ਤਾਮਿਲਨਾਡੂ ਜਾ ਰਹੇ ਕਿਸਾਨ ਆਗੂਆਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ
ਹਰਜੀਤ ਸਿੰਘ
ਖਨੌਰੀ, 26 ਅਗਸਤ
ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਤਿਰੂਚੁਰਾਪੱਲੀ ਅਤੇ ਪੂਡੀਚੇਰੀ 'ਚ ਹੋ ਰਹੀ ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ 'ਤੇ ਜਹਾਜ਼ ਵਿਚ ਨਹੀਂ ਚੜ੍ਹਨ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ ਜਿਵੇਂ ਦੇਸ਼ ਵਿੱਚ ਐਮਰਜੰਸੀ ਲੱਗੀ ਹੋਵੇ। ਭਾਜਪਾ ਸਰਕਾਰ ਇੰਨੀ ਡਰੀ ਹੋਈ ਕਿਉਂ ਹੈ, ਕੀ ਭਾਜਪਾ ਸਰਕਾਰ ਕਿਸਾਨ ਖ਼ਾਸ ਕਰਕੇ ਪੰਜਾਬੀ ਕਿਸਾਨਾਂ ਨੂੰ ਦੇਸ਼ ਦਾ ਨਾਗਰਿਕ ਹੀ ਨਹੀਂ ਸਮਝ ਦੀ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਕਿਸਾਨ ਆਗੂਆਂ ਦੇ ਨਾਲ ਐੱਮਐੱਸਪੀ ਦੇ ਮੁੱਦੇ ’ਤੇ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਕੀ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਸੁਰੱਖਿਆ ਕਰਮੀਆਂ ਵੱਲੋਂ ਗਾਤਰੇ ਪਾਏ ਹੋਣ ਕਾਰਨ ਰੋਕਿਆ ਗਿਆ, ਜਦਕਿ ਪਹਿਲਾਂ ਵੀ ਕਈ ਵਾਰ ਕਿਸਾਨ ਕਿਸਾਨ ਨੇਤਾ ਗਾਤਰੇ ਨਾਲ ਹਵਾਈ ਸਫ਼ਰ ਕਰ ਚੁੱਕੇ ਹਨ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਕੋਲ ਗਾਤਰਾ ਨਹੀਂ ਸੀ ਪਰ ਉਨ੍ਹਾਂ ਨੂੰ ਵੀ ਜਹਾਜ ’ਤੇ ਚੜ੍ਹਨ ਨਹੀਂ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇ ਮੁੱਦੇ 'ਤੇ 13 ਫਰਵਰੀ ਤੋਂ ਦੱਖਣੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਗੇ ਫੈਲਣ ਤੋਂ ਘਬਰਾ ਰਹੀ ਹੈ। ਹਾਲ ਹੀ ਵਿਚ 15 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਤਾਮਿਲਨਾਡੂ ਦੇ 17 ਜ਼ਿਲ੍ਹਿਆਂ ਅਤੇ ਕਰਨਾਟਕ ਦੇ 15 ਜ਼ਿਲ੍ਹਿਆਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਵੱਡੀਆਂ ਮਹਾਪੰਚਾਇਤਾਂ ਵੀ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਠਾਈ ਜਾ ਰਹੀ ਆਵਾਜ਼ ਕਾਰਨ ਭਾਜਪਾ ਸਰਕਾਰ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਘਬਰਾਹਟ 'ਚ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਪਸਾਰ ਨੂੰ ਰੋਕਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।