ਫ਼ਰੀਦਕੋਟ ਵਾਸੀਆਂ ਨੇ ਭੰਨਿਆ ਹਸਪਤਾਲ ਦਾ ‘ਰੋਪੜੀ’ ਤਾਲਾ
ਜਸਵੰਤ ਜੱਸ
ਫ਼ਰੀਦਕੋਟ, 24 ਜੁਲਾਈ
ਪਿਛਲੇ ਇੱਕ ਹਫ਼ਤੇ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਮੁੱਖ ਗੇਟ ਆਮ ਲੋਕਾਂ ਲਈ ਖੁਲ੍ਹਵਾਉਣ ਵਾਸਤੇ ਧਰਨੇ ‘ਤੇ ਬੈਠੇ ਸ਼ਹਿਰ ਵਾਸੀਆਂ ਨੇ ਦਿੱਤੇ ਅਲਟੀਮੇਟਮ ਮੁਤਾਬਿਕ ਅੱਜ ਗੇਟ ਦਾ ਜਿੰਦਰਾ ਭੰਨ ਦੇ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੇ ਰਾਮ ਬਾਗ਼ ਵਾਲੇ ਪਾਸਿਓਂ ਗੇਟ ਬੰਦ ਕਰ ਦਿੱਤਾ ਸੀ ਜਿਸ ਕਰਕੇ ਸ਼ਹਿਰ ਵਾਲੇ ਪਾਸਿਉਂ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਦੇ ਪ੍ਰਧਾਨ ਗੁਰਦਿੱਤ ਸੇਖੋਂ, ਅਮਨਦੀਪ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ, ਨਛੱਤਰ ਸਿੰਘ, ਗੁਰਦੇਵ ਸਿੰਘ ਅਤੇ ਕਿਰਪਾਲ ਸਿੰਘ ਆਦਿ ਇਹ ਗੇਟ ਖੁਲ੍ਹਵਾਉਣ ਲਈ ਲਗਾਤਾਰ ਧਰਨੇ ‘ਤੇ ਬੈਠੇ ਹੋਏ ਸਨ। ਇਸੇ ਦਰਮਿਆਨ ਪ੍ਰਸ਼ਾਸਨ ਨੇ ਗੱਲਬਾਤ ਲਈ ਧਰਨਾਕਾਰੀਆਂ ਨੂੰ ਦੋ ਵਾਰ ਸੱਦਾ ਦਿੱਤਾ ਸੀ ਪਰੰਤੂ ਪ੍ਰਸ਼ਾਸਨ ਗੇਟ ਖੋਲ੍ਹਣ ਦੀ ਥਾਂ ਮਾਮਲੇ ਨੂੰ ਲਗਾਤਾਰ ਲਮਕਾ ਰਿਹਾ ਸੀ ਜਿਸ ਤੋਂ ਤੰਗ ਆ ਕੇ ਅੱਜ ਸ਼ਹਿਰ ਵਾਸੀਆਂ ਨੇ ਗੇਟ ਦਾ ਜਿੰਦਰਾ ਭੰਨ ਦਿੱਤਾ। ਇਸ ਤੋਂ ਪਹਿਲਾਂ ਗੇਟ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਸਾਂਸਦ ਪ੍ਰੋ. ਸਾਧੂ ਸਿੰਘ, ਸ਼ਵਿੰਦਰਪਾਲ ਸਿੰਘ ਸੰਧੂ, ਬਲਕਰਨ ਸਿੰਘ, ਜਸਪਾਲ ਸਿੰਘ ਸਾਦਿਕ, ਕਾਮਰੇਡ ਪ੍ਰੇਮ ਕੁਮਾਰ ਅਤੇ ਰਾਜੇਸ਼ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਰਵੱਈਆ ਬੇਹੱਦ ਗੈਰ ਜ਼ਿੰਮੇਵਾਰਾਨਾ ਅਤੇ ਤਾਨਾਸ਼ਾਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਪ੍ਰਸ਼ਾਸ਼ਨ ਦੀ ਪਹਿਲੀ ਜ਼ਿੰਮੇਵਾਰੀ ਹੈ ਪਰੰਤੂ ਲੋਕਾਂ ਦੀ ਅਪੀਲ ਦੇ ਬਾਵਜੂਦ ਪ੍ਰਸ਼ਾਸਨ ਮਸਲਾ ਹੱਲ ਕਰਨ ਦੀ ਥਾਂ ਲੋਕਾਂ ਨੂੰ ਹੀ ਡਰਾ-ਧਮਕਾ ਰਿਹਾ ਹੈ। ਥਾਣਾ ਸਿਟੀ ਫਰੀਦਕੋਟ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਗੇਟ ਦਾ ਜਿੰਦਰ ਤੋੜਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਅਤੇ ਉਹ ਮੌਕੇ ਦਾ ਮੁਆਇਨਾ ਵੀ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰੇਗੀ। ਪਰੰਤੂ ਜਿੰਦਰਾ ਤੋੜਨ ਬਾਰੇ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।