ਭਾਕਿਯੂ (ਲੱਖੋਵਾਲ) ਦੀ ਮੀਟਿੰਗ ਵਿੱਚ ਕਿਸਾਨੀ ਮਸਲੇ ਵਿਚਾਰੇ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਡੀਜ਼ਲ ਤੇ ਪੈਟਰੋਲ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਵੇ ਅਤੇ ਪੰਜਾਬ ਸਰਕਾਰ ਪੈਟਰੋਲ, ਡੀਜ਼ਲ ਅਤੇ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਵਾਪਸ ਲਵੇ। ਜਥੇਬੰਦੀ ਦੀ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਯੂਨੀਅਨ ਦੇ ਅਹੁਦੇਦਾਰ, ਕਾਰਜਕਾਰੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਾਮਲ ਹੋ ਕੇ ਕਿਸਾਨੀ ਮੁੱਦਿਆਂ ’ਤੇ ਚਰਚਾ ਕੀਤੀ। ਇਸ ਮੌਕੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਪਰਮਿੰਦਰ ਸਿੰਘ ਪਾਲਮਾਜਰਾ, ਪਰਸ਼ੋਤਮ ਸਿੰਘ ਗਿੱਲ ਅਤੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ 92 ਪੈਸੇ ਤੇ ਡੀਜ਼ਲ 61 ਪੈਸੇ ਵਧਾ ਕੇ ਕਿਸਾਨਾਂ, ਟਰਾਂਸਪੋਟਰਾਂ, ਕਾਰਖਾਨੇਦਾਰਾਂ ਤੇ ਆਮ ਲੋਕਾਂ ਨਾਲ ਵੱਡੀ ਠੱਗੀ ਮਾਰੀ ਹੈ ਜਦਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਰੇਟ ਘੱਟ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਡੀਜ਼ਲ ਸਬਸਿਡੀ ’ਤੇ ਦਿੱਤਾ ਜਾਵੇ ਅਤੇ ਵਧਾਈਆਂ ਦਰਾਂ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਮੀਟਿੰਗ ’ਚ ਗੁਰਪ੍ਰੀਤ ਸਿੰਘ ਸਾਹਾਬਾਣਾ, ਜਸਵੰਤ ਸਿੰਘ ਬੀਜਾ ਅਤੇ ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਖ਼ਤਮ ਕੀਤੀ ਬਿਜਲੀ ਸਬਸਿਡੀ ਤੁਰੰਤ ਬਹਾਲ ਕਰਨ ਦੀ ਮੰਗ ਕਰਦਿਆਂ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਉਸ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਚਾਲੂ ਕਰਨ ਬਾਰੇ ਕੋਈ ਫ਼ੈਸਲਾ ਲਿਆ ਤਾਂ ਯੂਨੀਅਨ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗੀ।