ਸ਼ੰਭੁੂ ਬਾਰਡਰ ’ਤੇ ਸਲਫ਼ਾਸ ਖਾਣ ਵਾਲੇ ਕਿਸਾਨ ਦੀ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਦਸੰਬਰ
ਸ਼ੰਭੂ ਬਾਰਡਰ ’ਤੇ ਚਾਰ ਦਿਨ ਪਹਿਲਾਂ ਸਲਫ਼ਾਸ ਦੀਆਂ ਗੋਲੀਆਂ ਖਾਣ ਵਾਲੇ ਕਿਸਾਨ ਜੋਧ ਸਿੰਘ (50) ਦੀ ਅੱਜ ਇਥੇ ਮੌਤ ਹੋ ਗਈ। ਕਿਸਾਨ ਨੇ ਸਥਾਨਕ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਅੱਜ ਤੜਕੇ 7 ਵਜੇ ਆਖਰੀ ਸਾਹ ਲਿਆ। ਮ੍ਰਿਤਕ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਨੇੜਲੇ ਪਿੰਡ ਰਤਨਹੇੜੀ ਦਾ ਵਸਨੀਕ ਸੀ।
ਦਿੱਲੀ ਕੂਚ ਕਰਨ ਵਾਲੇ ਮਰਜੀਵੜੇ ਕਿਸਾਨਾਂ ਦੇ ਇੱਕ ਜਥੇ ’ਤੇ 14 ਦਸੰਬਰ ਨੂੰ ਤੀਜੀ ਵਾਰ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਤਾਂ ਹਕੂਮਤ ਦੀਆਂ ਕਿਸਾਨ ਵਿਰੋਧੀ ਕਾਰਵਾਈਆਂ ਤੋਂ ਤੰਗ ਆ ਕੇ ਉਸ ਨੇ ਸ਼ੰਭੂ ਬਾਰਡਰ ’ਤੇ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ। ਇਸ ਮਗਰੋਂ ਉਸ ਨੂੰ ਰਾਜਪੁਰਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਇੱਥੇ ਭਾਵੇਂ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਅੱਜ ਸਵੇਰੇ 7 ਵਜੇ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ, ਮਨਜੀਤ ਸਿੰਘ ਰਾਏ ਤੇ ਬਲਕਾਰ ਸਿੰਘ ਬੈਂਸ ਸਮੇਤ ਕਈ ਹੋਰ ਕਿਸਾਨਾਂ ਨੇ ਜੋਧ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਇਸ ਸਬੰਧੀ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਉਧਰ ਇਕ ਕਿਸਾਨ ਆਗੂ ਨੇ ਕਿਹਾ ਕਿ ਹਸਪਤਾਲ ’ਚੋਂ ਜੋਧ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ੰਭੂ ਬਾਰਡਰ ਲਿਜਾਇਆ ਜਾਵੇਗਾ, ਜਿੱਥੇ ਕਿਸਾਨ ਸਾਥੀਆਂ ਵੱਲੋਂ ਸ਼ਰਧਾਂਜਲੀਆ ਭੇਟ ਕਰਨ ਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਉਸ ਦੀ ਮ੍ਰਿਤਕ ਦੇਹ ਸਸਕਾਰ ਲਈ ਪਿੰਡ ਰਤਨਹੇੜੀ ਲਿਜਾਈ ਜਾਵੇਗੀ।