ਕਿਸਾਨ ਨੇ ਚਾਰ ਏਕੜ ਬਰਬਾਦ ਹੋਈ ਕਣਕ ਦੀ ਫਸਲ ਵਾਹੀ
ਪਵਨ ਗੋਇਲ
ਭੁੱਚੋ ਮੰਡੀ, 13 ਦਸੰਬਰ
ਪਿੰਡ ਲਹਿਰਾ ਮੁਹੱਬਤ ਵਿੱਚ ਕਿਸਾਨ ਭੋਲਾ ਸਿੰਘ ਨੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਆਪਣੀ ਚਾਰ ਏਕੜ ਕਣਕ ਦੀ ਫਸਲ ਵਾਹ ਦਿੱਤੀ ਹੈ ਅਤੇ ਨਵੇਂ ਸਿਰਿਓਂ ਕਣਕ ਦੀ ਬਿਜਾਈ ਕਰਨ ਦੀ ਤਿਆਰੀ ਵਿੱਚ ਹੈ। ਇਸ ਮੌਕੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਖੇਤੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਲਹਿਰਾ ਮੁਹੱਬਤ ਵਿੱਚ ਜਿਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੁਪਰਸੀਡਰ ਨਾਲ ਕਣਕ ਬੀਜੀ ਸੀ, ਉਸ ਫਸਲ ਨੂੰ ਸੁੰਡੀ ਬਹੁਤ ਪੈ ਚੁੱਕੀ ਹੈ। ਇਸ ਦੇ ਬਾਵਜੂਦ ਖੇਤੀ ਵਿਭਾਗ ਨੇ ਸੁੰਡੀ ਮਾਰਨ ਲਈ ਜੋ ਕੀਟਨਾਸ਼ਕ ਦਵਾਈਆਂ ਸਿਫਾਰਸ਼ ਕੀਤੀਆਂ ਸਨ, ਉਨ੍ਹਾਂ ਦੇ ਛਿੜਕਾਅ ਨਾਲ ਵੀ ਸੁੰਡੀ ਨਹੀਂ ਮਰੀ। ਇਸ ਕਾਰਨ ਕਿਸਾਨ ਆਪਣੀ ਫਸਲ ਵਾਹੁਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪਹਿਲਾਂ ਬੀਜੀ ਕਣਕ ’ਤੇ 10 ਹਜ਼ਾਰ ਖਰਚ ਹੋ ਚੁੱਕਿਆ ਹੈ ਅਤੇ ਹੁਣ ਹੋਰ ਖਰਚਾ ਝੱਲਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਕਣਕ ਦੀ ਫਸਲ ਦਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਨਥਾਣਾ ਦੇ ਖੇਤੀ ਵਿਕਾਸ ਅਫਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਪੈਣ ਦਾ ਮੁੱਖ ਕਾਰਨ ਮੌਸਮ ਵਿੱਚ ਠੰਢਕ ਪੈਦਾ ਨਾ ਹੋਣਾ ਹੈ। ਇਸ ਵਾਰ ਗਰਮੀ ਕਾਫੀ ਦੇਰ ਤੱਕ ਪਈ ਹੈ। ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਪਾਣੀ ਵਿੱਚ ਮਿਲਾ ਕਿ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇ ਅਤੇ ਪਾਣੀ ਦਿਨ ਵੇਲੇ ਹੀ ਲਗਾਇਆ ਜਾਵੇ ਤਾਂ ਜੋ ਸੁੰਡੀ ਪਾਣੀ ਉੱਪਰ ਆ ਜਾਵੇਗੀ ਅਤੇ ਪੰਛੀ ਉਸ ਦਾ ਖ਼ਾਤਮਾ ਕਰਨ ਵਿੱਚ ਸਹਾਈ ਹੋਣਗੇ।
ਸੁੰਡੀ ਕਾਰਨ ਕਿਸਾਨ ਨੇ ਦੁਬਾਰਾ ਕਣਕ ਬੀਜੀ
ਤਪਾ ਮੰਡੀ (ਸੀ.ਮਾਰਕੰਡਾ):
