For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ: ਬਜ਼ੁਰਗਾਂ ਤੇ ਅਪਾਹਜਾਂ ਨੇ ਪੋਸਟ ਬੈਲੇਟ ਰਾਹੀਂ ਵੋਟਾਂ ਪਾਈਆਂ

07:55 AM May 30, 2024 IST
ਫਰੀਦਕੋਟ  ਬਜ਼ੁਰਗਾਂ ਤੇ ਅਪਾਹਜਾਂ ਨੇ ਪੋਸਟ ਬੈਲੇਟ ਰਾਹੀਂ ਵੋਟਾਂ ਪਾਈਆਂ
ਪਿੰਡ ਹਰਦਿਆਲੇਆਣਾ ਦੀ ਬਿਰਧ ਪੋਸਟ ਬੈਲੇਟ ਰਾਹੀਂ ਵੋਟ ਪਾਉਣ ਤੋਂ ਬਾਅਦ ਜੇਤੂ ਚਿੰਨ੍ਹ ਬਣਾਉਂਦੀ ਹੋਈ।
Advertisement

ਜਸਵੰਤ ਜੱਸ
ਫਰੀਦਕੋਟ, 29 ਮਈ
ਫਰੀਦਕੋਟ ਲੋਕ ਸਭਾ ਹਲਕੇ ਵਿੱਚ 16 ਲੱਖ ਵੋਟਰਾਂ ਵਿੱਚੋਂ 14,406 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਇਸ ਤੋਂ ਇਲਾਵਾ 11761 ਵੋਟਰ ਅਪਾਹਜ ਹਨ। ਚੋਣ ਅਮਲੇ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਘਰ-ਘਰ ਜਾ ਕੇ 85 ਸਾਲ ਤੋਂ ਵਡੇਰੇ ਅਤੇ ਅਪਹਾਜ ਵੋਟਰਾਂ ਦੀਆਂ ਵੋਟਾਂ ਪੁਆਈਆਂ। 18 ਮਈ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਹੁਣ 55 ਫ਼ੀਸਦੀ ਵੋਟਰਾਂ ਨੇ ਪੋਸਟ ਬੈਲੇਟ ਰਾਹੀਂ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ। ਇਸ ਤੋਂ ਇਲਾਵਾ ਚੋਣ ਡਿਊਟੀਆਂ ’ਤੇ ਲੱਗੇ 5788 ਵੋਟਰਾਂ ਨੂੰ ਵੀ ਪੋਸਟ ਬੈਲੇਟ ਰਾਹੀਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।
ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 19 ਐੱਨਆਰਆਈ ਵੋਟਰ ਹਨ। ਪਿੰਡ ਹਰਦਿਆਲੇਆਣਾ ਦੇ ਵਸਨੀਕ ਐਡਵੋਕੇਟ ਕੁਲਵਿੰਦਰ ਸਿੰਘ ਹਰਦਿਆਲੇਆਣਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ 85 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੇ ਘਰ ਬੈਠ ਕੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਖ਼ਤ ਗਰਮੀ ਵਿੱਚ ਪੋਲਿੰਗ ਬੂਥ ਤੱਕ ਜਾਣਾ ਔਖਾ ਸੀ ਅਤੇ ਚੋਣ ਕਮਿਸ਼ਨ ਦੇ ਇਸ ਫੈਸਲੇ ਨਾਲ ਇਸ ਵਾਰ ਵੱਧ ਵੋਟਾਂ ਪੋਲ ਹੋਣ ਦੀ ਸੰਭਾਵਨਾ ਹੈ। ਫ਼ਰੀਦਕੋਟ ਦੇ ਮੁੱਖ ਚੋਣ ਅਫ਼ਸਰ ਵਿਨੀਤ ਕੁਮਾਰ ਨੇ ਕਿਹਾ ਕਿ ਪੋਸਟ ਬੈਲੇਟ ਰਾਹੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੁਆਈਆਂ ਜਾ ਰਹੀਆਂ ਹਨ ਅਤੇ ਇਹ ਪ੍ਰਕਿਰਿਆ 18 ਮਈ ਤੋਂ 3 ਜੂਨ ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਪੋਸਟ ਬੈਲੇਟ ਰਾਹੀਂ ਵੋਟਰ ਨੂੰ ਪੋਲਿੰਗ ਬੂਥ ਵਾਂਗ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਹੈ। ਫਰੀਦਕੋਟ ਲੋਕ ਸਭਾ ਵਿੱਚ ਚੋਣ ਲੜ ਰਹੇ 28 ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੇ ਨਾਲ-ਨਾਲ ਪੋਸਟ ਬੈਲੇਟ ਰਾਹੀਂ ਵੋਟਾਂ ਪਾਉਣ ਵਾਲੇ ਵੋਟਰਾਂ ਦੇ ਘਰ-ਘਰ ਜਾ ਕੇ ਹਮਾਇਤ ਹਾਸਲ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਵਾਰ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਰਿਕਾਰਡ ਤੋੜ ਪੋਲਿੰਗ ਹੋਵੇਗੀ ਕਿਉਂਕਿ 32 ਹਜ਼ਾਰ ਦੇ ਕਰੀਬ ਵੋਟਰਾਂ ਨੂੰ ਪੋਸਟ ਬੈਲੇਟ ਰਾਹੀਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜਦਕਿ ਇਹ ਵੋਟਰ ਪਹਿਲਾਂ ਬੂਥ ਦੂਰ ਜਾਂ ਭੀੜ ਹੋਣ ਕਾਰਨ ਵੋਟ ਪਾਉਣ ਨਹੀਂ ਜਾਂਦੇ ਸਨ।

Advertisement

Advertisement
Author Image

sukhwinder singh

View all posts

Advertisement
Advertisement
×