ਕਿਸਾਨ ਆਗੂ ਪੰਚਾਇਤੀ ਚੋਣਾਂ ’ਚ ਧੜੇਬੰਦੀ ਤੋਂ ਦੂਰ ਰਹਿਣ: ਧਨੇਰ
ਸੰਤੋਖ ਗਿੱਲ
ਰਾਏਕੋਟ, 6 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ।
ਜਥੇਬੰਦੀ ਵੱਲੋਂ ਪੰਚਾਇਤੀ ਚੋਣਾਂ ਦੇ ਅਮਲ ਤੋਂ ਜਥੇਬੰਦੀ ਦੇ ਹਰ ਪੱਧਰ ਦੇ ਅਹੁਦੇਦਾਰਾਂ ਨੂੰ ਦੂਰ ਰਹਿਣ ਅਤੇ ਪਿੰਡਾਂ ਵਿੱਚ ਧੜੇਬੰਦੀ ਖ਼ਤਮ ਕਰਨ ਦੀ ਹਿਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਵੋਟ ਪਾਉਣ ਦੀ ਰੋਕ ਨਹੀਂ ਹੈ ਪਰ ਧੜੇਬਾਜ਼ੀ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਅਨੁਸਾਰ 11 ਅਕਤੂਬਰ ਨੂੰ ਜ਼ਮੀਨੀ ਘੋਲ ਦੇ ਸ਼ਹੀਦ ਪਿਰਥੀ ਸਿੰਘ ਚੱਕ ਅਲੀਸ਼ੇਰ ਦੀ ਕੁਲਰੀਆਂ (ਮਾਨਸਾ) ਵਿੱਚ ਮਨਾਈ ਜਾ ਰਹੀ ਬਰਸੀ ਵਿੱਚ ਸ਼ਮੂਲੀਅਤ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਕਿਸਾਨਾਂ ਦੇ ਜ਼ਮੀਨੀ ਘੋਲ ਨੂੰ ਅਗਲੇ ਪੜਾਅ ਤੱਕ ਲਿਜਾਣ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਪ੍ਰਸਤਾਵ ਵਿੱਚ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀ ਹੜਤਾਲ ਦੇ ਮੱਦੇਨਜ਼ਰ ਝੋਨੇ ਦੀ ਬੰਦ ਪਈ ਖ਼ਰੀਦ ਚਾਲੂ ਕਰਾਉਣ ਦੀ ਮੰਗ ਕੀਤੀ ਗਈ। ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 12 ਅਕਤੂਬਰ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਗਿਆ।
ਪੰਜਾਬ ਖ਼ਾਸਕਰ ਲੁਧਿਆਣਾ ਜ਼ਿਲ੍ਹੇ ਵਿੱਚ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਣ ਤੇ ਫ਼ੈਕਟਰੀਆਂ ਪੱਕੇ ਤੌਰ ਤੇ ਬੰਦ ਕਰਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਗਿਆ।