ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਾਈ

11:25 AM Jul 16, 2023 IST

ਗੁਰਮਲਕੀਅਤ ਸਿੰਘ ਕਾਹਲੋਂ
Advertisement

ਕਥਾ ਪ੍ਰਵਾਹ

ਕਿੰਨੇ ਦਨਿਾਂ ਤੋਂ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ। ਬੜੀ ਵਾਰ ਹੰਭਲਾ ਮਾਰ ਕੇ ਖੜ੍ਹਾ ਹੋਣ ਦੇ ਯਤਨ ਕੀਤੇ, ਪਰ ਲੱਤਾਂ ਭਾਰ ਨਹੀਂ ਝੱਲਦੀਆਂ। ਭੂਆ ਸਵੇਰੇ ਸ਼ਾਮ ਪੇੜੇ ਬਣਾ ਕੇ ਆਪਣੇ ਹੱਥੀਂ ਖੁਆ ਕੇ ਜਾਂਦੀ ਹੈ, ਪਰ ਮੇਰਾ ਸਰੀਰ ਜਵਾਬ ਦੇਈ ਜਾ ਰਿਹਾ ਹੈ। ਏਨੀ ਹਿੰਮਤ ਕਿੱਥੋਂ ਲਿਆਵਾਂ? ਨਾਲੇ ਸਾਰਾ ਕੁਝ ਆਪਣੇ ਹੱਥ ਥੋੜ੍ਹਾ ਹੁੰਦਾ। ਲੋਕ ਰੱਬ ਮੂਹਰੇ ਹੱਥ ਜੋੜ ਕੇ ਲੰਮੀ ਉਮਰ ਤੇ ਸਿਹਤਯਾਬੀ ਦੀਆਂ ਅਰਦਾਸਾਂ ਐਵੇਂ ਥੋੜ੍ਹਾ ਕਰਦੇ ਨੇ। ਅਰਦਾਸਾਂ ਤਾਂ ਮੇਰੀ ਮਾਂ ਨੇ ਵੀ ਪੁੱਤ ਦੀ ਲੰਮੀ ਉਮਰ ਦੀਆਂ ਕੀਤੀਆਂ ਹੋਣਗੀਆਂ! ਪਰ ਸਾਡੇ ਹਿੱਸੇ ਆਉਂਦੇ ਈ ਏਨੇ ਕੁ ਸਾਲ ਨੇ।
ਭੂਆ ਕੋਸੇ ਪਾਣੀ ਦਾ ਪਤੀਲਾ ਭਰ ਲਿਆਈ ਹੈ। ਮੇਰਾ ਜੀਅ ਨਹੀਂ ਕਰਦਾ ਪੀਣ ਲਈ, ਪਰ ਉਸਦੇ ਮੱਥੇ ਉੱਤੇ ਡੂੰਘੀਆਂ ਹੋਈਆਂ ਚਿੰਤਾ ਦੀਆਂ ਲਕੀਰਾਂ ਵੇਖਕੇ ਮੈਂ ਹੌਸਲਾ ਜਿਹਾ ਕਰਕੇ ਘੁੱਟ ਭਰਨ ਲੱਗ ਪੈਂਦਾ ਹਾਂ। ਮਨ ਵਿੱਚ ਸੋਚਦਾਂ, ਲੋਕੀਂ ਐਵੇਂ ਥੋੜ੍ਹਾ ਕਹਿੰਦੇ ਆ ਕਿ ਭੂਆ ਮਾਂ ਵਰਗੀ ਹੀ ਹੁੰਦੀ ਐ। ਪਾਣੀ ਪੀਂਦਿਆਂ ਮੈਨੂੰ ਉੱਥੂ ਲੱਗ ਜਾਂਦਾ ਏ। ਪਹਿਲਾਂ ਤੋਂ ਉੱਖੜ ਰਿਹਾ ਸਾਹ ਹੋਰ ਔਖਾ ਆਉਣ ਲੱਗਦਾ ਏ। ਭੂਆ ਮੇਰਾ ਸਿਰ ਪਲੋਸਣ ਲੱਗਦੀ ਏ। ਮੇਰੀ ਕੰਡ ’ਤੇ ਹੱਥ ਫੇਰਦੀ ਏ, ਕਿੰਨਾ ਚੰਗਾ ਲੱਗਦੈ ਮੈਨੂੰ। ਮੇਰੇ ਤੋਂ ਭੂਆ ਦਾ ਚਿਹਰਾ ਵੇਖਿਆ ਨਹੀਂ ਜਾ ਰਿਹਾ। ਔਖਾ ਹੋ ਕੇ ਅੱਖਾਂ ਖੋਲ੍ਹੀਆਂ ਤਾਂ ਭੂਆ ਵੱਲ ਵੇਖਦੇ ਹੀ ਮੇਰੀ ਮਾਂ ਅੱਖਾਂ ਮੂਹਰੇ ਆਣ ਖੜ੍ਹਦੀ ਐ। ਉਹ ਮਾਂ ਜਿਸਦਾ ਮੈਂ ਦੁੱਧ ਪੀਂਦਾ ਰਿਹਾਂ। ਪਤਾ ਨਹੀਂ ਉਹ ਕਿਤੇ ਹੈ ਵੀ ਕਿ ਨਹੀਂ। ਕਿੰਨਾ ਪਿਆਰ ਕਰਦੀ ਸੀ ਮੈਨੂੰ। ਕਿੰਨੀ ਕਿੰਨੀ ਦੇਰ ਮੈਨੂੰ ਚੁੰਮਦੀ ਚੱਟਦੀ ਰਹਿੰਦੀ। ਉਸਨੂੰ ਮੇਰੀ ਭੁੱਖ ਦਾ ਕਿੰਨਾ ਖਿਆਲ ਰਹਿੰਦਾ। ਲੋਕ ਉਸਦਾ ਨਾਂ ਲੈਂਦਿਆਂ ਉਸਦੇ ਨਾਂ ਪਿੱਛੇ ਮਾਤਾ ਜੋੜਕੇ ਹੁਣ ਤੱਕ ਸਤਿਕਾਰ ਕਰਦੇ ਨੇ। ਮੈਂ ਸੁਣਦਾ ਰਿਹਾਂ, ਇਹ ਸਤਿਕਾਰ ਜੁੱਗਾਂ-ਜੁਗਾਤਰਾਂ ਤੋਂ ਕਰਦੇ ਆਏ ਨੇ।
