ਨਕਲੀ ਖਾਦ ਦੇ ਮਾਮਲੇ ’ਚ ਡਾਇਰੈਕਟਰ ਨੂੰ ਮਿਲੇ ਕਿਸਾਨ ਆਗੂ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 20 ਜੂਨ
ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਮੁਹਾਲੀ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸੂਬਾ ਆਗੂ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਮੁੱਖ ਖੇਤੀ ਡਾਇਰੈਕਟਰ ਪੰਜਾਬ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿੱਚ ਭੇਜੀ ਗਈ ਨਕਲੀ ਖਾਦ ਦੀ ਜਾਂਚ ਕਰਾਉਣ, ਜ਼ਿੰਮੇਵਾਰ ਵਿਅਕਤੀਆਂ ਅਤੇ ਅਫ਼ਸਰਾਂ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਵਫ਼ਦ ਵਿੱਚ ਮਾਨ ਸਿੰਘ ਰਾਜਪੁਰਾ, ਹਰਕੀਰਤ ਸਿੰਘ ਘੜੂੰਆਂ, ਬਹਾਦਰ ਸਿੰਘ ਨਿਆਮੀਆਂ, ਉਜਾਗਰ ਸਿੰਘ ਧਮੋਲੀ ਅਤੇ ਤਰਲੋਚਨ ਸਿੰਘ ਨੰਡਿਆਲੀ ਵੀ ਸ਼ਾਮਲ ਸਨ।
ਕਿਸਾਨ ਆਗੂਆਂ ਨੇ ਖੇਤੀ ਡਾਇਰੈਕਟਰ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਮੁਹਾਲੀ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਘਟੀਆ ਕਿਸਮ ਦੀ ਡੀਏਪੀ ਖਾਦ ਭੇਜੀ ਗਈ ਸੀ। ਇਸ ਸਬੰਧੀ ਖੇਤੀ ਵਿਭਾਗ ਵੱਲੋਂ ਜਾਂਚ ਲਈ ਸੈਂਪਲ ਭਰੇ ਗਏ ਅਤੇ ਸਾਰੇ ਸੈਂਪਲ ਫੇਲ੍ਹ ਹੋ ਗਏ। ਹਾਲਾਂਕਿ ਜਾਂਚ ਮਗਰੋਂ ਖਾਦ ਸਹਿਕਾਰੀ ਸਭਾਵਾਂ ’ਚੋਂ ਵਾਪਸ ਮੰਗਵਾ ਲਈ ਗਈ ਸੀ ਪਰ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ। ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਕਰਜ਼ਾ ਲਿਮਿਟ ’ਤੇ ਖਾਦ ਲੈਣ ਵਾਲੇ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਤੋਂ ਵੀ ਖਾਦ ਵਾਪਸ ਮੰਗਵਾਈ ਜਾਵੇ ਤਾਂ ਜੋ ਉਹ ਅਨਜਾਣਤਾ ਵਿੱਚ ਇਸ ਨੂੰ ਵਰਤੋਂ ਵਿੱਚ ਨਾ ਲਿਆ ਸਕਣ। ਜਿਹੜੇ ਕਿਸਾਨ ਨਕਲੀ ਖਾਦ ਵਰਤ ਚੁੱਕੇ ਹਨ, ਉਨ੍ਹਾਂ ਦੀ ਕੀਮਤ ਵਾਪਸ ਲਿਮਿਟ ਵਿੱਚ ਪਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਹੋਣ ਵਾਲੇ ਫ਼ਸਲੀ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਇਸ ਸਬੰਧੀ ਜਲਦੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਕਿਸਾਨ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।