ਕੁਦਰਤ ਤੇ ਕਿਸਾਨ
ਹਰਜਿੰਦਰ ਸਿੰਘ ਗੁਲਪੁਰ
ਬਹੁਤਿਆਂ ਨੇ ਆਪਣੀਆਂ ਅੱਖਾਂ ਨਾਲ ਇਹ ਸਫ਼ਰ ਤੈਅ ਹੁੰਦਾ ਦੇਖਿਆ ਹੈ। 1960 ਤੋਂ ਪਹਿਲਾਂ ਫਸਲਾਂ ਦੀ ਸਿੰਜਾਈ ਲਈ ਖੂਹਾਂ ’ਤੇ ਚੜਸ ਚਲਦੇ ਹੁੰਦੇ ਸਨ। ਇਹ ਮਜ਼ਬੂਤ ਚਮੜੇ ਦੇ ਬਣੇ ਹੁੰਦੇ ਸਨ। ਮਰਹੂਮ ਬਜ਼ੁਰਗ ਲੈਂਬਰ ਸਿੰਘ ਛੋਕਰ ਨੇ ਦੱਸਦੇ ਹੁੰਦੇ ਸਨ ਕਿ ਪਾਣੀ ਦੇ ਭਰੇ ਹੋਏ ਚੜਸ ਦਾ ਭਾਰ ਲਗਭਗ ਢਾਈ ਮਣ ਪੱਕਾ, ਭਾਵ, ਪੰਜ ਕੁਇੰਟਲ ਹੁੰਦਾ ਸੀ। ਇਸ ਨੂੰ ਖਿੱਚਣ ਲਈ ਜਿਸ ਰੱਸੇ ਦੀ ਵਰਤੋਂ ਕੀਤੀ ਜਾਂਦੀ ਸੀ, ਉਸ ਨੂੰ ਦੁਆਬੇ ਵਿੱਚ ਲੌਂਅ ਕਿਹਾ ਜਾਂਦਾ ਸੀ। ਖ਼ੂਹ ਵਿੱਚੋਂ ਚੜਸ ਤਕੜੇ ਬਲਦਾਂ ਦੀ ਜੋੜੀ ਅਤੇ ਪਿੰਡ ਦਾ ਤਕੜਾ ਬੰਦਾ ਖਿੱਚਦਾ ਸੀ। ਬਲਦ ਜਿਸ ਰਾਹ ਚੜਸ ਖਿੱਚਣ ਲਈ ਤੁਰਦੇ ਸਨ, ਉਸ ਨੂੰ ਪੈੜੀ ਕਿਹਾ ਜਾਂਦਾ ਸੀ ਜੋ ਖ਼ੂਹ ਤੋਂ ਨੀਵੇਂ ਲੋਟ ਬਣਾਈ ਹੁੰਦੀ। ਬਲਦ ਹੱਕਣ ਵਾਲੇ ਅਤੇ ਚੜਸ ਫੜਨ ਵਾਲੇ ਦਰਮਿਆਨ ਬਹੁਤ ਸਟੀਕ ਤਾਲਮੇਲ ਹੁੰਦਾ ਸੀ। ਉਤਰਾਈ ’ਤੇ ਜਾ ਕੇ ਉਹ ਟਪੂਸੀ ਮਾਰ ਕੇ ਲੌਂਅ ’ਤੇ ਬੈਠ ਜਾਂਦਾ। ਭਾਰੀ ਭਰਕਮ ਚੜਸ ਫੜ ਕੇ ਬਾਹਰ ਖਾਲੀ ਕਰਨ ਵਾਲਾ ਬੰਦਾ ਬਹੁਤ ਤਾਕਤਵਰ ਹੁੰਦਾ ਸੀ। ਚੜਸ ਫੜਨਾ ਹਾਰੀ ਸਾਰੀ ਦਾ ਕੰਮ ਨਹੀਂ ਸੀ। ਜਦੋਂ ਉਹ ਚੜਸ ਨੂੰ ਆਪਣੇ ਕੰਟਰੋਲ ਵਿਚ ਕਰ ਲੈਂਦਾ ਸੀ ਤਾਂ ਉੱਚੀ ਆਵਾਜ਼ ਵਿਚ ਬੋਲਦਾ - ਬਾਰਾ ਓ ਓ ਓ...। ਬਲਦ ਹੱਕਣ ਵਾਲਾ ਬਲਦਾਂ ਦੀ ਕਿੱਲੀ ਕੱਢ ਦਿੰਦਾ ਸੀ। ਜੇ ਇਸ ਕਾਰਵਾਈ ਵਿਚ ਅੱਖ ਦੇ ਫੋਰ ਜਿੰਨੀ ਵੀ ਗ਼ਲਤੀ ਹੋ ਜਾਂਦੀ ਤਾਂ ਦੁਰਘਟਨਾ ਵਾਪਰ ਜਾਂਦੀ ਸੀ। ਇਹ ਕੰਮ ਸਵੇਰ ਤੋਂ ਸ਼ਾਮ ਤੱਕ ਚਲਦਾ ਰਹਿੰਦਾ।
ਖ਼ੈਰ! ਇਸ ਤਕਨੀਕ ਨਾਲ ਕੇਵਲ ਦੋ ਕੁ ਕਨਾਲ ਰਕਬਾ ਭਰਦਾ ਹੁੰਦਾ ਸੀ। ਇਸ ਤੋਂ ਬਾਅਦ ਹਲਟਾਂ ਦਾ ਦੌਰ ਸ਼ੁਰੂ ਹੋ ਗਿਆ। ਲੋਹੇ ਦੀਆਂ ਟਿੰਡਾਂ ਦੀ ਮਾਹਲ ਬਣਾਈ ਜਾਂਦੀ। ਇਸ ਨੂੰ ਚਰਖੇ ਵਾਂਗ ਲੋਹੇ ਦੇ ਗੋਲ ਚੱਕਰ ’ਤੇ ਚਾੜ੍ਹਿਆ ਜਾਂਦਾ ਸੀ ਜਿਸ ਨੂੰ ਬੈਡ ਕਹਿੰਦੇ ਸਨ। ਇਹ ਲੱਠ ਰਾਹੀਂ ਬੂੜੀਆਂ ਵਾਲੇ ਚਕਲੇ ਨਾਲ ਜੁੜਿਆ ਹੁੰਦਾ ਜਿਸ ਨੂੰ ਗੋਲ ਚੱਕਰ ਵਿਚ ਕੋਹਲੂ ਵਾਂਗ ਬਲਦ ਖਿੱਚਦੇ ਸਨ। ਪਹਿਰ ਦੇ ਤੜਕੇ ਹਲਟ ਜੋੜ ਲਏ ਜਾਂਦੇ। ਬਲਦਾਂ ਦੀਆ ਟੱਲੀਆਂ ਨਾਲ ਲੋਕ ਜਾਗ ਪੈਂਦੇ ਸਨ। ਉਦੋਂ ਸਪੀਕਰਾਂ ’ਤੇ ਪਾਠ ਕਰਨ ਦਾ ਯੁੱਗ ਨਹੀਂ ਸੀ। ਫਿਰ ਆਥਣ ਤੱਕ ਚੱਲ ਸੋ ਚੱਲ। ਤਕੜੇ ਬਲਦ ਚਾਰ ਪੰਜ ਕਨਾਲ ਦਾ ਸੇਂਜਾ ਦਿਹਾੜੀ ਵਿੱਚ ਕਰ ਦਿੰਦੇ। ਚੜਸਾਂ ਤੋਂ ਖਹਿੜਾ ਛੁੱਟਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਸੀ।
‘ਆਰ ਢਾਂਗਾ ਪਾਰ ਢਾਂਗਾ, ਵਿਚ ਟੱਲਮ-ਟੱਲੀਆਂ। ਆਣ ਕੁੰਜਾਂ ਦੇਣ ਬੱਚੇ ਨਦੀ ਨਾਹਵਣ ਚੱਲੀਆਂ’ ਨਾਮਕ ਗੀਤ ਹਲਟ ਨੂੰ ਲੈ ਕੇ ਹੀ ਜਮਲੇ ਜੱਟ ਨੇ ਗਾਇਆ ਸੀ ਜੋ ਅੱਜ ਵੀ ਮਕਬੂਲ ਹੈ। ਪਹਿਲਾਂ ਇਹ ਬੁਝਾਰਤ ਹੁੰਦੀ ਸੀ। ਖ਼ੂਹ ਦਾ ਆਲਾ ਦੁਆਲਾ ਤੂਤ ਵਰਗੇ ਛਾਂਦਾਰ ਰੁੱਖਾਂ ਨਾਲ ਭਰਿਆ ਹੁੰਦਾ। ਚਲਦੇ ਹਲਟ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ। ਸਾਰਾ ਦਿਨ ਰੌਣਕ ਲੱਗੀ ਰਹਿੰਦੀ। ਪਿੰਡ ਦੀਆਂ ਔਰਤਾਂ ਘਰਾਂ ਦੇ ਲੀੜੇ ਹਲਟਾਂ ਉੱਤੇ ਧੋਂਦੀਆਂ। ਬੰਦੇ ਇਸ਼ਨਾਨ ਕਰਦੇ। ਕੁੱਤੇ ਦੀ ਟੱਕ-ਟੱਕ ਖੂਹ ਚੱਲਣ ਦਾ ਸੁਨੇਹਾ ਦਿੰਦੀ। ਉੱਥੇ ਤਾਸ਼ ਦੀਆਂ ਬਾਜ਼ੀਆਂ ਲਗਦੀਆਂ, ਬਾਰਾਂ ਟਾਹਣੀ ਵੀ ਖੇਡੀ ਜਾਂਦੀ। ਪ੍ਰਸਿੱਧ ਲੇਖਕ ਸੋਹਣ ਸਿੰਘ ਸੀਤਲ ਦਾ ਸ਼ਾਹਕਾਰ ਨਾਵਲ ‘ਤੂਤਾਂ ਵਾਲਾ ਖੂਹ’ ਜਿੱਥੇ ਹਲਟ ਦੇ ਦ੍ਰਿਸ਼ ਨੂੰ ਰੂਪਮਾਨ ਕਰਦਾ ਹੈ ਉੱਥੇ ਭਾਰਤ ਪਾਕਿਸਤਾਨ ਵੰਡ ਦੇ ਦੁਖਾਂਤ ਨੂੰ ਵੀ ਕਲਾਵੇ ਵਿੱਚ ਲੈਂਦਾ ਹੈ। ਨਾਵਲ ਵਿੱਚ ਕਿਸਾਨ ਵਲੋਂ ਧਰਤੀ ਉੱਤੇ ਸਿਰਜੇ ਸਵਰਗ ਉੱਤੇ ਸੂਦਖੋਰਾਂ ਦੀ ਮੈਲੀ ਨਜ਼ਰ ਦਾ ਜਿ਼ਕਰ ਹੈ।
ਖੂਹਾਂ ਤੋਂ ਬਾਅਦ ਟਿਊਬਵੈਲਾਂ ਦਾ ਦੌਰ ਸ਼ੁਰੂ ਹੋ ਗਿਆ। ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਇੰਜਣਾਂ ਤੇ ਪੱਖਿਆਂ ਦਾ ਹੜ੍ਹ ਆ ਗਿਆ। ਨਵੀਆਂ ਖੂਹੀਆਂ ਪੁੱਟੀਆਂ ਗਈਆ ਜਿਨ੍ਹਾਂ ’ਚੋਂ ਪੱਖੇ ਅਤੇ ਇੰਜਣ ਦੀ ਸਹਾਇਤਾ ਨਾਲ ਪਾਣੀ ਕੱਢਿਆ ਜਾਣ ਲੱਗਾ। ਇਨ੍ਹਾਂ ਨੂੰ ਕੈਵਟੀ ਵਾਲੇ ਬੋਰ ਆਖਿਆ ਜਾਂਦਾ। ਫਿਰ ਇੰਜਣਾਂ ਦੀ ਥਾਂ ਬਿਜਲੀ ਵਾਲੀਆਂ ਮੋਟਰਾਂ ਨੇ ਲੈ ਲਈ। ਇਨ੍ਹਾਂ ਬੋਰਾਂ ਦੀ ਮਿਆਦ ਬਹੁਤ ਘੱਟ ਹੁੰਦੀ। ਕੈਵਟੀਆਂ ਬਹਿ ਜਾਂਦੀਆਂ ਸਨ ਅਤੇ ਵਾਰ-ਵਾਰ ਨਵੇਂ ਬੋਰ ਕਰਨੇ ਪੈਂਦੇ। ਇਸ ਤਕਨੀਕ ਨੇ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਕੀਤਾ। ਕਿਸਾਨ ਧਰਤੀ ਹੇਠਲਾ ਪਾਣੀ ਲੱਭਣ ਲਈ ਖੁਆਜੇ ਅਤੇ ਪੀਰਾਂ ਫਕੀਰਾਂ ਦੀਆਂ ਸੁੱਖਣਾ ਸੁੱਖਦੇ ਜਿਨ੍ਹਾਂ ਵਿੱਚ ਬੱਕਰੇ ਦੀ ਬਲੀ ਵੀ ਸ਼ਾਮਲ ਹੁੰਦੀ। ਕਿਸੇ ਦੀ ਸੁੱਖਣਾ ਪੂਰੀ ਹੋ ਜਾਂਦੀ ਅਤੇ ਕਿਸੇ ਦੀ ਨਾ। ਉਹ ਰੱਬ ’ਤੇ ਡੋਰੀਆਂ ਛੱਡ ਆਪਣੇ ਸਾਧਨਾਂ ਨਾਲ ਯਤਨ ਕਰਦੇ ਰਹਿੰਦੇ। ਇਸ ਸੰਘਰਸ਼ ਵਿੱਚ ਕਈ ਪਰਿਵਾਰ ਤਾਂ ਕੰਗਾਲ ਤੱਕ ਹੋ ਗਏ।
1970 ਤੋਂ ਬਾਅਦ ਸਬਮਰਸੀਬਲ ਬੋਰਾਂ ਦਾ ਦੌਰ ਸ਼ੁਰੂ ਹੋਇਆ। ਇਸ ਨੂੰ ਕਈ ਇਲਾਕਿਆਂ ਵਿੱਚ ਮੱਛੀ ਮੋਟਰ ਵੀ ਕਿਹਾ ਜਾਂਦਾ ਹੈ। ਇਸ ਉੱਤੇ ਖਰਚਾ ਭਾਵੇਂ ਜਿ਼ਆਦਾ ਹੁੰਦਾ ਸੀ ਪਰ ਪੰਪ ਲੱਗਣ ਨਾਲ ਕਿਸਾਨਾਂ ਨੂੰ ਮੌਜ ਬਣ ਗਈ। ਨਾ ਖ਼ੂਹ ਅਤੇ ਨਾ ਖੂਹਾਂ ’ਚ ਵਾਰ-ਵਾਰ ਉਤਰਨ ਦਾ ਝੰਜਟ! ਅੜੇ ਥੁੜ੍ਹੇ ਕਿਸਾਨਾਂ ਨੇ ਵੀ ਕਰਜ਼ਾ ਚੁੱਕ ਕੇ ਇਨ੍ਹਾਂ ਪੰਪਾਂ ਦਾ ਜੁਗਾੜ ਕਰ ਲਿਆ। ਦੇਖਦਿਆਂ-ਦੇਖਦਿਆਂ ਪੰਜਾਬ ਅੰਦਰ ਲਗਭਗ ਚਾਰ ਲੱਖ ਸਬਮਰਸੀਬਲ ਬੋਰ ਲੱਗ ਗਏ।
1970 ਦੇ ਨੇੜੇ-ਤੇੜੇ ਕਿਸਾਨਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। 1997 ਵਿੱਚ ਬਣੀ ਬਾਦਲ ਸਰਕਾਰ ਨੇ ਟਿਊਬਵੈਲਾਂ ਲਈ ਬਿਜਲੀ ਮੁਫਤ ਕਰ ਦਿੱਤੀ। ਬਸ ਫਿਰ ਕੀ ਸੀ, ਮੋਟਰਾਂ ਦਿਨ ਰਾਤ ਧਰਤੀ ਹੇਠਲਾ ਪਾਣੀ ਖਿੱਚਣ ਲੱਗ ਪਈਆਂ। ਪਾਣੀ ਦਾ ਪੱਧਰ ਹੇਠ ਜਾਣ ਲੱਗ ਪਿਆ ਤਾਂ ਕਿਸਾਨ ਸੈਕਸ਼ਨਾਂ ਪਾਉਣ ਲੱਗੇ, ਵੱਧ ਹਾਰਸ ਪਾਵਰ ਦੀਆਂ ਮੋਟਰਾਂ ਲਗਾਉਣ ਲੱਗੇ। ‘ਖੁਆਜਾ’ ਹੋਰ ਹੇਠ ਜਾਣ ਲੱਗਾ ਅਤੇ ਕਿਸਾਨ ਉਹਦੇ ਮਗਰ ਮਗਰ ਹੋ ਲਏ। ਮੁਫ਼ਤ ਦੀ ਬਿਜਲੀ ਹੋਣ ਕਾਰਨ ਕਿਸਾਨਾਂ ਨੇ ਰੇਤਲੀ ਜ਼ਮੀਨ ਵਿੱਚ ਵੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। 