ਸੜਕ ਹਾਦਸੇ ਵਿੱਚ ਕਿਸਾਨ ਹਲਾਕ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 3 ਅਗਸਤ
ਏਅਰਪੋਰਟ ਸੜਕ ’ਤੇ ਗੋਲ ਚੌਕ ਉੱਤੇ ਅੱਜ ਸੜਕ ਹਾਦਸੇ ਵਿੱਚ ਕਿਸਾਨ ਬਲਵਿੰਦਰ ਸਿੰਘ (42) ਦੀ ਮੌਤ ਹੋ ਗਈ। ਉਹ ਪਿੰਡ ਬਾਕਰਪੁਰ ਤੋਂ ਖੇੜਾ ਗੱਜੂ ਸਥਿਤ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਜਾ ਰਿਹਾ ਸੀ, ਜਦੋਂ ਉਹ ਏਅਰਪੋਰਟ ਚੌਕ ਨੇੜੇ ਪਹੁੰਚਿਆ ਤਾਂ ਜ਼ੀਰਕਪੁਰ-ਪਟਿਆਲਾ ਹਾਈਵੇਅ ਵਾਲੇ ਪਾਸਿਓਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖ਼ਮੀ ਕਿਸਾਨ ਕਰੀਬ ਅੱਧਾ ਘੰਟਾ ਸੜਕ ਉੱਤੇ ਹੀ ਤੜਫ਼ਦਾ ਰਿਹਾ। ਉਨ੍ਹਾਂ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਾਲਾਂਕਿ ਚੌਕ ਨੇੜੇ ਬੀਟ ਬਾਕਸ ਵਿੱਚ ਪੁਲੀਸ ਕਰਮਚਾਰੀ ਵੀ ਤਾਇਨਾਤ ਸਨ ਪਰ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ।
ਹਾਦਸੇ ’ਚ ਬਜ਼ੁਰਗ ਹਲਾਕ
ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਰੋਜ਼ਾਨਾ ਵਾਂਗ ਸੇਵਾ ਕਰਨ ਲਈ ਜਾ ਰਹੇ ਬਜ਼ੁਰਗ ਰਣਜੀਤ ਸਿੰਘ ਨੂੰ ਇੱਕ ਤੇਜ਼ ਰਫ਼ਤਾਰ ਬਰੇਜ਼ਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਰੋਕਣ ਦੀ ਥਾਂ ਰਫ਼ਤਾਰ ਹੋਰ ਤੇਜ਼ ਕਰਕੇ ਭਜਾ ਲਈ। ਇਸ ਤਰ੍ਹਾਂ ਤੇਜ਼ ਰਫ਼ਤਾਰ ਕਾਰ ਲਗਪਗ 300 ਮੀਟਰ ਦੂਰੀ ਤੱਕ ਬਜ਼ੁਰਗ ਨੂੰ ਘਸੀਟ ਕੇ ਲੈ ਗਈ, ਜਿਸ ਕਾਰਨ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਰੀਬ ਤਿੰਨ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।