤੇ ਮੰਡੀਕਰਨ ਗਤੀਵਿਧੀਆਂ ਵਿੱਚ ਸਾਂਝੇ ਉਪਰਾਲੇ ਕਰ ਕੇ ਉਪਰੋਕਤ ਧਾਰਨਾ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਦੇਖਣ ਵਿੱਚ ਆਉਂਦਾ ਹੈ ਕਿ ਕਿਸਾਨ ਉਤਪਾਦਕ ਸੰਗਠਨ ਖ਼ਰੀਦ ਸਬੰਧ ਸਾਂਝੇ ਉਪਰਾਲੇ ਕਰ ਕੇ ਲਾਹਾ ਲੈਣ ਵਿੱਚ ਸਮਰੱਥ ਹੁੰਦੇ ਹਨ ਪਰ ਖ਼ਪਤਕਾਰਾਂ ਅਤੇ ਮੰਡੀ ਤੱਕ ਪਹੁੰਚ ਕਰਨ ਲਈ ਲੋੜੀਂਦੇ ਸਾਂਝੇ ਉਪਰਾਲਿਆਂ ਵਿੱਚ ਪਛੜ ਜਾਂਦੇ ਹਨ। ਅੰਤਿਮ ਖ਼ਪਤਕਾਰ ਤੱਕ ਪਹੁੰਚ ਕਰ ਕੇ ਹੀ ਜ਼ਿਆਦਾ ਮੁਨਾਫ਼ਾ ਲਿਆ ਜਾ ਸਕਦਾ ਹੈ ਪਰ ਕਈ ਵਾਰ ਮੰਡੀ ਤੱਕ ਪਹੁੰਚ ਕਰਨ ਲਈ ਲੋੜੀਂਦੇ ਉਪਰਾਲਿਆਂ ਦੀ ਘਾਟ ਲਾਹੇਵੰਦੀ ਅਤੇ ਵਪਾਰਕ ਵਾਧੇ ਨੂੰ ਢਾਹ ਲਾਉਂਦੀ ਹੈ। ਕਿਸਾਨ ਉਤਪਾਦਕ ਸੰਗਠਨਾਂ ਨੂੰ ਮੰਡੀ ਨਾਲ ਜੁੜਨ ਦੇ ਮੌਕੇ ਲੱਭ ਕੇ ਪ੍ਰਭਾਵੀ ਤੌਰ ਉੱਪਰ ਖ਼ਪਤਕਾਰਾਂ ਨਾਲ ਜੁੜ ਕੇ ਵਪਾਰਕ ਪਸਾਰ ਨੂੰ ਹਾਸਲ ਕਰਨ ਉੱਪਰ ਖਾਸ ਤਵੱਜੋਂ ਦੇਣੀ ਚਾਹੀਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੰਡੀਕਰਨ ਗਤੀਵਿਧੀਆਂ ਸਬੰਧੀ ਸਾਂਝੇ ਉਪਰਾਲੇ ਅੰਜ਼ਾਮ ਦੇਣ ਵਿੱਚ ਕਈ ਸਾਰੀਆਂ ਔਕੜਾਂ ਦਰਪੇਸ਼ ਆਉਂਦੀਆਂ ਹਨ ਪਰ ਮਾਹਿਰਾਂ ਦੀ ਮਦਦ ਨਾਲ ਢੁਕਵੇਂ ਹੱਲ ਦੀ ਤਲਾਸ਼ ਸਦਕਾ ਹੀ ਇਨ੍ਹਾਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਜ਼ਿਆਦਾਤਰ ਕਿਸਾਨ ਉਤਪਾਦਕ ਸੰਗਠਨ ਵਪਾਰਕ ਵਿਉਂਤਬੰਦੀ ਵਿੱਚ ਊਣਤਾਈਆਂ ਕਰ ਕੇ ਲੰਬੇ ਸਮੇਂ ਤੱਕ ਚੱਲਣ ਵਿੱਚ ਔਖ ਮਹਿਸੂਸ ਕਰਦੇ ਹਨ। ਕਈ ਵਾਰ ਬਿਨਾਂ ਕਿਸੇ ਵਪਾਰਕ ਵਿਉਂਤ ਦੇ ਹੀ ਕਿਸਾਨ ਉਤਪਾਦਕ ਸੰਗਠਨਾਂ ਦਾ ਸਿਰਜਣ ਕਰ ਦਿੱਤਾ ਜਾਂਦਾ ਹੈ। ਉਪਰੋਕਤ ਕਾਰਨ ਸਦਕਾ ਉਤਪਾਦਕ ਸੰਗਠਨ ਆਸ ਮੁਤਾਬਕ ਆਪਣੀ ਕਾਰਗੁਜ਼ਾਰੀ ਕਰਨ ਵਿੱਚ ਫੇਲ੍ਹ ਹੋ ਜਾਂਦੇ ਹਨ। ਧਿਆਨਯੋਗ ਹੈ ਕਿ ਵਪਾਰਕ ਵਿਉਂਤਬੰਦੀ ਦੀ ਪ੍ਰਕਿਰਿਆ ਕਿਸਾਨ ਉਤਪਾਦਕ ਸੰਗਠਨ ਨੂੰ ਬਣਾਉਣ ਦੀ ਪ੍ਰਕਿਰਿਆ ਦਾ ਸਭ ਤੋਂ ਅਹਿਮ ਹਿੱਸਾ ਹੈ। ਵਪਾਰਕ ਵਿਉਂਤ ਕਿਸਾਨ ਉਤਪਾਦਕ ਸੰਗਠਨ ਦੇ ਕੰਮ ਕਰਨ ਲਈ ਸਭ ਤੋਂ ਅਹਿਮ ਦਸਤਾਵੇਜ਼ ਹੈ ਜੋ ਕਿ ਸੰਗਠਨ ਨੂੰ ਭਵਿੱਖ ਲਈ ਸੇਧ ਪ੍ਰਦਾਨ ਕਰਦਾ ਹੈ। ਵਪਾਰਕ ਵਿਉਂਤ ਵਿੱਚ ਅੰਦਰੂਨੀ ਅਤੇ ਬਾਹਰੀ ਹਾਲਾਤ ਦਾ ਜਾਇਜ਼ਾ ਲੈ ਕੇ ਨਵਾਂ ਕੰਮ ਕਰਨ ਲਈ ਟੀਚੇ ਮਿਥੇ ਜਾਂਦੇ ਹਨ ਅਤੇ ਲੋੜੀਂਦੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ। ਵਪਾਰਕ ਵਿਉਂਤ ਵਿੱਚ ਵਪਾਰ ਦੇ ਸਾਰੇ ਪੱਖ ਜਿਵੇਂ ਕਿ ਮੰਡੀਕਰਨ ਪ੍ਰਬੰਧ, ਵਿੱਤੀ ਪ੍ਰਬੰਧ, ਉਤਪਾਦਨ ਪ੍ਰਬੰਧ, ਕਰਮਚਾਰੀ ਵਰਗ ਪ੍ਰਬੰਧ, ਖ਼ਰੀਦ ਪ੍ਰਬੰਧ, ਭੰਡਾਰਨ ਪ੍ਰਬੰਧ ਸ਼ਾਮਲ ਕੀਤੇ ਜਾਂਦੇ ਹਨ। ਨਰੋਏ ਅਤੇ ਢੁਕਵੇਂ ਵਪਾਰਕ ਵਿਉਂਤ ਦਸਤਾਵੇਜ਼ ਤੋਂ ਬਿਨਾਂ ਉਤਪਾਦਕ ਸੰਗਠਨ ਦਿਸ਼ਾਹੀਣ ਹੁੰਦਾ ਹੈ ਅਤੇ ਜ਼ਿਆਦਾ ਸਮੇਂ ਤੱਕ ਵਧੀਆ ਕਾਰਗੁਜ਼ਾਰੀ ਨਹੀਂ ਕਰ ਸਕਦਾ। ਵਧੀਆ ਵਪਾਰਕ ਵਿਉਂਤ ਦੇ ਨਾ ਹੋਣ ਦੀ ਸੂਰਤ ਵਿੱਚ ਕਿਸਾਨ ਉਤਪਾਦਕ ਸੰਗਠਨ ਵਿੱਤੀ ਅਦਾਰਿਆਂ ਤੋਂ ਵਿੱਤੀ ਮਦਦ ਲੈਣ ਵਿੱਚ ਅਸਮਰੱਥ ਹੁੰਦੇ ਹਨ ਅਤੇ ਆਪਣੀਆਂ ਵਪਾਰਕ ਗਤੀਵਿਧੀਆਂ ਵਿੱਚ ਲੋੜੀਂਦੀ ਵਾਧੇ ਦੀ ਰਫ਼ਤਾਰ ਰਾਹੀਂ ਲਿਆ ਸਕਦੇ।
ਇਕੱਠੇ ਰਲ ਕੇ ਉਪਰਾਲੇ ਕਰਨ ਨਾਲ ਉਤਪਾਦਕ ਸੰਗਠਨਾਂ ਦੇ ਮੈਂਬਰਾਂ ਨੂੰ ਸਮਾਜਿਕ ਅਤੇ ਮਨੋਵਿਗਿਆਨਕ ਤੌਰ ਉੱਪਰ ਸਹਾਰਾ ਮਿਲਦਾ ਹੈ। ਇਸ ਦੇ ਨਾਲ ਹੀ ਉਤਪਾਦਕ ਸੰਗਠਨ ਨਾਲ ਜੁੜਨ ਦਾ ਮੁੱਖ ਮਕਸਦ ਆਰਥਿਕ ਹੁੰਦਾ ਹੈ। ਮੈਂਬਰਾਂ ਨੂੰ ਕਿਸਾਨ ਉਤਪਾਦਕ ਸੰਗਠਨ ਨਾਲ ਜੋੜ ਕੇ ਰੱਖਣ ਲਈ ਸਾਂਝੇ ਫ਼ਾਇਦਿਆਂ ਸਬੰਧਤ ਦੋ ਸਿਧਾਂਤਾਂ ਬਾਰੇ ਖ਼ਿਆਲ ਰੱਖਣਾ ਜ਼ਰੂਰੀ ਹੈ। ਪਹਿਲਾ, ਮੈਂਬਰ ਉਤਪਾਦਕ ਸੰਗਠਨ ਨਾਲ ਉਦੋਂ ਤੱਕ ਹੀ ਜੁੜੇ ਰਹਿਣਗੇ ਜਦੋ ਤੱਕ ਉਨ੍ਹਾਂ ਨੂੰ ਸੰਗਠਨ ਦਾ ਹਿੱਸਾ ਬਣ ਕੇ, ਇਕੱਲੇ ਕੰਮ ਕਰਨ ਦੇ ਨਿਸਬਤ ਜ਼ਿਆਦਾ ਆਮਦਨ ਮਿਲ ਰਹੀ ਹੈ। ਦੂਸਰਾ, ਸਾਂਝੇ ਫ਼ਾਇਦਿਆਂ ਦੀ ਵੰਡ ਢੁਕਵੀਂ ਅਤੇ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਹੈ।
ਮੰਡੀ ਵਿੱਚ ਕਿਸਾਨ ਉਤਪਾਦਕ ਸੰਗਠਨ ਇੱਕ ਵਪਾਰਕ ਇਕਾਈ ਦੇ ਤੌਰ ’ਤੇ ਕੰਮ ਕਰਦੇ ਹਨ ਅਤੇ ਮੰਡੀ ਵਿਚਲੇ ਮੁਕਾਬਲੇ ਦਾ ਸਾਹਮਣਾ ਕਰਦੇ ਹਨ। ਉਤਪਾਦਨ ਕਲਾ ਵਿੱਚ ਕਿਸਾਨਾਂ ਦਾ ਕੋਈ ਸਾਨੀ ਨਹੀਂ ਹੈ ਪਰ ਵਪਾਰਕ ਕਲਾ ਵਿੱਚ ਕਮੀ ਕਾਰਨ ਔਖ ਮਹਿਸੂਸ ਹੁੰਦੀ ਹੈ। ਉਤਪਾਦਕ ਸੰਗਠਨਾਂ ਦੀ ਅਜੋਕੀ ਧਾਰਨਾ ਵਿੱਚ ਉਪਰੋਕਤ ਸਮੱਸਿਆ ਨਾਲ ਨਜਿੱਠਣ ਲਈ ਇਕ ਪ੍ਰਬੰਧਕ (ਸੀਈਓ) ਦੀ ਨਿਯੁਕਤੀ ਦਾ ਪ੍ਰਾਵਧਾਨ ਹੈ। ਉਤਪਾਦਕ ਸੰਗਠਨ ਦੇ ਰੋਜ਼ਾਨਾ ਦੇ ਕੰਮ ਇਸ ਪ੍ਰਬੰਧਕ ਦੇ ਜ਼ਿੰਮੇ ਹੁੰਦੇ ਹਨ। ਮੰਡੀ ਵਿੱਚ ਸਫ਼ਲਤਾ ਲਈ ਇਹ ਪ੍ਰਬੰਧਕ ਇੱਕ ਅਹਿਮ ਕੜੀ ਹੁੰਦਾ ਹੈ। ਇਸ ਲਈ ਨਿਯੁਕਤੀ ਸਮੇਂ ਪ੍ਰਬੰਧਕ ਦੀ ਲਿਆਕਤ, ਸਮਰੱਥਾ ਅਤੇ ਤਜਰਬੇ ਉੱਪਰ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਕਈ ਕਾਰਨਾਂ ਸਦਕਾ ਸੀਈਓ ਦੀ ਚੋਣ ਵਿੱਚ ਹੋਈਆਂ ਗ਼ਲਤੀਆਂ ਭਵਿੱਖ ਵਿੱਚ ਕਿਸਾਨ ਉਤਪਾਦਕ ਸੰਗਠਨ ਦੀ ਕਾਰਗੁਜ਼ਾਰੀ ਵਿੱਚ ਗਿਰਾਵਟ ਲੈ ਕੇ ਆਉਂਦੀਆਂ ਹਨ। ਪ੍ਰਬੰਧਕ ਦੀ ਸਟੀਕ ਚੋਣ ਅਤੇ ਸੁਚੱਜੀ ਟਰੇਨਿੰਗ ਸਦਕਾ ਕਿਸਾਨ ਉਤਪਾਦਕ ਸੰਗਠਨ ਸਫ਼ਲਤਾਂ ਦੀਆਂ ਬੁਲੰਦੀਆਂ ਛੋਹ ਸਕਦੇ ਹਨ।
