ਡੇਰਾ ਮੁਖੀ ਦੇ ਪੁੱਤਰ ਵੱਲੋਂ ਕਿਸਾਨ ਦੀ ਕੁੱਟਮਾਰ
ਪੱਤਰ ਪ੍ਰੇਰਕ
ਬਠਿੰਡਾ, 18 ਨਵੰਬਰ
ਪਿੰਡ ਦਾਨ ਸਿੰਘ ਵਾਲਾ ਵਿਖ਼ੇ ਇੱਕ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਹਾਲੇ ਠੰਢਾ ਨਹੀਂ ਸੀ ਹੋਇਆ ਕਿ ਇੱਕ ਵਾਰ ਫੇਰ ਉਕਤ ਡੇਰੇ ਸੰਚਾਲਕ ਦੇ ਪੁੱਤਰ ਵੱਲੋਂ ਪਿੰਡ ਦੇ ਕਿਸਾਨ ਜਗਤਾਰ ਸਿੰਘ ਤਾਰਾ ਦੀ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡੇਰਾ ਭਗਤ ਰਾਮਜੀ ਦੇ ਮੁਖੀ ਬਖਤੌਰ ਦਾਸ ਦਾ ਪੁੱਤਰ ਜਗਮੀਤ ਸਿੰਘ ਕਿਸਾਨ ਜਗਤਾਰ ਸਿੰਘ ਨਾਲ ਭਿੜ ਗਿਆ, ਜਦੋਂ ਉਹ ਖੇਤ ਵਿਚ ਹਰਾ ਚਾਰਾ ਲੈਣ ਗਿਆ ਹੋਇਆ ਸੀ। ਡੇਰੇ ਮੁਖੀ ਦੇ ਪੁੱਤਰ ਨੂੰ ਸ਼ੱਕ ਸੀ ਕਿ ਉਕਤ ਕਿਸਾਨ ਵੱਲੋਂ ਹੀ ਡੇਰੇ ਪ੍ਰਤੀ ਲੋਕਾਂ ਨੂੰ ਭੜਕਾਇਆ ਗਿਆ ਸੀ। ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਨੇ ਡੇਰੇ ਵਿੱਚ ਪੁੱਜ ਕੇ ਜਾਣਕਾਰੀ ਇਕੱਠੀ ਕੀਤੀ। ਦੱਸਣਾ ਬਣਦਾ ਹੈ ਕਿ ਬੀਤੇ ਦੀਵਾਲੀ ਵਾਲੇ ਦਿਨ ਡੇਰੇ ਵਿਚ ਗੁਟਕਾ ਸਾਹਿਬ ਦੀ ਬੇ-ਅਦਬੀ ਹੋ ਗਈ ਸੀ। ਪੀੜਤ ਕਿਸਾਨ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਕੁੱਟਮਾਰ ਤੋਂ ਇਲਾਵਾ ਉਸ ਦੇ ਘਰ ਅੱਗੇ ਕੁਝ ਟੈਂਪੂ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਗਈਆਂ ਹਨ। ਉਧਰ ਜਗਮੀਤ ਨੇ ਕਿਹਾ ਕਿ ਜਦੋਂ ਉਸ ਨੇ ਰੇਹੜੀ ਪਾਸੇ ਕਰਨ ਲਈ ਕਿਹਾ ਤਾਂ ਜਗਤਾਰ ਸਿੰਘ ਤੇ ਉਸ ਦਾ ਸਾਥੀ ਖੇਤ ਵਾਲੀ ਪਹੀ ’ਤੇ ਰੇਹੜੀ ਖੜ੍ਹੀ ਕਰਕੇ ਉਸ ਦੀ ਕੁੱਟਮਾਰ ਕਰਨ ਲੱਗ ਪਏ।