ਪਰਾਲੀ ਸਾੜੇ ਬਿਨਾਂ ਖੇਤੀ ਕਰ ਰਿਹੈ ਕਿਸਾਨ ਅਮਰਿੰਦਰ ਸਿੰਘ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 27 ਸਤੰਬਰ
ਭੁਨਰਹੇੜੀ ਨੇੜੇ ਪਿੰਡ ਖਾਕਟਾਂ ਖ਼ੁਰਦ ਦੇ ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਖੇਤ ’ਚ ਹੀ ਮਿਲਾ ਕੇ ਸਫ਼ਲ ਖੇਤੀ ਕਰਦਿਆਂ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ। ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ 19 ਏਕੜ ਜ਼ਮੀਨ ’ਚ ਖੇਤੀ ਕਰਦਾ ਹੈ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਪਿਛਲੇ ਸਾਲ ਮਲਚਿੰਗ ਕਰ ਕੇ ਕਣਕ ਦੀ ਬਿਜਾਈ ਕੀਤੀ ਸੀ, ਜਿਸ ’ਤੇ ਪ੍ਰੀਤ ਏਕੜ ਸਿਰਫ਼ 300 ਰੁਪਏ ਦਾ ਖ਼ਰਚ ਆਇਆ। ਉਹ ਪਿਛਲੇ ਛੇ ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਖੇਤੀ ਕਰ ਰਿਹਾ ਹੈ। ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਾਲੀ ਜ਼ਮੀਨ ਲਈ ਦੇਸੀ ਘਿਓ ਵਰਗਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ਼ ਖੇਤ ਦੀ ਉਪਜਾਊ ਸ਼ਕਤੀ ਵਧੀ ਹੈ, ਸਗੋਂ ਖਾਦਾਂ ਦੀ ਵਰਤੋਂ ’ਚ ਵੀ ਕਮੀ ਆਈ ਹੈ, ਕਣਕ ਦੀ ਫ਼ਸਲ ਗਿਰਦੀ ਨਹੀਂ ਅਤੇ ਜ਼ਮੀਨ ਦੀ ਪਾਣੀ ਜ਼ਜਬ ਕਰਨ ਦੀ ਸ਼ਕਤੀ ’ਚ ਵੀ ਵਾਧਾ ਹੁੰਦਾ ਹੈ। ਅਮਰਿੰਦਰ ਨੇ ਦੱਸਿਆ ਕਿ ਇਸ ਸਾਲ ਉਹ 10 ਏਕੜ ਜ਼ਮੀਨ ’ਚ ਮਲਚਿੰਗ ਕਰੇਗਾ ਅਤੇ 10 ਏਕੜ ਵਿੱਚ ਸੁਪਰ ਸੀਡਰ ਨਾਲ ਬਿਜਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਮਰਿੰਦਰ ਨੇ ਮੀਂਹ ਦਾ ਪਾਣੀ ਸਟੋਰ ਕਰਨ ਲਈ ਖੇਤ ਵਿੱਚ ਸੌ ਫੁੱਟ ਚੌੜਾ ਤੇ 16 ਫੁਟ ਡੂੰਘਾ ਟੋਭਾ ਵੀ ਬਣਾਇਆ ਹੈ, ਜਿਸ ਨਾਲ ਉਹ ਸਿੰਜਾਈ ਦਾ ਕੰਮ ਕਰਦਾ ਹੈ।