ਮੈਨੂੰ ਪਤਾ ਨਹੀਂ ਲੱਗਾ ਕਿ ਮੇਰੀ ਚੇਤਨਾ ਏਨੇ ਸਾਲਾਂ ਬਾਦ ਕਿਵੇਂ ਤੇ ਕਿਉਂ ਜਾਗ ਆਈ ਹੈ। ਮੈਨੂੰ ਆਪਣਾ ਜਨਮ ਸਥਾਨ ਯਾਦ ਆਉਣ ਲੱਗਾ ਹੈ। ਦੇਸ਼ਾਂ ਦੀਆਂ ਵੰਡੀਆਂ ਦਾ ਤਾਂ ਸ਼ਾਇਦ ਮੇਰੀ ਮਾਂ ਨੂੰ ਵੀ ਪਤਾ ਨਾ ਹੋਵੇ, ਪਰ ਬੋਲੀ ਦੇ ਆਧਾਰ ’ਤੇ ਹੋਈ ਪੰਜਾਬ ਦੀ ਵੰਡ ਤੋਂ ਦੋ ਤਿੰਨ ਮਹੀਨੇ ਪਹਿਲਾਂ ਮੇਰਾ ਜਨਮ ਹੋਇਆ ਸੀ। ਉਦੋਂ ਸਾਡੀ ਨਸਲ ਦੇ ਪੁੱਤਰਾਂ ਦੀ ਬੜੀ ਕਦਰ ਹੁੰਦੀ ਸੀ। ਭੈੜੇ ਮਾਲਕ ਸਾਡੀ ਨਸਲ ਦੀ ਧੀ ਜੰਮਣ ’ਤੇ ਵੀ ਉਵੇਂ ਹੀ ਮੂੰਹ ਚੜਾਉਂਦੇ ਹੁੰਦੇ ਸੀ, ਜਿਵੇਂ ਉਨ੍ਹਾਂ ਦੇ ਘਰ ਆਪਣੀ ਧੀ ਜੰਮਣ ’ਤੇ ਹੁੰਦਾ ਸੀ। ਮੈਨੂੰ ਨਹੀਂ ਪਤਾ ਮੇਰਾ ਬਾਪ ਕੌਣ ਸੀ ਤੇ ਨਾ ਹੀ ਆਪਣੇ ਕਿਸੇ ਭੈਣ ਬਾਰੇ ਕੋਈ ਉੱਘ-ਸੁੱਘ ਲੱਗੀ। ਮੇਰੇ ਜਨਮ ਤੋਂ ਬਾਅਦ ਮਾਲਕਣ ਨੇ ਮੇਰੀ ਮਾਂ ਨੂੰ ਖਾਣ ਲਈ ਕਾਫ਼ੀ ਸਾਰਾ ਗੁੜ ਦਿੱਤਾ ਸੀ ਤੇ ਆਪਣੇ ਹੱਥੀਂ ਮੇਰਾ ਮੂੰਹ ਮੱਥਾ ਸਾਫ਼ ਕੀਤਾ ਸੀ। ਮੇਰੇ ਜਨਮ ਵੇਲੇ ਗਰਮੀ ਹੋਣ ਕਰਕੇ ਮੇਰੀ ਮਾਂ ਛਾਵੇਂ ਬੈਠੀ ਸੀ। ਮੈਨੂੰ ਮਾਂ ਦੇ ਪੇਟ ’ਚੋਂ ਬਾਹਰ ਆਕੇ ਚਮਾਸਾ ਮਹਿਸੂਸ ਹੋਇਆ ਸੀ। ਘੰਟੇ ਕੁ ਬਾਅਦ ਮੇਰੀਆਂ ਲੱਤਾਂ ਭਾਰ ਝੱਲਣ ਲੱਗ ਪਈਆਂ। ਮੈਨੂੰ ਭੁੱਖ ਮਹਿਸੂਸ ਹੋਈ ਤਾਂ ਆਪਣੇ ਆਪ ਹੀ ਮਾਂ ਦੇ ਦੁੱਧ ਨਾਲ ਖਿੱਚ ਹੋ ਗਈ। ਦੁੱਧ ਚੁੰਘਣ ਦਾ ਢੰਗ ਬਨਿਾਂ ਕਿਸੇ ਦੇ ਸਿਖਾਏ ਪਤਾ ਨਈਂ ਕਿੱਦਾਂ ਆ ਗਿਆ। ਪਰ ਪੰਜ ਸੱਤ ਘੰਟਿਆਂ ਬਾਅਦ ਮਾਲਕਣ ਨੇ ਮਾਂ ਦੇ ਦੁੱਧ ਉੱਤੇ ਮੇਰੇ ਹੱਕ ਵਿੱਚ ਹਿੱਸੇਦਾਰੀ ਪਾ ਲਈ ਸੀ। ਰਾਤ ਪਈ ਤਾਂ ਮੇਰੇ ਗਲ ’ਚ ਰੱਸਾ ਪਾ ਕੇ ਬੰਨ੍ਹ ਦਿੱਤਾ ਗਿਆ। ਮੈਂ ਆਪਣੇ ਕੰਨੀਂ ਸੁਣਿਆ, ਆਂਢੀ-ਗੁਆਂਢੀ ਮਾਲਕ ਨੂੰ ਵਧਾਈਆਂ ਦੇਣ ਆਏ ਸੀ। ਮੇਰੇ ਪਿੰਡੇ ’ਤੇ ਹੱਥ ਫੇਰਕੇ ਜਾਂਦੇ ਸੀ। ਮਾਲਕ ਨੂੰ ਮੰਜੇ ’ਤੇ ਬੈਠੇ ਆਪਣੇ ਬਾਪੂ ਦੀ ਸੇਵਾ ਕਰਦਿਆਂ ਵੇਖ ਮੇਰੇ ਅੰਦਰ ਵੀ ਆਪਣੇ ਬਾਪ ਦੀ ਖਿੱਚ ਜਾਗੀ ਸੀ, ਪਰ ਕਿਸਨੂੰ ਦੱਸਦਾ। ਉਹ ਤਾਂ ਸ਼ਾਇਦ ਮੇਰੀ ਮਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਉਸਨੂੰ ਕਿੱਥੋਂ ਲਿਆਂਦਾ ਗਿਆ ਸੀ ਤੇ ਬਾਅਦ ’ਚ ਕਿੱਥੇ ਛੱਡ ਆਏ? ਮੈਨੂੰ ਪਤਾ ਬਾਪ ਵਾਲੀ ਗੱਲ ਤੋਂ ਤੁਸੀਂ ਸਵਾਲ ਕਰੋਗੇ ਕਿ ਜੇ ਬਾਪ ਦਾ ਪਤਾ ਨਹੀਂ ਤਾਂ ਇਹ ਭੂਆ ਕਿੱਥੋਂ ਆਗੀ। ਹੈ ਨਾ, ਸੋਚ ਰਹੇ ਸੀ ਨਾ ਤੁਸੀਂ? ਮੈਂ ਕਈ ਵਾਰ ਸਿਆਣੇ ਲੋਕਾਂ ਨੂੰ ਗੱਲ ਕਰਦੇ ਸੁਣਦਾ ਰਿਹਾਂ, “ਜਿਸ ਘਰ ਦਾ ਖਾਈਏ, ਉਸੇ ਦੇ ਹੋਕੇ ਰਹਿ ਜਾਈਏ।’’
ਤੁਸੀਂ ਸੁਣਿਆ ਤੇ ਸ਼ਾਇਦ ਪਰਖਿਆ ਵੀ ਹੋਊ? ਮੇਰਾ ਫਰਜ਼ ਸੀ ਕਿ ਜਿਸ ਘਰ ਜੰਮਿਆ, ਪਲਿਆ ਤੇ ਜਵਾਨ ਹੋਇਆ, ਉਸਨੂੰ ਆਪਣਾ ਸਮਝਾਂ। ਮੈਂ ਸਮਝਦਾ ਰਿਹਾ ਹਾਂ। ਫਿਰ ਮੇਰਾ ਮਾਲਕ ਮੇਰੇ ਬਾਪ ਸਮਾਨ ਈ ਹੋਇਆ ਨਾ? ਤੇ ਮਾਲਕ ਦਾ ਬਾਪ ਮੇਰਾ ਦਾਦਾ ਹੋ ਗਿਆ। ਤੁਸੀਂ ਆਪੇ ਦੱਸ ਦਿਓ, ਜੇ ਮਾਲਕ ਦੀ ਭੈਣ ਨੂੰ ਮੈਂ ਭੂਆ ਨਾ ਕਹਾਂ ਤੇ ਹੋਰ ਕੀ ਕਹਾਂ। ਜੇ ਫਿਰ ਵੀ ਸਮਝ ਨਹੀਂ ਆਈ ਤਾਂ ਮੈਨੂੰ ਉਮਰ ਭਰ ਦਾ ਚਿੱਠਾ ਫੋਲਣਾ ਪਊ। ਜੇ ਸਮਾਂ ਹੈ ਤਾਂ ਸੁਣ ਕੇ ਉੱਠਿਓ।
ਚੰਨ ਦੀ ਚਾਨਣੀ ਵਰਗੇ ਚਿੱਟੇ ਰੰਗ ਦੀ ਸੀ ਮੇਰੀ ਮਾਂ। ਛੋਟੇ ਛੋਟੇ ਪਿਆਰੇ ਜਿਹੇ ਸਿੰਗ ਸੀ ਉਸਦੇ। ਉਸੇ ਖੁਰਲੀ ’ਤੇ ਇੱਕ ਦੋ ਹੋਰ ਜਾਨਵਰ ਬੱਝੇ ਹੁੰਦੇ ਸੀ। ਘਰ ਦੇ ਮਾਹੌਲ ਤੋਂ ਲੱਗਦਾ ਸੀ ਜਿਵੇਂ ਮੇਰੀ ਪੈਦਾਇਸ਼ ਬੇਸਬਰੀ ਨਾਲ ਉਡੀਕੀ ਜਾ ਰਹੀ ਸੀ। ਘਰ ਦੇ ਬੱਚੇ ਮੇਰੇ ਨਾਲ ਹਿੱਸਾ ਵੰਡਾਉਣ ਲਈ ਗਲਾਸਾਂ ’ਤੇ ਨਿਸ਼ਾਨੀਆਂ ਲਾਉਣ ਲੱਗ ਪਏ ਸੀ। ਪੈਦਾ ਹੋਣ ਦੇ ਅਗਲੇ ਦਨਿ ਤੋਂ ਮੈਨੂੰ ਸਵੇਰੇ ਸ਼ਾਮ ਦੁੱਧ ਚੁੰਘਾਇਆ ਜਾਣ ਲੱਗਾ। ਮੇਰਾ ਪੇਟ ਅਜੇ ਭਰਨ ਹੀ ਲੱਗਦਾ ਸੀ ਕਿ ਮੇਰਾ ਰੱਸਾ ਖਿੱਚ ਕੇ ਮਾਂ ਤੋਂ ਪਰ੍ਹੇ ਬੰਨ੍ਹ ਦਿੱਤਾ ਜਾਂਦਾ। ਮਾਲਕਣ ਬਾਲਟੀ ਲੈਕੇ ਦੁੱਧ ਚੋਣ ਲੱਗਦੀ। ਕਦੇ ਕਦੇ ਮੇਰੀ ਮਾਂ ਨੂੰ ਉਸਦੇ ਪੁੱਤ ਦਾ ਹੱਕ ਖੋਹਣ ਦਾ ਗੁੱਸਾ ਆਉਂਦਾ, ਉਸਦਾ ਜੀਅ ਕਰਦਾ ਛੜ ਮਾਰਕੇ ਬਾਲਟੀ ਰੋੜ ਦੇਵੇ, ਪਰ ਵਿਚਾਰੀ ਨਰਮ ਸੁਭਾਅ ਦੀ ਸੀ, ਛੇਤੀ ਮੰਨ ਜਾਂਦੀ। ਸ਼ਾਇਦ ਇਸੇ ਕਰਕੇ ‘ਬੜੀ ਸੀਲ ਆ’ ਕਹਿਕੇ ਉਸਨੂੰ ਵਡਿਆਇਆ ਜਾਂਦਾ।
ਘਰ ਵਾਲਿਆਂ ਤੋਂ ਸੁਣਨ ’ਚ ਆਉਂਦਾ ਸੀ ਕਿ ਉਦੋਂ ਤੱਕ ਭੈਣ ਭਰਾਵਾਂ ’ਚੋਂ ਮੈਂ ਤੀਜੇ ਨੰਬਰ ’ਤੇ ਸੀ। ਇੱਕ ਦੋ ਮਹੀਨੇ ਲੰਘੇ ਹੋਣਗੇ, ਮਾਂ ਦੇ ਦੁੱਧ ਤੋਂ ਮੇਰਾ ਹੱਕ ਪੂਰੀ ਤਰ੍ਹਾਂ ਖੋਹ ਲਿਆ ਗਿਆ। ਮੇਰੀ ਮਾਂ ਨੂੰ ਧੋਖਾ ਦੇਣ ਲਈ ਮਿੰਟ ਕੁ ਮੈਨੂੰ ਛੱਡਿਆਂ ਤਾਂ ਜਾਂਦਾ, ਪਰ ਮਾਂ ਦੇ ਥਣਾਂ ’ਚੋਂ ਦੁੱਧ ਆਉਣ ਈ ਲੱਗਦਾ ਸੀ ਕਿ ਰੱਸਾ ਖਿੱਚ ਲਿਆ ਜਾਂਦਾ। ਮੈਂ ਪੂਰੀ ਤਰ੍ਹਾਂ ਖੁਰਲੀ ਉੱਤੇ ਨਿਰਭਰ ਹੋ ਗਿਆ। ਦਨਿ ਮਹੀਨੇ ਲੰਘਦੇ ਗਏ ਤੇ ਮੈਂ ਜਵਾਨ ਹੋਣ ਲੱਗਾ। ਮੇਰੇ ਸਿਰ ’ਤੇ ਸਿੰਗ ਉੱਗ ਪਏ। ਢਾਈ ਤਿੰਨ ਸਾਲ ਦਾ ਹੋਊਂਗਾ, ਜਦ ਮੈਨੂੰ ਹਸਪਤਾਲ ਲੈਕੇ ਗਏ। ਮੇਰੇ ਤੋਂ ਨਸਲ ਵਾਧੇ ਦਾ ਹੱਕ ਵੀ ਖੋਹ ਲਿਆ ਗਿਆ। ਮੈਨੂੰ ਹਾਲੀ ਕੱਢਣ ਦੀਆਂ ਗੱਲਾਂ ਹੋਣ ਲਗੀਆਂ। ਉਂਜ ਤਾਂ ਮੈਂ ਉਸੇ ਭਾਵ ਆਪਣੇ ਘਰ ਵਿੱਚ ਰਹਿੰਦੇ ਆਪਣੇ ਤੋਂ ਵਢੇਰੀ ਉਮਰ ਦੇ ਦੋ ਬਲਦਾਂ ਦੇ ਗਲ ਪਾਈ ਪੰਜਾਲੀ ਵੇਖਦਾ ਹੁੰਦਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਖੇਤਾਂ ਵਿੱਚ ਜਾਕੇ ਕੀ ਕਰਦੇ ਨੇ। ਜਦੋਂ ਵਾਪਸ ਆਉਂਦੇ ਤਾਂ ਬੜੇ ਥੱਕੇ ਹੋਏ ਹੁੰਦੇ ਸੀ। ਕਿੰਨੀ ਕਿੰਨੀ ਦੇਰ ਲੇਟੇ ਰਹਿੰਦੇ ਸੀ ਉਹ।
