ਕਿਸਾਨ ਆਗੂਆਂ ਵੱਲੋਂ ਤਿੰਨ ਰੋਜ਼ਾ ਮੋਰਚੇ ਬਾਰੇ ਚਰਚਾ
ਪੱਤਰ ਪ੍ਰੇਰਕ
ਯਮੁਨਾਨਗਰ, 20 ਨਵੰਬਰ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਯਮੁਨਾਨਗਰ ਦੀ ਮੀਟਿੰਗ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਧਰਮਪਾਲ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਜੁਡੀਸ਼ਲ ਕੰਪਲੈਕਸ ਜਗਾਧਰੀ ਵਿੱਚ ਹੋਈ। ਮੀਟਿੰਗ ਵਿੱਚ ਕੁੱਲ ਹਿੰਦ ਕਿਸਾਨ ਸਭਾ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ, ਭਾਰਤੀ ਕਿਸਾਨ ਯੂਨੀਅਨ (ਟਿਕੈਤ) ਤੋਂ ਸਾਹਿਬ ਸਿੰਘ ਗੁੱਜਰ ਅਤੇ ਕੁੱਲ ਹਿੰਦ ਕਿਸਾਨ ਮਹਾਂਸਭਾ ਤੋਂ ਅਜੇ ਵੀਰ ਸੰਧੂ ਤੋਂ ਇਲਾਵਾ ਗੁਰ ਭਜਨ ਸਿੰਘ ਮਝੈਲ, ਪਿਆਰੇਲਾਲ ਤੰਵਰ, ਮਹੀਪਾਲ ਚਮਰੋੜੀ, ਮੋਹਿਤ ਤੇ ਨਰਿੰਦਰ ਸੰਸੌਲੀ ਹਾਜ਼ਰ ਸਨ।
ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਕਿਸਾਨ ਆਗੂ ਜਰਨੈਲ ਸਿੰਘ ਸਾਂਗਵਾਨ ਅਤੇ ਸਾਹਬ ਸਿੰਘ ਗੁੱਜਰ ਨੇ ਦੱਸਿਆ ਕਿ 26, 27 ਤੇ 28 ਦੇ ਮੋਰਚੇ ਲਈ 26 ਨਵੰਬਰ ਨੂੰ ਯਮੁਨਾਨਗਰ ਦੇ ਕਿਸਾਨ-ਮਜ਼ਦੂਰ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਲੈ ਕੇ ਪੰਚਕੂਲਾ ਵੱਲ ਮਾਰਚ ਕਰਨਗੇ ਕਿਉਂਕਿ ਕੇਂਦਰ ਅਤੇ ਸੂਬਾ ਸਰਕਾਰਾਂ ਯੂਨਾਈਟਿਡ ਕਿਸਾਨ ਮੋਰਚਾ ਨਾਲ ਕੀਤੇ ਸਮਝੌਤੇ ਤੋਂ ਮੁੱਕਰ ਰਹੀਆਂ ਹਨ। ਇਤਿਹਾਸਕ 13 ਮਹੀਨਿਆਂ ਦੇ ਕਿਸਾਨ ਅੰਦੋਲਨ ਦੀ ਤਾਕਤ ਨੇ ਭਾਜਪਾ ਦੀ ਮੋਦੀ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ ਪਰ ਭਾਰਤ ਦੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਵਚਨਬੱਧ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਬਿਜਲੀ ਸੋਧ ਬਿੱਲ ਰੱਦ ਕਰਨ ਵਰਗੇ ਮੁੱਦਿਆਂ ਤੋਂ ਮੁੱਕਰ ਗਈ ਹੈ।ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ 26 ਨਵੰਬਰ ਨੂੰ ਸ਼ਾਂਤਮਈ ਢੰਗ ਨਾਲ ਆਪਣੀਆਂ ਟਰੈਕਟਰ ਟਰਾਲੀਆਂ ਅਤੇ ਖਾਣ-ਪੀਣ ਦਾ ਸਮਾਨ ਲੈ ਕੇ ਇਕੱਠੇ ਹੋਣ ਅਤੇ ਤਿੰਨ ਦਿਨਾਂ ਵਿਸ਼ਾਲ ਮਾਰਚ ਵਿੱਚ ਪੰਚਕੂਲਾ ਮਾਰਚ ਵੱਲ ਰਵਾਨਾ ਹੋਣ ਦੀ ਅਪੀਲ ਕੀਤੀ ਹੈ।