90 ਫ਼ੀਸਦ ਕਿਸਾਨਾਂ ਨੇ ਕਿਆਰੇ ਬਣਾਉਣੇ ਵੀ ਛੱਡ ਦਿੱਤੇ। ਮੋਟਰਾਂ ਉੱਤੇ ਆਟੋਮੈਟਿਕ ਯੰਤਰ ਫਿੱਟ ਕਰਵਾ ਲਏ। ਫਸਲਾਂ ਨੂੰ ਪਾਣੀ ਲਾਉਣਾ ਹੋਰ ਗੱਲ ਹੈ, ਬਰਬਾਦ ਕਰਨਾ ਬਿਲਕੁਲ ਹੋਰ ਗੱਲ। ਹੋਰ ਤਾਂ ਹੋਰ, ਮੁਫਤ ਪਾਣੀ ਹੋਣ ਕਾਰਨ ਕਿਸਾਨਾਂ ਨੇ ਖਾਲ ਘੜਨੇ ਬੰਦ ਕਰ ਦਿੱਤੇ; ਬੱਸ ਰਾਊਂਡਅੱਪ ਸਪਰੇਅ ਛਿੜਕ ਕੇ ਨਦੀਨ ਦੀ ਸਾਫ ਸਫਾਈ ਕਰ ਦਿੱਤੀ ਜਾਂਦੀ ਹੈ। ਇਹ ਘਾਤਕ ਜ਼ਹਿਰ ਹੌਲੀ-ਹੌਲੀ ਜ਼ਮੀਨ ਹੇਠਲੇ ਪਾਣੀ ਵਿੱਚ ਰਲ ਕੇ ਸਾਡੇ ਅੰਦਰ ਜਾ ਰਿਹਾ ਹੈ। ਬਿਮਾਰੀਆਂ ਭੇਸ ਬਦਲ-ਬਦਲ ਕੇ ਆ ਰਹੀਆਂ ਹਨ। ਇਹ ਗੱਲ ਕਿਸਾਨਾਂ ਨੂੰ ਕੌੜੀ ਲੱਗੇਗੀ ਕਿ ਥੋੜ੍ਹਾ-ਬਹੁਤ ਮੋਟਰ ਬਿੱਲ ਸਰਕਾਰ ਨੂੰ ਜ਼ਰੂਰ ਵਸੂਲਣਾ ਚਾਹੀਦਾ ਹੈ। ਇਉਂ ਕਿਸਾਨਾਂ ਉੱਤੇ ਜਿ਼ੰਮੇਵਾਰੀ ਆਇਦ ਹੋਵੇਗੀ ਤੇ ਕਿਸਾਨ ਬੱਚੇ ਤੰਦਰੁਸਤ ਰਹਿਣਗੇ।
ਛੇ ਕੁ ਦਹਾਕੇ ਪਹਿਲਾਂ ਅਮਰੀਕਾ ਨੇ ਵੀਅਤਨਾਮੀ ਗੁਰੀਲਿਆਂ ਨੂੰ ਖਦੇੜਨ ਲਈ ਉੱਥੋਂ ਦੇ ਹਰੇ ਭਰੇ ਜੰਗਲਾਂ ਦੀ ਹਰਿਆਈ ਖ਼ਤਮ ਕਰਨ ਲਈ ‘ਔਰਿੰਜ ਏਜੰਟ’ ਨਾਮ ਦਾ ਹਵਾਈ ਸਪਰੇਅ ਕੀਤਾ ਸੀ। ਇਹ ਉਹੀ ਘਾਤਕ ਸਪਰੇਅ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਤਰੱਕੀ ਦੇ ਨਾਂ ਹੇਠ ਧੜਾਧੜ ਵੇਚਿਆ ਜਾ ਰਿਹਾ ਹੈ। ਪਾਣੀ ਬਰਬਾਦ ਕਰਨ ਲਈ ਕਾਰਪੋਰੇਟ ਸੈਕਟਰ ਜਿ਼ੰਮੇਵਾਰ ਹੈ ਅਤੇ ਸਰਕਾਰਾਂ ਉਸ ਦੇ ਪੈਰ ਵਿੱਚ ਪੈਰ ਰੱਖ ਕੇ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਕਿਸਾਨਾਂ ਨੂੰ ਕੁਦਰਤ ਦੇ ਪਾਲੇ ਵਿੱਚ ਖੜ੍ਹਨ ਦੀ ਲੋੜ ਹੈ; ਨਹੀਂ ਤਾਂ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ!
ਸੰਪਰਕ: 79735-01892