ਨੇੜਲੇ ਪਿੰਡ ਤਾਜੋਕੇ ਦੇ ਕਿਸਾਨ ਮੱਖਣ ਸਿੰਘ ਦੀ ਬੀਜੀ ਕਣਕ ਨੂੰ ਗੁਲਾਬੀ ਸੁੰਡੀ ਪੈਣ ਕਾਰਨ ਕਿਸਾਨ ਵੱਲੋਂ ਕਣਕ ਨੂੰ ਮੁੜ ਤੋਂ ਬੀਜਣਾ ਪਿਆ। ਇਸ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ। ਉਸ ਨੇ ਕਿਹਾ ਕਿ ਉਸ ਨੇ ਕਈ ਏਕੜ ਕਣਕ ਦੀ ਬਿਜਾਈ ਕੀਤੀ ਸੀ। ਜਿਸ ’ਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਣਕ ਦੀ ਨਵੇਂ ਸਿਰੇ ਤੋਂ ਬਿਜਾਈ ਕਰਨੀ ਪਈ। ਉਸ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਖੇਤਰ ਅੰਦਰ ਕਣਕ ਨੂੰ ਸੁੰਡੀ ਪੈਣ ਕਰਕੇ ਕਈ ਏਕੜ ਕਣਕ ਦੀ ਫਸਲ ਦੀ ਕਿਸਾਨਾਂ ਨੇ ਦੁਬਾਰਾ ਬਿਜਾਈ ਕੀਤੀ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ’ਤੇ ਸੁੰਡੀ ਮਾਰਨ ਲਈ ਕਈ ਕਈ ਸਪਰੇਆਂ ਕੀਤੀਆਂ ਪਰ ਕੋਈ ਅਸਰ ਨਹੀਂ ਹੋਇਆ। ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ।
ਗੁਲਾਬੀ ਸੁੰਡੀ ਤੋਂ ਬਚਾਅ ਲਈ ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਮਾਨਸਾ (ਜੋਗਿੰਦਰ ਸਿੰਘ ਮਾਨ):
ਇਸੇ ਦੌਰਾਨ ਪਿੰਡ ਝੰਡਾ ਖੁਰਦ ਵਿੱਚ ਲਗਾਏ ਕਿਸਾਨ ਸਿਖਲਾਈ ਕੈਂਪ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਤਕਨੀਕ ਜਾਣਕਾਰੀ ਦਿੱਤੀ ਗਈ। ਖੇਤੀ ਵਿਕਾਸ ਅਫ਼ਸਰ ਗੁਰਿੰਦਰਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਨ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋਣ ’ਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਸਪਰੇਆਂ ਦੀ ਵਰਤੋਂ ਕਰਨ ਦੇ ਨਾਲ-ਨਾਲ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ।
ਬਲਾਕ ਤਕਨੀਕੀ ਮੈਨੇਜਰ ਅਮਰਿੰਦਰ ਸਿੰਘ ਨੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ । ਉਧਰ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂਕੇ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਖੇਤੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਪਰਾਲੀ ਨੂੰ ਖੇਤਾਂ ਵਿੱਚ ਵਾਹਕੇ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ਖੇਤਾਂ ਵਿੱਚ ਹੀ ਗੁਲਾਬੀ ਸੁੰਡੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਸਿਫਾਰਸ਼ ਕੀਤੀਆਂ ਸਪਰੇਆਂ ਛਿੜਕਾਅ ਕਰਨ ਦੇ ਬਾਵਜੂਦ ਹੱਲ ਨਾ ਹੋਣ ’ਤੇ ਬਹੁਤੇ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਨਵੇਂ ਸਿਰੇ ਤੋਂ ਬੀਜਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅੰਨਦਾਤਾ ’ਤੇ ਪਈ ਇਸ ਦੂਹਰੀ ਮਾਰ ਦੀ ਭਰਪਾਈ ਕਰੇ।