ਫਰੀਦਾਬਾਦ: ਫਾਇਰ ਬ੍ਰਿਗੇਡ ਦਫ਼ਤਰ ਖੰਡਰ ਬਣਨ ਕੰਢੇ
ਪੱਤਰ ਪ੍ਰੇਰਕ
ਫਰੀਦਾਬਾਦ, 22 ਅਗਸਤ
ਸਨਅਤੀ ਸ਼ਹਿਰ ਫਰੀਦਬਾਦ ਵਿੱਚ ਨਿੱਤ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਬਾਵਜੂਦ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਨਹੀਂ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਕਟਰ-46 ਸਥਿਤ ਫਾਇਰ ਬ੍ਰਿਗੇਡ ਦਾ ਉਜਾੜ ਬਣਿਆ ਪਿਆ ਹੈ। ਕਈ ਸਾਲਾਂ ਤੋਂ ਇਸ ਕੇਂਦਰ ਦੀ ਵਰਤੋਂ ਅੱਗ ਬੁਝਾਊਣ ਵਾਲੇ ਕੇਂਦਰ ਵੱਜੋਂ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਇਸ ਦੀ ਇਮਾਰਤ ਉਜੜ ਗਈ ਹੈ ਤੇ ਕੇਂਦਰ ਖੰਦਰ ਬਣਨ ਵੱਲ ਹੈ। ਉੱਥੇ ਜਾ ਕੇ ਦੇਖਿਆ ਗਿਆ ਕਿ ਕੋਈ ਬੈਂਡ ਵਾਜੇ ਵਾਲਾ ਇਸ ਕੇਂਦਰ ਨੂੰ ਨਾਜਾਇਜ਼ ਤਰੀਕੇ ਨਾਲ ਵਿਆਹਾਂ ਤੇ ਹੋਰ ਸਮਾਗਮਾਂ ਲਈ ਕੇਂਦਰ ਦੀ ਇਮਾਰਤ ਤੇ ਅਹਾਤਾ ਇਸਤੇਮਾਲ ਕਰਦਾ ਹੈ। ਇਮਾਰਤ ਦੇ ਦਰਵਾਜ਼ੇ ਤੇ ਖਿੜਕੀਆਂ ਟੁੱਟ ਚੁੱਕੀਆਂ ਹਨ ਤੇ ਲੋਕ ਲੱਕੜੀ ਅਤੇ ਲੋਹੇ ਦੀਆਂ ਚੁਗਾਠਾਂ ਚੁੱਕ ਕੇ ਲੈ ਜਾ ਚੁੱਕੇ ਹਨ। ਇਸ ਇਲਾਕੇ ਵਿੱਚ ਜ਼ਿਆਦਾਤਰ ਬਹੁਮੰਜ਼ਿਲੀਆਂ ਇਮਾਰਤਾਂ ਬਣੀਆਂ ਹੋਈਆਂ ਹਨ। ਕਿਉਂਕਿ ਇਹ ਇਲਾਕਾ ਦਿੱਲੀ ਦੇ ਬਦਰਪੁਰ ਬਾਰਡਰ ਦੇ ਨੇੜੇ ਪੈਂਦਾ ਹੈ ਜਿਸ ਕਰਕੇ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਨੌਕਰੀਆਂ ਕਰਨ ਵਾਲੇ 46.47 ਤੇ 31 ਸੈਕਟਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ। ਅਧਿਕਾਰੀਆਂ ਵੱਲੋਂ ਇਸ ਕੇਂਦਰ ਦੀ ਸਾਰ ਨਾ ਲਏ ਜਾਣ ਤੋਂ ਸਥਾਨਕ ਲੋਕ ਖ਼ਫ਼ਾ ਹਨ। ਸਮਾਜ ਸੇਵੀ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਅੱਗ ਬੁਝਾਊ ਕੇਂਦਰ ਦੀ ਸਾਰ ਲਵੇ।