ਕਿਸਾਨ ਆਗੂਆਂ ਨੇ ਚਿਪ ਵਾਲੇ ਮੀਟਰ ਲਾਹ ਕੇ ਪਾਵਰਕੌਮ ਦਫ਼ਤਰ ਜਮ੍ਹਾਂ ਕਰਵਾਏ
ਪੱਤਰ ਪ੍ਰੇਰਕ
ਲਹਿਰਾਗਾਗਾ, 21 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਲਹਿਰਾਗਾਗਾ ਦੀ ਮੀਟਿੰਗ ਪਿੰਡ ਖੋਖਰ ਵਿੱਚ ਹੋਈ। ਇਸ ਦੌਰਾਨ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਅਤੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਦੱਸਿਆ ਕਿ ਅੱਜ ਬਿਜਲੀ ਦੀ ਚਿੱਪ ਵਾਲੇ ਮੀਟਰ ਲਾਹ ਕੇ ਪ੍ਰਧਾਨ ਬਲਾਕ ਭੂਰਾ ਸਿੰਘ ਦੀ ਅਗਵਾਈ ਵਿੱਚ ਪਾਵਰਕੌਮ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰਾਂ ਸਾਰਾ ਕੁਝ ਪ੍ਰਾਈਵੇਟ ਕਰਨਾ ਚਾਹੁੰਦੀਆਂ ਹਨ ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ । ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਪਿੰਡ ਵਿੱਚ ਚਿਪ ਵਾਲਾ ਕੋਈ ਮੀਟਰ ਨਹੀਂ ਲੱਗਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਰਾਹ ’ਤੇ ਤੁਰ ਪਈ ਹੈ, ਜਿਸ ਤਹਿਤ ਧੜਾਧੜ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਇਨ੍ਹਾਂ ਮੀਟਰਾਂ ਦਾ ਆਉਣ ਵਾਲੇ ਸਮੇਂ ਵਿੱਚ ਭਾਰੀ ਨੁਕਸਾਨ ਹੋਵੇਗਾ। ਆਉਣ ਵਾਲੇ ਸਮੇਂ ’ਚ ਚਿਪ ਵਾਲੇ ਮੀਟਰਾਂ ਵਿੱਚ ਪਹਿਲਾਂ ਪੈਸੇ ਪਵਾਏ ਜਾਣਗੇ ਤੇ ਫਿਰ ਮੋਬਾਈਲ ਫੋਨਾਂ ਵਾਂਗੂ ਜਦੋਂ ਪੈਸੇ ਖਤਮ ਹੋ ਗਏ ਤਾਂ ਲਾਈਟ ਉਸੇ ਸਮੇਂ ਬੰਦ ਹੋ ਜਾਵੇਗੀ ਅਤੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਬਲਾਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਹ ਇਸ ਖਿਲਾਫ ਡੱਟ ਕੇ ਸੰਘਰਸ਼ ਕਰਨਗੇ ਅਤੇ ਪਿੱਛੇ ਨਹੀਂ ਹਟਣਗੇ। ਇਸ ਮੌਕੇ ਖੋਖਰ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ, ਗੁਰਪਿਆਰ ਸਿੰਘ ਖੋਖਰ, ਨਿਰਭੈ ਸਿੰਘ ਤੇ ਗੋਗਾ ਸਿੰਘ ਆਦਿ ਮੌਜੂਦ ਸਨ।