ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਸ਼ੇਰਪੁਰ ਦਾ ਘਿਰਾਓ
ਬੀਰਬਲ ਰਿਸ਼ੀ
ਸ਼ੇਰਪੁਰ, 15 ਜਨਵਰੀ
ਇਥੇ ਸਰਕਾਰੀ ਹਾਈ ਸਕੂਲ ਮਾਹਮਦਪੁਰ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਕੁਠਾਲਾ ਦੀ ਕਾਰ ਸਵਾਰਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ’ਚ ਕਿਸਾਨ ਜਥੇਬੰਦੀਆਂ ਨੇ ਅੱਜ ਥਾਣਾ ਸ਼ੇਰਪੁਰ ਦਾ ਘਿਰਾਓ ਕੀਤਾ। ਕਈ ਘੰਟੇ ਚੱਲੇ ਇਸ ਧਰਨੇ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੁਲੀਸ ਦੀ ਤਫ਼ਤੀਸ਼ ਅਤੇ ਕਾਰਵਾਈ ’ਤੇ ਸਵਾਲ ਉਠਾਏ। ਪਿਛਲੀ ਦਿਨੀਂ ਥਾਣਾ ਸ਼ੇਰਪੁਰ ’ਚ ਸਬੰਧਤ ਅਧਿਕਾਰੀ ਨੂੰ ਮਿਲਣ ਆਏ ਕਿਸਾਨ ਵਫ਼ਦ ਨਾਲ ਐੱਸਐੱਚਓ ਵੱਲੋਂ ਗੱਲ ਨਾ ਕਰਨ ਦੇ ਮਾਮਲੇ ਤੋਂ ਵਧੀ ਤਲਖੀ ਧਰਨੇ ਤੱਕ ਪਹੁੰਚ ਗਈ ਹੈ। ਝੰਡੇ ਲੈ ਕੇ ਦਾਣਾ ਮੰਡੀ ਸ਼ੇਰਪੁਰ ’ਚੋਂ ਕਿਸਾਨ ਕਾਫ਼ਲੇ ਦੇ ਰੂਪ ਤੁਰੇ ਕਿਸਾਨਾਂ ਨੇ ਥਾਣਾ ਸ਼ੇਰਪੁਰ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਰੁਪਿੰਦਰ ਸਿੰਘ, ਬੀਕੇਯੂ ਡਕੌਂਦਾ ਦੇ ਦਰਸ਼ਨ ਸਿੰਘ ਕਾਤਰੋਂ, ਕਿਸਾਨ ਆਗੂ ਚਮਕੌਰ ਸਿੰਘ ਅਤੇ ਡੀਟੀਐੱਫ ਦੇ ਮਾਸਟਰ ਮਹਿੰਦਰ ਪ੍ਰਤਾਪ ਨੇ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਉਨ੍ਹਾਂ ਕਿਹਾ ਕਿ ਧਰਨੇ ਦੇ ਪ੍ਰਭਾਵ ਮਗਰੋਂ ਹੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ ਹੈ ਅਤੇ ਹਾਲੇ ਵੀ ਕਈ ਧਾਰਾਵਾਂ ਅਜਿਹੀਆਂ ਹਨ ਜਿਹੜੀਆਂ ਇਸ ਕੇਸ ’ਚ ਨਹੀਂ ਲਗਾਈਆਂ ਗਈਆਂ। ਆਗੂਆਂ ਨੇ ਵੱਖ-ਵੱਖ ਕਿਸਾਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ’ਤੇ ਅਧਾਰਤ ਐਕਸ਼ਨ ਕਮੇਟੀ ਕਾਇਮ ਕਰਦਿਆਂ ਸ਼ੇਰਪੁਰ ਪੁਲੀਸ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਬਣਦੀਆਂ ਧਾਰਾਵਾਂ ਨਾ ਲਗਾਈਆਂ ਗਈਆਂ ਤਾਂ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇਗਾ। ਇਸ ਧਰਨੇ ਨੂੰ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਬੜੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਆਦਿ ਨੇ ਵੀ ਸੰਬੋਧਨ ਕੀਤਾ।
ਤਫਤੀਸ਼ ਸਹੀ ਢੰਗ ਨਾਲ ਕੀਤੀ ਗਈ ਹੈ: ਐੱਸਐੱਚਓ
ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਆਪਣੀ ਤਫ਼ਤੀਸ਼ ਸਹੀ ਢੰਗ ਨਾਲ ਕੀਤੀ ਹੈ ਪਰ ਮੁਦਈ ਧਿਰ ਕੋਲ ਅਧਿਕਾਰ ਹੈ ਕਿ ਉਹ ਆਪਣੀ ਤਫ਼ਤੀਸ਼ ਉੱਚ ਅਧਿਕਾਰੀਆਂ ਤੋਂ ਵੀ ਕਰਵਾ ਸਕਦੇ ਹਨ। ਧਾਰਾਵਾਂ ਦੇ ਵਾਧੇ ਸਬੰਧੀ ਉਨ੍ਹਾਂ ਹੁੰਗਾਰਾ ਨਹੀਂ ਭਰਿਆ।