ਕਿਸਾਨ ਉਤਪਾਦਕ ਸੰਗਠਨਾਂ ਵੱਲੋਂ ਦਰਕਾਰ ਉਪਰਾਲਿਆਂ ਦੇ ਨਾਲ ਹੀ ਜ਼ਰੂਰੀ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇ। ਸਰਕਾਰੀ ਅਦਾਰਿਆਂ ਅਤੇ ਬੈਂਕਾਂ ਵੱਲੋਂ ਇਨ੍ਹਾਂ ਸੰਗਠਨਾਂ ਨੂੰ ਤਰਜੀਹ ਦੇਣੀ ਅਤਿ-ਜ਼ਰੂਰੀ ਹੈ। ਸਰਕਾਰੀ ਅਦਾਰਿਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਦਿੱਤੀ ਗਈ ਤਰਜੀਹ ਉਤਪਾਦਕ ਸੰਗਠਨਾਂ ਦੇ ਸਰਪ੍ਰਸਤਾਂ ਵਿੱਚ ਆਤਮ-ਵਿਸ਼ਵਾਸ ਲੈ ਕੇ ਆਉਣ ਵਿੱਚ ਸਹਾਈ ਹੋ ਸਕਦੀ ਹੈ ਅਤੇ ਮੋਟੇ ਤੌਰ ’ਤੇ ਇਨ੍ਹਾਂ ਸੰਗਠਨਾਂ ਨੂੰ ਕਾਮਯਾਬੀ ਦੇ ਰਾਹ ਉੱਪਰ ਪਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਸਬੰਧਤ ਵਿਭਾਗਾਂ ਵੱਲੋਂ ਉਪਰੋਕਤ ਵਿਸ਼ੇ ਉੱਪਰ ਦਿੱਤੇ ਦਿਸ਼ਾ-ਨਿਰਦੇਸ਼ ਜ਼ਿਆਦਾ ਕਿਸਾਨ ਉਤਪਾਦਕ ਸੰਗਠਨਾਂ ਦੇ ਹੋਂਦ ਵਿੱਚ ਆਉਣ ਦਾ ਸਬੱਬ ਬਣ ਸਕਦੇ ਹਨ।
ਕਿਸਾਨ ਉਤਪਾਦਕ ਸੰਗਠਨ ਮੁੱਢਲੇ ਉਤਪਾਦਕਾਂ ਨੂੰ ਮੰਡੀ ਨਾਲ ਸਿੱਧੇ ਤੌਰ ਉੱਪਰ ਜੁੜਨ ਦੇ ਮੌਕੇ ਪ੍ਰਦਾਨ ਕਰਦੇ ਹਨ। ਧਿਆਨਯੋਗ ਹੈ ਕਿ ਸਿਰਫ਼ ਕਿਸਾਨ ਉਤਪਾਦਕ ਸੰਗਠਨਾਂ ਨੂੰ ਹੋਂਦ ਵਿੱਚ ਲਿਆ ਕੇ ਖੇਤੀ ਖਿੱਤੇ ਵਿੱਚ ਆਮਦਨੀ ਵਿੱਚ ਇਜ਼ਾਫੇ ਵਾਲੇ ਟੀਚੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਸਗੋਂ ਇਨ੍ਹਾਂ ਸੰਗਠਨਾਂ ਦੇ ਨਿਰੰਤਰ ਤੌਰ ਉੱਪਰ ਲਾਹੇਵੰਦ ਵਾਧੇ ਉੱਪਰ ਧਿਆਨ ਦੇਣਾ ਜ਼ਰੂਰੀ ਹੈ। ਉਤਪਾਦਕ ਸੰਗਠਨਾਂ ਦੀ ਧਾਰਨਾ ਤੋਂ ਪ੍ਰੇਰਨਾ ਲੈ ਕੇ ਮਿਲ ਕੇ ਉਪਰਾਲੇ ਕਰਨ ਨਾਲ ਖੇਤੀ ਖਿੱਤੇ ਦੀ ਖੁਸ਼ਹਾਲੀ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
*ਪ੍ਰੋਫੈਸਰ, ਵਪਾਰ ਪ੍ਰਬੰਧ।
**ਐਡੀਸ਼ਨਲ ਡਾਇਰੈਕਟਰ, ਪੀਏਯੂ, ਲੁਧਿਆਣਾ।

Advertisement

Advertisement
Advertisement