ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਦੀ ਧਮਕੀ, ਕੇਸ ਦਰਜ
ਮੁਜ਼ੱਫਰਨਗਰ/ਮੇਰਠ(ਯੂਪੀ), 19 ਮਈ
ਮੁਜ਼ੱਫਰਨਗਰ ਪੁਲੀਸ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਵਾਲੇ ਨੂੰ ਕਥਿਤ ਇਨਾਮ ਦੇਣ ਦਾ ਐਲਾਨ ਕਰਨ ਵਾਲੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਸ ਪੋਸਟ ਖਿਲਾਫ਼ ਮੁਜ਼ੱਫਰਨਗਰ ਤੇ ਮੇਰਠ ਵਿਚ ਕਿਸਾਨ ਆਗੂਆਂ ਦੇ ਹਮਾਇਤੀਆਂ ਵਿਚ ਗੁੱਸਾ ਫੁੱਟਣ ਮਗਰੋਂ ਮੁਜ਼ੱਫ਼ਰਨਗਰ ਦੇ ਸਿਵਲ ਲਾਈਨ ਪੁਲੀਸ ਥਾਣੇ ਵਿਚ ਅਮਿਤ ਚੌਧਰੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਚਓ ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ ਵਾਇਰਲ ਵੀਡੀਓ ਵਿਚ ਮੁਲਜ਼ਮ ਅਮਿਤ ਚੌਧਰੀ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਾ ਨਜ਼ਰ ਆ ਰਿਹਾ ਹੈ। ਬੀਕੇਯੂ ਮੁਜ਼ੱਫਰਨਗਰ ਦੇ ਜ਼ਿਲ੍ਹਾ ਪ੍ਰਧਾਨ ਨਵੀਨ ਰਾਠੀ ਦੀ ਅਗਵਾਈ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਚੌਧਰੀ ਖਿਲਾਫ਼ ਫੌਰੀ ਕਾਰਵਾਈ ਦੀ ਮੰਗ ਕੀਤੀ। ਰਾਠੀ ਨੇ ਕਿਹਾ ਕਿ ਉਨ੍ਹਾਂ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ।
ਮੇਰਠ ਵਿਚ ਬੀਕੇਯੂ ਕਾਰਕੁਨਾਂ ਨੇ ਜਾਨੀ ਪੁਲੀਸ ਥਾਣੇ ਦਾ ਘਿਰਾਓ ਕੀਤਾ ਤੇ ਚੌਧਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਬੀਕੇਯੂ ਮੇਰਠ ਦੇ ਜ਼ਿਲ੍ਹਾ ਪ੍ਰਧਾਨ ਅਨੁਰਾਗ ਚੌਧਰੀ ਦੀ ਅਗਵਾਈ ਵਿਚ ਟਰੈਕਟਰ ਟਰਾਲੀ ਮਾਰਚ ਕੱਢਿਆ ਗਿਆ ਤੇ ਪੁਲੀਸ ਥਾਣੇ ਵਿਚ ਧਰਨਾ ਦਿੱਤਾ ਗਿਆ। ਦੋਵਾਂ ਜ਼ਿਲ੍ਹਿਆਂ ਦੀ ਪੁਲੀਸ ਨੇ ਕੇਸ ਦਰਜ ਕੀਤੇ ਜਾਣ ਸਬੰਧੀ ਬਿਆਨ ਦਰਜ ਕੀਤੇ ਹਨ, ਪਰ ਨਾ ਤਾਂ ਮੁਲਜ਼ਮ ਬਾਰੇ ਬਹੁਤੀ ਜਾਣਕਾਰੀ ਦਿੱਤੀ ਤੇ ਨਾ ਹੀ ਟਿਕੈਤ ਖਿਲਾਫ਼ ਦਿੱਤੇ ਬਿਆਨ ਪਿਛਲਾ ਕੋਈ ਕਾਰਨ ਦੱਸਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। -ਪੀਟੀਆਈ