‘ਪੰਜਾਬ ਬੰਦ’ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਦਸੰਬਰ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਸੰਗਰੂਰ ਬਲਾਕ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਹਰ ਵਰਗ ਅਤੇ ਹਰ ਕਿੱਤੇ ਨਾਲ ਸਬੰਧਤ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਸਹਿਯੋਗ ਦੀ ਮੰਗ ਕੀਤੀ ਗਈ। ਭਾਕਿਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਸੰਗਰੂਰ ਬਲਾਕ ਦੀ ਟੀਮ ’ਚ ਸ਼ਾਮਲ ਕਿਸਾਨ ਆਗੂ ਹਰਦੇਵ ਸਿੰਘ ਕੁਲਾਰ, ਗੁਰਪ੍ਰੀਤ ਸਿੰਘ ਕੁਲਾਰਾਂ, ਬਲਦੇਵ ਸਿੰਘ ਮੰਗਵਾਲ ਤੇ ਮਹਿੰਦਰ ਸਿੰਘ ਮੰਗਵਾਲ ਨੇ ਪਿੰਡ ਉਪਲੀ, ਤੁੰਗਾਂ, ਕੁਲਾਰ ਖੁਰਦ, ਥਲੇਸਾਂ, ਮੰਗਵਾਲ, ਘਾਬਦਾਂ, ਭਿੰਡਰਾਂ, ਬਾਲੀਆਂ ਅਤੇ ਗੱਗੜਪੁਰ ਵਿੱਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਲੋਕਾਂ, ਬੀਬੀਆਂ ਅਤੇ ਨੌਜ਼ਵਾਨਾਂ ਨੂੰ ਮਿਲ ਕੇ ਕਿਸਾਨੀ ਮੋਰਚੇ ਸਬੰਧੀ ਜਾਗਰੂਕ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਜਿੱਥੇ ਕਿਸਾਨੀ ਮੋਰਚੇ ਚੱਲ ਰਹੇ ਹਨ, ਉੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਿਸਾਨੀ ਮੰਗਾਂ ਮਨਵਾਉਣ ਲਈ ਮਰਨ ਵਰਤ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਪਰੰਤੂ ਕਿਸਾਨੀ ਮੋਰਚੇ ਪੂਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਕਿਸਾਨੀ ਮੋਰਚਿਆਂ ’ਤੇ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਦੋਵੇਂ ਫੋਰਮਾਂ ਵੱਲੋਂ ਸੰਘਰਸ਼ ਤੇਜ਼ ਕਰਨ ਲਈ ਲਗਾਤਾਰ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਜਿਸ ਤਹਿਤ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ 30 ਦਸੰਬਰ ਨੂੰ ਆਪਣੇ ਸਮੁੱਚੇ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਕਰ ਕੇ ‘ਪੰਜਾਬ ਬੰਦ’ ਸਫ਼ਲ ਬਣਾਇਆ ਜਾਵੇ।
ਲੌਂਗੋਵਾਲ (ਜਗਤਾਰ ਸਿੰਘ ਨਹਿਲ):
ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ 30 ਤਰੀਕ ਦੇ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਸੰਗਰੂਰ ਬਲਾਕ ਦੇ ਪਿੰਡਾਂ ਮੰਡੇਰ ਕਲਾਂ, ਲੋਹਾਖੇੜਾ, ਦਿਆਲਗੜ੍ਹ, ਪਿੰਡੀ ਕੇਹਰ ਸਿੰਘ ਵਾਲੀ, ਮੰਡੇਰ ਖੁਰਦ, ਦੁੱਲਟ ਵਾਲਾ, ਲੌਂਗੋਵਾਲ, ਕਿਲ੍ਹਾ ਭਰੀਆਂ ਵਿੱਚ ਬੰਦ ਦੇ ਸੱਦੇ ਨੂੰ ਲਾਗੂ ਕਰਨ ਲਈ ਸਮੁੱਚੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰ ਤੇ ਨੌਜਵਾਨਾਂ ਦੀ ਲਾਮਬੰਦੀ ਕੀਤੀ ਗਈ। ਅੱਜ ਦੇ ਲਾਮਬੰਦੀ ਪ੍ਰੋਗਰਾਮ ਵਿੱਚ ਸ਼ਿੰਦਰ ਬਡਰੁੱਖਾਂ, ਸੁਖਦੇਵ ਕਿਲ੍ਹਾ ਭਰੀਆਂ, ਬਲਜਿੰਦਰ ਲੌਂਗੋਵਾਲ ਤੇ ਕਰਨੈਲ ਸਿੰਘ ਲੌਂਗੋਵਾਲ ਨੇ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ):
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ‘ਪੰਜਾਬ ਬੰਦ’ ਨੂੰ ਸਫ਼ਲ ਬਣਾਉਣ ਲਈ ਪਿੰਡਾਂ ’ਚ ਰੈਲੀਆਂ ਮੀਟਿੰਗਾਂ ਜ਼ਰੀਏ ਲਾਮਬੰਦ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ੰਭੂ, ਖਨੌਰੀ ਰਤਨਪੁਰਾ ਬਾਰਡਰਾਂ ’ਤੇ ਚੱਲ ਰਿਹਾ ਮੋਰਚਾ ਹੁਣ ਜਨ ਅੰਦੋਲਨ ਬਣ ਚੁੱਕਾ ਹੈ। ਕਿਸਾਨੀ ਮੰਗਾਂ ਲਈ ਜੂਝ ਰਹੇ ਜਗਜੀਤ ਸਿੰਘ ਡੱਲੇਵਾਲ ਭਾਵੇਂ ਮਰਨ ਵਰਤ ਕਾਰਨ ਕਮਜ਼ੋਰ ਹੋ ਚੁੱਕੇ ਹਨ ਪਰ ਮਾਨਸਿਕ ਤੌਰ ’ਤੇ ਉਹ ਅੱਜ ਵੀ ਪੂਰੇ ਹੌਸਲੇ ਵਿੱਚ ਹਨ। ਆਗੂਆਂ ਨੇ ‘ਪੰਜਾਬ ਬੰਦ’ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦਿਆਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੰਤ ਰਾਮ ਛਾਜਲੀ, ਜਸਵੀਰ ਸਿੰਘ ਮੈਦੇਵਾਸ, ਬੂਟਾ ਸਿੰਘ ਝਾੜੋਂ ਅਤੇ ਸਤਿਗੁਰ ਸਿੰਘ ਨਮੋਲ ਮੌਜੂਦ ਸਨ।