ਫ਼ਰੀਦਾਬਾਦ: ਨੂਹ ਹਿੰਸਾ ਤੋਂ ਪਹਿਲਾਂ ਭੜਕਾਊ ਭਾਸ਼ਨ ਦੇਣ ਦੇ ਦੋਸ਼ ’ਚ ਬਿੱਟੂ ਬਜਰੰਗੀ ਗ੍ਰਿਫ਼ਤਾਰ
ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 16 ਅਗਸਤ
ਨੂਹ ਹਿੰਸਾ ਤੋਂ ਪਹਿਲਾਂ ਭੜਕਾਊ ਭਾਸ਼ਨ ਦੇਣ ਦੇ ਦੋਸ਼ ਹੇਠ ਫਰੀਦਾਬਾਦ ਸਾਈਬਰ ਕਰਾਈਮ ਤੇ ਸੀਆਈਏ ਤਾਵੜੂ ਵੱਲੋਂ ਬਿੱਟੂ ਬਜਰੰਗੀ ਨੂੰ ਗੁਆਂਢੀ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਬਿੱਟੂ ਬਜਰੰਗੀ ਤੇ 15-20 ਹੋਰਾਂ ਖ਼ਿਲਾਫ ਥਾਣਾ ਸਦਰ ਨੂਹ ਵਿਖੇ ਗੈਰ ਕਾਨੂੰਨੀ ਅਸਲਾ ਐਕਟ ਅਤੇ ਆਈਪੀਸੀ ਦੀਆਂ ਗੰਭੀਰ ਧਾਰਾਵਾਂ ਹੇਠ ਏਐੱਸਆਈ ਊਸ਼ਾ ਕੁੰਡੂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਮੁਤਾਬਕ ਬਿੱਟੂ ਬਜਰੰਗੀ ਤੇ 15-20 ਹੋਰ ਵਿਅਕਤੀਆਂ ਨੇ ਤਲਵਾਰਾਂ ਤੇ ਹੋਰ ਹਥਿਆਰਾਂ ਨਾਲ ਮਹਿਲਾ ਪੁਲੀਸ ਅਧਿਕਾਰੀ ਨੂਹ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬਿੱਟੂ ਬਜਰੰਗੀ ਨੂੰ ਬੀਤੇ ਦਿਨ ਨੂਹ ਪੁਲੀਸ ਨੇ ਫਰੀਦਾਬਾਦ ਤੋਂ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਕੋਲ ਮੌਜੂਦ ਵੀਡੀਓ ਤੋਂ ਬਿੱਟੂ ਬਜਰੰਗੀ ਦੇ ਸਾਥੀਆਂ ਦੀ ਪਛਾਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਜਰੰਗੀ ਦੀ ਭੜਕਾਊ ਭਾਸ਼ਨ ਦੀ ਵੀਡੀਓ ਨੂਹ ਹਿੰਸਾ ਤੋਂ ਪਹਿਲਾਂ ਵਾਇਰਲ ਹੋਈ ਸੀ। ਇਸ ਦੌਰਾਨ ਪਲਵਲ ਦੇ ਪੌਂਡਲੀ-ਨੌਰੰਗਾਬਾਦ ਦੀ ਮਹਾਂਪੰਚਾਇਤ ’ਚ ਭੜਕਾਊ ਭਾਸ਼ਨ ਬਾਰੇ ਕਾਰਵਾਈ ਕਰਦੇ ਹੋਏ ਹਥੀਨ ਦੇ ਮੰਡਕੌਲਾ 'ਚ ਇੰਚਾਰਜ ਸਚਿਨ ਦੀ ਤਹਿਰੀਰ 'ਤੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨਸੀਬ ਖ਼ਾਂ ਨੇ ਕਿਹਾ ਕਿ ਮਹਾਂਪੰਚਾਇਤ ਦੀ ਵੀਡੀਓ ਬਣਵਾਈ ਗਈ ਸੀ। ਜਾਂਚ ਦੌਰਾਨ ਭਾਸ਼ਨ ਦੇ ਕੁਝ ਹਿੱਸੇ ਇਤਰਾਜ਼ਯੋਗ ਪਾਏ ਗਏ। ਚੇਤੇ ਰਹੇ ਕੁੱਝ ਹਿੰਦੂ ਸੰਗਠਨਾਂ ਨੇ ਸਰਵਜਾਤੀ ਹਿੰਦੂ ਮਹਾਂਪੰਚਾਇਤ ਕਰਵਾਈ ਗਈ ਸੀ। ਪੁਲੀਸ ਨੇ ਭੜਕਾਊ ਭਾਸ਼ਨ ਦੇਣ ਵਾਲਿਆਂ ਦੀ ਪਛਾਣ ਕੀਤੀ ਹੈ। ਉਧਰ ਮਹਾਂਪੰਚਾਇਤ ਦੇ ਆਯੋਜਕਾਂ ਨੇ ਨਿਆਂ ਪ੍ਰਣਾਲੀ ਉਤੇ ਭਰੋਸਾ ਪ੍ਰਗਟਾਇਆ ਹੈ।