ਤਿੰਨ ਕੁ ਸਾਲ ਟੱਪਣ ਤੱਕ ਮੇਰੇ ਸਿੰਗ ਕਾਫ਼ੀ ਲੰਮੇ ਹੋ ਗਏ ਸੀ। ਮੈਨੂੰ ਹਾਲ੍ਹੀ ਕੱਢਣ ਦੀਆਂ ਤਿਆਰੀਆਂ ਹੋ ਗਈਆਂ। ਇੱਕੋ ਪੰਜਾਲੀ ’ਚ ਸਾਵੇ ਬਲਦ ਦੇ ਖੱਬੇ ਪਾਸੇ ਮੈਨੂੰ ਖੜ੍ਹਾ ਲਿਆ ਗਿਆ। ਮੇਰੀ ਗਰਦਨ ਪੰਜਾਲੀ ਵਿੱਚ ਦੇ ਕੇ ਅਰਲੀ ਅੜਾ ਦਿੱਤੀ ਗਈ। ਮੈਨੂੰ ਗਰਦਨ ਉੱਤੇ ਪੰਜਾਲੀ ਵਾਲੀ ਸਖ਼ਤ ਲੱਕੜ ਬੜੀ ਚੁਭੀ ਸੀ। ਘੰਟਾ ਕੁ ਤਾਂ ਉਹ ਮੈਨੂੰ ਬਨਿਾਂ ਕੁਝ ਖਿੱਚਣ ਦੇ ਤੁਰਨ ਦੀ ਜਾਚ ਸਿਖਾਉਂਦੇ ਰਹੇ। ਅਗਲੇ ਦਨਿ ਸਾਡੇ ਪਿੱਛੇ ਸੁਹਾਗਾ ਪਾ ਦਿੱਤਾ। ਸੁਹਾਗਾ ਧੂਹਣ ਲਈ ਹਲ ਤੋਂ ਘੱਟ ਜ਼ੋਰ ਲੱਗਦਾ ਸੀ, ਪਰ ਮੈਨੂੰ ਜ਼ੋਰ ਲਾਉਣ ਵਿੱਚ ਮਜ਼ਾ ਆਇਆ। ਥੋੜ੍ਹੀ ਦੇਰ ਬਾਅਦ ਮੇਰੀ ਗਰਦਨ ਛਿੱਲੀ ਜਾਣ ਲੱਗੀ। ਦਰਦ ਹੋਣ ਲੱਗ ਪਈ। ਬਾਪੂ ਹੋਰੀਂ ਮੇਰੀ ਬੜੀ ਪਰਵਾਹ ਕਰਦੇ ਸੀ। ਚਾਰ ਪੰਜ ਦਨਿ ਤਾਂ ਥੋੜ੍ਹੀ ਥੋੜ੍ਹੀ ਦੇਰ ਮੈਨੂੰ ਪੰਜਾਲੀ ਜੋੜਦੇ ਰਹੇ, ਪਰ ਸਾਉਣੀ ਬੀਜਣ ਦਾ ਸਮਾਂ ਆ ਗਿਆ ਸੀ। ਮੇਰੀ ਗਰਦਨ ਉੱਤੇ ਪੰਜਾਲੀ ਵਾਲੀ ਥਾਂ ਸਖ਼ਤ ਹੋ ਗਈ ਤੇ ਉੱਥੋਂ ਵਾਲ ਝੜ ਗਏ। ਹੁਣ ਵਾਂਗ ਝੋਨੇ ਨਹੀਂ ਸੀ ਲਾਉਂਦੇ. ਮੱਕੀ ਬੀਜਦੇ ਸੀ। ਮੱਕੀ ਦੇ ਹਰੇ ਹਰੇ ਟਾਂਡੇ ਕਦੇ ਕਦੇ ਸਾਨੂੰ ਵੀ ਕੁਤਰ ਕੇ ਤੂੜੀ ਵਿੱਚ ਰਲਾ ਕੇ ਪਾਉਂਦੇ ਸੀ। ਟਾਂਡਿਆਂ ਵਿਚਲੇ ਰਸੇ ’ਚ ਮਿਠਾਸ ਹੋਣ ਕਰਕੇ ਬੜਾ ਸਵਾਦ ਲੱਗਦੇ। ਮੈਨੂੰ ਖੇਤੀ ਦੇ ਕੰਮ ਦਾ ਮਜ਼ਾ ਆਉਣ ਲੱਗਿਆ। ਕਈ ਕਈ ਘੰਟੇ ਹੱਲ ਖਿੱਚਦਿਆਂ ਮੀਲਾਂ ਦਾ ਪੈਂਡਾ ਤੈਅ ਹੋ ਜਾਂਦਾ। ਥਕੇਵਾਂ ਤਾਂ ਹੁੰਦਾ, ਪਰ ਮੈਂ ਬਹੁਤਾ ਮਹਿਸੂਸ ਨਾ ਕਰਦਾ। ਮੈਂ ਤਨੋ ਮਨੋਂ ਇੱਕ ਹੋ ਕੇ ਪੰਜਾਲੀ ਜੁੜਿਆ ਰਹਿੰਦਾ। ਮੇਰੀ ਚਾਲ ਢਾਲ ਵੇਖਕੇ ਮੇਰੀ ਤੇ ਸਾਵੇ ਦੀ ਥਾਂ ਬਦਲ ਕੇ ਸੱਜੇ ਪਾਸੇ ਕਰ ਦਿੱਤੀ ਗਈ। ਸੱਜੇ ਪਾਸੇ ਨੂੰ ਉਪਰਲਾ ਕਹਿੰਦੇ ਸੀ। ਮੈਨੂੰ ਮਾਲਕ ਆਪਣੇ ਪਿਉਆਂ ਵਰਗਾ ਲੱਗਣ ਲੱਗ ਪਿਆ। ਮਨ ਹੀ ਮਨ ’ਚ ਮੈਂ ਉਸਦੇ ਮੁੰਡਿਆਂ ਵਾਂਗ ਉਸਨੂੰ ਡੈਡੀ ਮੰਨਣ ਲੱਗ ਪਿਆ। ਉਹ ਮੈਨੂੰ ਪਿਆਰ ਵੀ ਕਰਦਾ ਸੀ। ਮੈਂ ਕਦੇ ਉਸਨੂੰ ਮੌਕਾ ਨਹੀਂ ਸੀ ਦੇਂਦਾ ਕਿ ਤੇਜ਼ ਤੋਰਨ ਲਈ ਮੈਨੂੰ ਹੱਥ ’ਚ ਫੜੀ ਬਾਂਸ ਦੀ ਸੋਟੀ (ਪਰਾਣੀ) ਮਾਰੇ। ਸਾਵੇ ਨੂੰ ਕਦੇ ਕਦੇ ਪਰਾਣੀ ਦੀ ਹੁੱਜ ਵੱਜ ਜਾਂਦੀ। ਸਾਉਣੀ ਬੀਜੀ ਗਈ ਤਾਂ ਅਸੀਂ ਵਿਹਲੇ ਹੋ ਗਏ, ਪਰ ਮੈਨੂੰ ਵਿਹਲਾ ਬੈਠਣਾ ਚੰਗਾ ਨਾ ਲੱਗਦਾ। ਕੰਤਾ ਸਕੂਲੋਂ ਆ ਕੇ ਸਾਨੂੰ ਛੱਪੜ ਵੱਲ ਲੈ ਜਾਂਦਾ। ਛੱਪੜ ਦਾ ਪਾਣੀ ਮੈਨੂੰ ਬੜਾ ਸਵਾਦ ਲੱਗਦਾ। ਮੈਂ ਤੇ ਸਾਵਾ ਘਾਹ ਨੂੰ ਵੀ ਬੁਰਕ ਮਾਰ ਲੈਂਦੇ। ਮੇਰੇ ਹਾਲ੍ਹੀ ਹੋਣ ਤੋਂ ਦੋ ਕੁ ਮਹੀਨੇ ਬਾਅਦ ਡੈਡੀ ਦੀ ਭੈਣ ਰੱਖੜੀ ਬੰਨ੍ਹਣ ਆਈ ਸੀ। ਮੈਂ ਉਸਨੂੰ ਪਸੰਦ ਆ ਗਿਆ। ਡੈਡੀ ਨੇ ਭੈਣ ਨੂੰ ਪੁੱਛਿਆ, ਕੀ ਲੈਣਾ ਰੱਖੜੀ ਬਦਲੇ। ਭੂਆ ਨੇ ਮੇਰੀ ਨੱਥ ਮੰਗ ਲਈ। ਡੈਡੀ ਥੋੜ੍ਹਾ ਝਕਿਆ ਤਾਂ ਉਸਨੇ ਆਪਣਾ ਮੀਣਾ ਦੇਣਾ ਮੰਨ ਲਿਆ। ਯਨੀ ਭੈਣ ਭਰਾ ਨੇ ਮੀਣਾ ਤੇ ਬੱਗਾ ਵਟਾ ਲਏ। ਅਗਲੇ ਦਨਿ ਭੂਆ ਤਾਂ ਤਾਂਗੇ ’ਤੇ ਬਹਿ ਕੇ ਪਿੰਡ ਮੁੜ ਗਈ ਤੇ ਬਾਪੂ ਮੈਨੂੰ ਲੈ ਧੀ ਦੇ ਘਰ ਨੂੰ ਤੁਰ ਪਿਆ। ਉਸ ਘਰੋਂ ਤੁਰਨ ਲੱਗਿਆਂ ਮੇਰੇ ਤੋਂ ਪੈਰ ਨਹੀਂ ਸੀ ਪੁੱਟੇ ਜਾ ਰਹੇ। ਵਾਰ ਵਾਰ ਅੱਖਾਂ ਨਮ ਹੋਈ ਜਾਂਦੀਆਂ ਸੀ। ਮੈਂ ਮਨ ਨੂੰ ਧਰਵਾਸ ਦੇ ਲਈ ਕਿ ਕਿਹੜਾ ਕਿਸੇ ਓਪਰੇ ਘਰ ਜਾ ਰਿਹਾਂ। ਭੂਆ ਵੀ ਤਾਂ ਮੇਰੇ ਵਾਂਗ ਇਸੇ ਘਰ ਜੰਮੀ ਪਲੀ ਤੇ ਵੱਡੀ ਹੋਈ ਸੀ। ਉਸਨੂੰ ਤੇ ਇਨਸਾਨ ਹੋ ਕੇ ਘਰ ਛੱਡਣਾ ਪਿਆ ਸੀ। ਮੇਰਾ ਕੀ ਆ, ਕਿਹਾ ਤਾਂ ਸਾਨੂੰ ਜਾਨਵਰ ਹੀ ਜਾਂਦਾ ਏ। ਸਾਡਾ ਤਾਂ ਮੁੱਲ ਵੀ ਪੈਂਦਾ ਏ। ਪਰ ਸ਼ੁਕਰ ਹੈ ਕਿ ਮੇਰਾ ਮੁੱਲ ਨਹੀਂ ਸੀ ਪਿਆ। ਮੈਂ ਤਾਂ ਭਰਾ ਵੱਲੋਂ ਭੈਣ ਲਈ ਤੋਹਫ਼ਾ ਬਣ ਕੇ ਜਾ ਰਿਹਾ ਸੀ। ਇੰਜ ਮੇਰੇ ਮਨ ਨੇ ਪਹਿਲੇ ਘਰ ਤੋਂ ਵਿਛੋੜੇ ਦਾ ਦਰਦ ਸਹਿ ਲਿਆ। ਭੂਆ ਦੇ ਘਰ ਜਾਕੇ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੀਣਾ ਉਮਰ ਹੰਢਾ ਚੁੱਕਾ ਸੀ, ਸ਼ਾਇਦ ਇਸੇ ਲਈ ਭੂਆ ਨੇ ਮੇਰੀ ਮੰਗ ਕੀਤੀ ਹੋਊ ਤਾਂ ਕਿ ਉਨ੍ਹਾਂ ਦੇ ਹਾਲੀਆਂ ਦੀ ਜੋੜੀ ਬਣੀ ਰਹੇ।
ਅਗਲੇ ਦਨਿ ਬਾਪੂ ਮੀਣੇ ਨੂੰ ਲੈ ਕੇ ਮੁੜ ਗਿਆ ਤੇ ਫੁੱਫੜ ਨੇ ਮੈਨੂੰ ਲਾਖੇ ਦੇ ਉਪਰਲੇ ਪਾਸੇ ਜੋੜ ਲਿਆ। ਮੇਰੀ ਚਾਲ ਵੇਖ ਕੇ ਫੁੱਫੜ ਖ਼ੁਸ਼ ਹੋ ਗਿਆ। ਘਰ ਆਕੇ ਉਸਨੇ ਮੇਰੀ ਕੰਡ ਅਤੇ ਪਿੰਡੇ ਉਤੇ ਹੱਥ ਫੇਰਿਆ। ਭੂਆ ਨੇ ਮੇਰੇ ਸਿੰਗਾਂ ਨੂੰ ਤੇਲ ਲਾਇਆ। ਪੇਕਿਆਂ ਤੋਂ ਆਇਆ ਹੋਣ ਕਰਕੇ ਭੂਆ ਮੇਰਾ ਖ਼ਾਸ ਖਿਆਲ ਰੱਖਣ ਲੱਗੀ। ਉਸਦੇ ਹੱਥੋਂ ਆਟੇ ਦਾ ਪੇੜਾ ਖਾਂਦਿਆਂ ਮੈਨੂੰ ਸਰੂਰ ਜਿਹਾ ਚੜ੍ਹ ਜਾਂਦਾ। ਲਾਖੇ ਦੇ ਉਪਰਲੇ ਪਾਸੇ ਹੱਲ ਜੋਤਦਿਆਂ ਮੈਨੂੰ ਪਤਾ ਈ ਨਾ ਲੱਗਦਾ ਕਦ ਖੇਤ ਦੀ ਵਹਾਈ ਸਿਰੇ ਲੱਗ ਜਾਂਦੀ। ਭੂਆ ਆਪਣੇ ਪਤੀ ਦਾ ਭੱਤਾ ਲੈਕੇ ਖੇਤ ਆਉਂਦੀ ਤਾਂ ਇੱਕ ਦੋ ਰੋਟੀਆਂ ਵੱਧ ਲਿਆਉਂਦੀ। ਫੁੱਫੜ ਨੂੰ ਖੁਆਉਣ ਤੋਂ ਬਾਅਦ ਉਹ ਆਪਣੇ ਹੱਥੀਂ ਮੇਰੇ ਤੇ ਲਾਖੇ ਦੇ ਮੂੰਹਾਂ ’ਚ ਪਾਉਂਦੀ। ਮੈਨੂੰ ਥਕੇਵਾਂ ਭੁੱਲ ਜਾਂਦਾ। ਲਾਖੇ ਨਾਲ ਮੇਰੀ ਕਾਫ਼ੀ ਨੇੜਤਾ ਹੋ ਗਈ ਸੀ। ਉਸਨੇ ਕਦੇ ਦੱਸਿਆ ਤਾਂ ਨਹੀਂ ਸੀ ਆਪਣੇ ਬਾਰੇ, ਪਰ ਘਰ ’ਚ ਹੁੰਦੀਆਂ ਗੱਲਾਂ ਤੋਂ ਮੈਂ ਜਾਣ ਲਿਆ ਸੀ ਕਿ ਲਾਖੇ ਦਾ ਜਨਮ ਉਸੇ ਘਰ ’ਚ ਹੋਇਆ ਸੀ।
ਇੱਕ ਡੇਢ ਮਹੀਨਾ ਲੰਘਿਆ ਹੋਊ। ਮੱਕੀ ਕੱਟੀ ਗਈ ਤਾਂ ਖੇਤਾਂ ਨੂੰ ਕਣਕ ਬਿਜਾਈ ਲਈ ਤਿਆਰ ਕੀਤਾ ਜਾਣ ਲੱਗਾ। ਖੁੱਡੇ ਵਿੱਚ ਤਾੜਿਆ ਕਲਗੀ ਵਾਲਾ ਕੁੱਕੜ ਬਾਂਗ ਦੇਂਦਾ ਤਾਂ ਮੈ ਸਮਝ ਜਾਂਦਾ ਕਿ ਰਾਤ ਦੇ ਹਨੇਰੇ ਦੇ ਜਾਣ ਦਾ ਵੇਲਾ ਹੋ ਗਿਆ। ਮੈਂ ਉੱਠਦਾ, ਖੁਰਲੀ ’ਚ ਬਚੀ ਹੋਈ ਆਪਣੀ ਖੁਰਾਕ ਨੂੰ ਬੁਰਕ ਮਾਰਦਾ ਜਾਂ ਜੁਗਾਲੀ ਕਰਕੇ ਰਾਤ ਦਾ ਖਾਧਾ ਪੀਤਾ ਪਚਾਉਣ ਦੇ ਆਹਰ ’ਚ ਪੈ ਜਾਂਦਾ। ਲਾਖਾ ਇਸ ਗੱਲੋਂ ਥੋੜ੍ਹਾ ਸੁਸਤ ਸੀ। ਥੋੜੀ ਦੇਰ ਬਾਅਦ ਅੰਦਰਲਾ ਦਰਵਾਜ਼ਾ ਖੁੱਲ੍ਹਣ ਦੀ ਆਹਟ ਸੁਣਦੀ। ਫੁੱਫੜ ਸਾਡੇ ਵੱਲ ਆਉਂਦਾ। ਦੋਹਾਂ ਨੂੰ ਖੋਲ੍ਹ ਕੇ ਨਲਕੇ ਮੂਹਰੇ ਲੈ ਜਾਂਦਾ। ਉਹ ਨਲਕਾ ਗੇੜਦਾ ਤੇ ਅਸੀਂ ਦੋਵੇਂ ਵਾਰੀ ਵਾਰੀ ਪਾਣੀ ਪੀਂਦੇ। ਸਾਡੇ ਪਿੰਡੇ ’ਤੇ ਹੱਥ ਫੇਰਦਿਆਂ ਦੋਵਾਂ ਨੂੰ ਪੰਜਾਲੀ ’ਚ ਇਕੱਠੇ ਕਰਕੇ ਖੇਤਾਂ ਵੱਲ ਤੋਰ ਲੈਂਦਾ। ਉਦੋਂ ਤੱਕ ਲੋਅ ਲੱਗਣੀ ਸ਼ੁਰੂ ਹੋ ਗਈ ਹੁੰਦੀ। ਸਾਡੇ ਖੇਤਾਂ ਦੇ ਥੋੜ੍ਹਾ ਪਰ੍ਹੇ ਕਿਸੇ ਗਿਆਨੀ ਬੰਦੇ ਦੇ ਖੇਤ ਸੀ। ਉਸ ਹੱਲ ਜੋੜਕੇ ਸਾਡੇ ਤੋਂ ਵੀ ਪਹਿਲਾਂ ਆਇਆ ਹੁੰਦਾ। ਉਹ ਉੱਚੀ ਆਵਾਜ਼ ’ਚ ਹੇਕਾਂ ਲਾਕੇ ਗੁੱਝੀਆਂ ਰਮਜ਼ਾਂ ਵਿੱਚ ਕੁਝ ਬੋਲਦਾ ਰਹਿੰਦਾ, ਮੈਨੂੰ ਉਸਦੀ ਗੱਲ ਦੀ ਸਮਝ ਤਾਂ ਨਾ ਲੱਗਦੀ, ਪਰ ਸੁਰੀਲੀ ਹੇਕ ਕੰਨਾਂ ’ਚ ਮਿਸ਼ਰੀ ਘੋਲਦੀ। ਸ਼ਾਇਦ ਉਹ ਆਪਣੇ ਇਸ਼ਟ ਨੂੰ ਧਿਆਉਂਦਾ ਹੁੰਦਾ ਸੀ। ਚੜ੍ਹਦੇ ਪਾਸਿਓਂ ਸੂਰਜ ਦੀ ਟਿੱਕੀ ਦਿਸਣ ਲੱਗਦੀ ਤਾਂ ਪਹਾੜ ਪਾਸੇ ਪਿੰਡ ਵੱਲੋਂ ਭੂਆ ਇੱਕ ਹੱਥ ਚਾਹ ਵਾਲਾ ਡੋਲ ਫੜੀ ਆਉਂਦੀ ਦਿਸ ਪੈਂਦੀ। ਅਸੀਂ ਤੇਜ਼ ਤੇਜ਼ ਕਦਮ ਪੁੱਟਣ ਲੱਗਦੇ ਤਾਂ ਕਿ ਭੂਆ ਦੇ ਪਹੁੰਚਣ ਤਕ ਮੱਲੀ ਹੋਈ ਰੈਲ ਦੇ ਰਹਿੰਦੇ ਸਿਆੜ ਪੂਰੇ ਕਰ ਲਈਏ। ਚਾਹ ਵਾਲਾ ਗਲਾਸ ਫੁੱਫੜ ਨੂੰ ਫੜਾ ਕੇ ਭੂਆ ਪੋਣਾ ਖੋਲ੍ਹਦੀ ਤੇ ਰਾਤ ਦੀਆਂ ਬਚੀਆਂ ਰੋਟੀਆਂ ਸਾਡੇ ਦੋਹਾਂ ਦੇ ਮੂਹਰੇ ਕਰ ਦਿੰਦੀ। ਬੜਾ ਅਨੋਖਾ ਜਿਹਾ ਮਜ਼ਾ ਆਉਂਦਾ ਉਹ ਰੋਟੀਆਂ ਚਿੱਥਕੇ ਅੰਦਰ ਲੰਘਾਉਂਦਿਆਂ। ਜੀਭ ਮਿੱਠੇ ਰਸ ਨਾਲ ਤਰ ਹੋ ਜਾਂਦੀ। ਚਾਹ ਪੀਕੇ ਫੁੱਫੜ ਵੀ ਤਾਜ਼ਾਦਮ ਹੋ ਜਾਂਦਾ। ਸਾਹ ਲੈਣ ਕਰਕੇ ਸਾਡੀ ਤੋਰ ’ਚ ਤੇਜ਼ੀ ਆ ਜਾਂਦੀ ਤੇ ਦੁਪਹਿਰ ਹੋਣ ਤੋਂ ਪਹਿਲਾਂ ਅਸੀਂ ਖੇਤ ਦੀ ਰਹਿੰਦੀ ਮਿੱਟੀ ਫਰੋਲ ਦਿੰਦੇ। ਆਖ਼ਰੀ ਸਿਆੜ ਤੋਂ ਬਾਅਦ ਫੁੱਫੜ ਆਪਣੀ ਧੌੜੀ ਵਾਲੀ ਜੁੱਤੀ ਲਾਹ ਕੇ ਹਲ ਦੀ ਜੰਗੀ ਨਾਲ ਮਾਰ ਕੇ ਉਸ ਵਿਚਲੀ ਮਿੱਟੀ ਝਾੜਦਾ ਤੇ ਫਿਰ ਪੈਰਾਂ ’ਚ ਪਾ ਲੈਂਦਾ। ਹੱਲ ਚੁੱਕ ਕੇ ਸਾਡੇ ਗਰਦਨ ’ਚ ਫਸੀ ਪੰਜਾਲੀ ਉਪਰ ਟੰਗ ਦੇਂਦਾ। ਕਈ ਵਾਰ ਉਹ ਕਹੀ ਫੜਕੇ ਖੇਤ ਦੀਆਂ ਗੁੱਠਾਂ (ਕੋਨੀਆਂ) ਗੋਡਣ ਲੱਗ ਪੈਂਦਾ। ਅਸੀਂ ਦੋਵੇਂ ਜੁਗਾਲੀ ’ਚ ਮਸਤ ਹੋ ਜਾਂਦੇ। ਫੁੱਫੜ ਦਾ ਇਸ਼ਾਰਾ ਸਮਝ ਕੇ ਅਸੀਂ ਘਰ ਵੱਲ ਤੁਰ ਪੈਂਦੇ ਤੇ ਮੋਢੇ ਉੱਤੇ ਕਹੀ ਰੱਖ ਕੇ ਉਹ ਸਾਡੇ ਪਿੱਛੇ ਪਿੱਛੇ ਤੁਰਿਆ ਆਉਂਦਾ।
ਉਸ ਸਾਲ ਕਣਕ ਦੀ ਭਰਵੀਂ ਫ਼ਸਲ ਵੇਖਕੇ ਫੁੱਫੜ ਬੜਾ ਖ਼ੁਸ਼ ਹੋਇਆ। ਉਹ ਲੋਕਾਂ ਨੂੰ ਦੱਸਦਾ ਕਿ ਬੱਗਾ ਹਲ ਦੇ ਮੂਹਰੇ ਟਰੈਕਟਰ ਜਿੰਨਾ ਜ਼ੋਰ ਲਾ ਦਿੰਦਾ ਏ। ਘਰ ਵਾਲੇ ਦੇ ਮੂੰਹੋਂ ਇਹ ਗੱਲ ਸੁਣਕੇ ਫਖਰ ’ਚ ਖੀਵੀ ਹੋਈ ਭੂਆ ਦੇ ਪੈਰ ਧਰਤੀ ਤੋਂ ਗਿੱਠ ਉੱਚੇ ਹੋ ਜਾਂਦੇ। ਫੁੱਫੜ ਵੱਲੋਂ ਮੇਰੀ ਸਿਫ਼ਤ ਕੀਤੇ ਜਾਣਾ ਮੇਰੀ ਉਸ ਘਰ ਨਾਲ ਅਪਣੱਤ ਵਧਾ ਦਿੰਦਾ। ਇੰਜ ਮੇਰੇ ਚੇਤਿਆਂ ’ਚੋਂ ਜਨਮ ਵਾਲੇ ਘਰ ਦੀਆਂ ਗੱਲਾਂ ਫਿੱਕੀਆਂ ਪੈਣ ਲੱਗ ਪਈਆਂ। ਮੇਰਾ ਰੋਮ ਰੋਮ ਭੂਆ ਨੂੰ ਸਮਰਪਿਤ ਹੋਣ ਲੱਗਾ। ਮੈਂ ਯਤਨ ਕਰਦਾ ਕਿ ਮਲ-ਮੂਤਰ ਵੀ ਆਪਣੇ ਖੇਤੀਂ ਜਾਂ ਘਰ ਕਰਾਂ ਤਾਂ ਕਿ ਉਹ ਖਾਦ ਬਣਕੇ ਆਪਣੇ ਹੀ ਖੇਤਾਂ ਵਿੱਚ ਜਾਵੇ। ਉਸ ਸਾਲ ਕਣਕ ਘਰ ਆਈ ਤਾਂ ਫੁੱਫੜ ਨੇ ਘਰ ਦਾ ਮੂੰਹ ਮੱਥਾ ਸੰਵਾਰ ਲਿਆ। ਲੱਗੇ ਹੱਥ ਸਾਡੀ ਖੁਰਲੀ ਪੱਕੀ ਕਰਵਾ ਕੇ ਉਸਦੇ ਨਾਲ ਇੱਟਾਂ ਦਾ ਫਰਸ਼ ਬਣਵਾ ਦਿੱਤਾ। ਸਾਡਾ ਬੈਠਣ ਉੱਠਣ ਸੌਖਾ ਹੋ ਗਿਆ। ਮੈਨੂੰ ਬੱਗਾ ਕਹਿਕੇ ਬਲਾਉਂਦੀ ਭੂਆ ਸਾਲ ਕੁ ਬਾਅਦ ਬੱਗਾ ਪੁੱਤ ਕਹਿਣ ਲੱਗ ਪਈ। ਮੈਂ ਆਪਣੇ ਵੱਲ ਆਉਂਦੀ ਭੂਆ ਦੇ ਫਰਕਣ ਲਈ ਤਿਆਰ ਹੁੰਦੇ ਬੁੱਲਾਂ ਤੋਂ ਸਮਝ ਜਾਂਦਾ ਕਿ ਹੁਣੇ ਉਹ ਮੈਨੂੰ ਬੱਗਾ ਪੁੱਤ ਕਹਿਕੇ ਸਿੰਗਾਂ ’ਤੇ ਹੱਥ ਫੇਰ ਕੇ ਅਗਾਂਹ ਜਾਊਗੀ।
ਸਾਲ ਛਿਮਾਹੀਂ ਬਾਪੂ ਜ਼ਰੂਰ ਸਾਡੇ ਘਰ ਫੇਰਾ ਮਾਰਦਾ। ਉਸਨੂੰ ਵੇਖਕੇ ਪਹਿਲੇ ਘਰ ਦੀਆਂ ਯਾਦਾਂ ਵਾਲੀ ਰੀਲ ਘੁੰਮਣ ਲੱਗ ਪੈਂਦੀ। ਭੂਆ ਦੇ ਦੋਵੇਂ ਮੁੰਡੇ ਜਵਾਨ ਹੋ ਰਹੇ ਸੀ। ਵੱਡਾ ਸੋਨੂੰ ਉਦੋਂ ਨੌਵੀਂ ਜਮਾਤ ’ਚ ਸੀ ਜਦ ਹਲ ਜੋੜਨ ਦੀ ਜ਼ਿੱਦ ਕਰਨ ਲੱਗ ਪਿਆ ਸੀ। ਫੁੱਫੜ ਨੂੰ ਡਰ ਸੀ ਕਿ ਅਣਜਾਣਪੁਣੇ ’ਚ ਬਲਦਾਂ ਦੇ ਪੈਰ ਫਾਲ (ਹਲ ਦੇ ਫਾਲੇ ਨਾਲ ਜ਼ਖ਼ਮੀ ਕਰਨਾ) ਨਾ ਦੇਵੇ। ਪਰ ਸੋਨੂੰ ਦੇ ਚਾਚੇ ਨੇ ਉਸਨੂੰ ਹੱਲ ਵਾਹੁਣਾ ਸਿਖਾ ਦਿੱਤਾ। ਇੱਕ ਦਨਿ ਭੂਆ ਤੇ ਫੁੱਫੜ ਰਿਸ਼ਤੇਦਾਰੀ ’ਚ ਕਿਤੇ ਗਏ ਹੋਏ ਸੀ। ਸੋਨੂੰ ਸਾਨੂੰ ਜੋੜ ਕੇ ਖੇਤਾਂ ’ਚ ਲੈ ਗਿਆ। ਅਜੇ ਥੋੜ੍ਹੇ ਸਿਆੜ ਕੱਢੇ ਸੀ ਕਿ ਮੋੜ ’ਤੇ ਜਾਕੇ ਕਿਸੇ ਰੋੜੇ ਤੋਂ ਉਭਰ ਕੇ ਹਲ ਥੋੜ੍ਹਾ ਉਪਰ ਆਇਆ ਤੇ ਤਿੱਖਾ ਫਾਲਾ ਲਾਖੇ ਦੇ ਪੈਰ ’ਚ ਖੁੱਭ ਗਿਆ। ਲਹੂ ਤਾਂ ਨਾ ਨਿਕਲਿਆ, ਪਰ ਲਾਖੇ ਦਾ ਪੈਰ ਭਾਰ ਨਾ ਝੱਲੇ। ਸੋਨੂੰ ਨੂੰ ਡੈਡੀ ਦੇ ਡੰਡੇ ਦਾ ਡਰ ਸਤਾਵੇ। ਉਹ ਸਿਆੜ ਵਿਚੇ ਛੱਡਕੇ ਘਰ ਆਇਆ ਤੇ ਆਪਣੇ ਚਾਚੇ ਨੂੰ ਸੱਦ ਲਿਆਇਆ। ਚਾਚੇ ਨੇ ਲਾਖੇ ਨੂੰ ਲੰਮਾ ਪਾਕੇ ਉਸਦਾ ਜ਼ਖਮ ਧੋਤਾ ਤੇ ਪੀਲਾ ਜਿਹਾ ਪਾਊਡਰ ਲਾ ਦਿੱਤਾ। ਤੀਜੇ ਦਨਿ ਭੂਆ ਫੁੱਫੜ ਦੇ ਵਾਪਸ ਮੁੜਨ ਤੱਕ ਲਾਖੇ ਦਾ ਪੈਰ ਉਸਦਾ ਭਾਰ ਝੱਲਣ ਲੱਗ ਪਿਆ। ਵਾਪਸ ਆਇਆਂ ਨੂੰ ਸੋਨੂੰ ਨੇ ਤਾਂ ਇਹ ਗੱਲ ਨਾ ਦੱਸੀ, ਪਰ ਫੁੱਫੜ ਨੇ ਲਾਖੇ ਦੀ ਤੋਰ ਤੋਂ ਪਛਾਣ ਲਿਆ ਕਿ ਕੋਈ ਗੜਬੜ ਹੈ। ਪਰ ਉਸਨੇ ਗੱਭਰੂ ਹੋ ਰਹੇ ਪੁੱਤ ਨੂੰ ਗੁੱਸੇ ਹੋਣ ਦੀ ਬਜਾਏ ਸ਼ਾਬਾਸ਼ ਦਿੱਤੀ ਕਿ ਉਹ ਖੇਤੀ ਕੰਮਾਂ ’ਚ ਹਿੱਸੇਦਾਰ ਬਣਨ ਲੱਗ ਪਿਆ। ਫਿਰ ਉਸਨੇ ਸੋਨੂੰ ਨੂੰ ਹਲ ਵਾਹੁਣ ਦੇ ਨੁਕਤੇ ਸਿਖਾਏ ਤੇ ਵਿੱਚਵਾਰ ਆਪੇ ਈ ਉਸਨੂੰ ਹਲ ਦੀ ਜੰਗੀ ਫੜਾਉਣ ਲੱਗ ਪਿਆ।
ਮਹੀਨੇ ਚੜ੍ਹਦੇ ਤੇ ਲੰਘਦੇ ਗਏ। ਰੁੱਤਾਂ ਬਦਲਦੀਆਂ ਤੇ ਸਾਲ ਬੀਤਦੇ ਗਏ। ਮੈਂ ਆਪਣੇ ਖੇਤਾਂ ਦੇ ਆਸੇ ਪਾਸੇ ਵੇਖਦਾ। ਕਈ ਕਿਸਾਨ ਬਲਦਾਂ ਨੂੰ ਤੇਜ਼ ਤੋਰਨ ਲਈ ਗਾਲ੍ਹਾਂ ਕੱਢਦੇ, ਉਨ੍ਹਾਂ ਦੇ ਪਿੰਡੇ ਜਾਂ ਲੱਤਾਂ ਉੱਤੇ ਪਰਾਣੀ ਮਾਰਦੇ। ਕਈ ਤਾਂ ਬੜੇ ਨਿਰਦਈ ਜਿਹੇ ਹੋਕੇ ਕੁੱਟਦੇ ਸੀ। ਸੱਟ ਖਾਕੇ ਬਲਦ ਕੁਝ ਕਦਮ ਤੇਜ਼ੀ ਨਾਲ ਪੁੱਟਦੇ ਤੇ ਫਿਰ ਉਸੇ ਚਾਲੇ ਪੈ ਜਾਂਦੇ। ਮੈਂ ਵੇਖਦਾ ਸੀ, ਕਈ ਬਲਦਾਂ ਦੇ ਪਿੰਡਿਆਂ ਉੱਤੇ ਪਰਾਣੀ ਦੀਆਂ ਲਾਸਾਂ ਪਈਆਂ ਹੁੰਦੀਆਂ। ਉਨ੍ਹਾਂ ਨੂੰ ਤਾਂ ਪਤਾ ਨਹੀਂ ਸੱਟ ਦਾ ਦਰਦ ਹੁੰਦਾ ਸੀ ਕਿ ਨਹੀਂ, ਪਰ ਲਾਸਾਂ ਵੇਖਕੇ ਮੇਰੀਆਂ ਅੱਖਾਂ ਭਰ ਆਉਂਦੀਆਂ। ਨੀਲੇ ਅਸਮਾਨ ਵੱਲ ਮੂੰਹ ਕਰਕੇ ਪੁਕਾਰ ਕਰਦਾ, “ਰੱਬਾ ਕਿਉਂ ਸਾਨੂੰ ਇਹੋ ਜਿਹੇ ਬਣਾਇਆ, ਕੰਮ ਵੀ ਕਰੀਏ ਤੇ ਕੁੱਟ ਵੀ ਖਾਈਏ। ਸਾਨੂੰ ਵੀ ਤਾਂ ਤੂੰ ਉਸੇ ਤਰਾਂ ਦੇ ਹੱਡ ਮਾਸ ਤੋਂ ਬਣਾਇਆ ਜਿਸਤੋਂ ਇਹ ਸਾਨੂੰ ਕੁੱਟਣ ਵਾਲੇ ਬਣਾਏ ਨੇ? ਫਿਰ ਇਹ ਅਨਿਆਂ ਕਿਉਂ?’’
ਫਿਰ ਚੇਤਾ ਆਉਂਦਾ, ਅਜੇ ਪਰਸੋਂ ਹੀ ਸੋਨੂੰ ਵੀਰ ਅਖ਼ਬਾਰ ਦੀ ਖਬਰ ਸੁਣਾ ਰਿਹਾ ਸੀ ਆਪਣੀ ਮੰਮੀ ਨੂੰ। ਅਖੇ, ਬੁੱਢੇ ਪਸ਼ੂ ਲੱਦ ਕੇ ਬੁੱਚੜਖਾਨੇ ਲਿਜਾਂਦਾ ਟਰੱਕ ਪਲਟ ਗਿਆ, ਸੱਤਾਂ ’ਚੋਂ ਦੋ ਮਰ ਗਏ। ਜਿਹੜੇ ਲੋਕ ਸਾਲਾਂਬੱਧੀ ਸਾਡੇ ਤੋਂ ਕੰਮ ਕਰਵਾਕੇ ਜਾਂ ਦੁੱਧ ਪੀ ਕੇ ਨਹੀਂ ਰੱਜਦੇ ਤੇ ਉਹ ਸਾਡਾ ਮਾਸ ਵੇਚਣ ਤੋਂ ਕਿਉਂ ਨਹੀਂ ਸੰਗਦੇ, ਸ਼ਾਇਦ ਉਨ੍ਹਾਂ ਤੋਂ ਤਾਂ ਰੱਬ ਡਰਦਾ ਹੋਊ?
ਚਲੋ ਛੱਡੋ, ਰੱਬ ਨੂੰ ਕਾਹਤੋਂ ਉਲਾਂਭਾ ਦੇਣਾ। ਮੈਂ ਕਿਹੜੇ ਵਿਚਾਰਾਂ ’ਚ ਪੈ ਗਿਆ। ਆਪਣੀ ਗੱਲ ਕਿੱਥੇ ਛੱਡੀ ਸੀ। ਹਾਂ, ਥੋੜ੍ਹੇ ਸਾਲ ਲੰਘੇ ਤਾਂ ਫੁੱਫੜ ਨੇ ਗੰਨਿਆਂ ਵਾਲਾ ਵੇਲਣਾ ਲੈ ਆਂਦਾ। ਦੁਸਹਿਰੇ ਤੋਂ ਥੋੜ੍ਹੇ ਦਨਿ ਬਾਅਦ ਕਮਾਦ ਪੀੜ ਕੇ ਗੁੜ ਬਣਨਾ ਸ਼ੁਰੂ ਹੋ ਜਾਂਦਾ। ਮੈਂ ਤੇ ਲਾਖਾ ਵੇਲਣੇ ਦੀ ਗਾਹਟੀ ਮੂਹਰੇ ਜੋੜ ਦਿੱਤੇ ਜਾਂਦੇ। ਸਾਡੀਆਂ ਅੱਖਾਂ ਉੱਤੇ ਛੋਟੇ ਛਿੱਕੂ ਜਿਹੇ ਚਾੜ੍ਹ ਦਿੱਤੇ ਜਾਂਦੇ। ਖੋਪੇ ਕਹਿੰਦੇ ਸੀ ਉਨ੍ਹਾਂ ਨੂੰ। ਸਾਨੂੰ ਦਿਸਣਾ ਬੰਦ ਹੋ ਜਾਂਦਾ। ਮੈਂ ਸੁਣਿਆ ਸੀ ਕਿ ਆਹ ਪਾਈਪਾਂ ਰਾਹੀਂ ਧਰਤੀ ’ਚੋਂ ਪਾਣੀ ਕੱਢਣ ਤੋਂ ਪਹਿਲਾਂ ਖੂਹਾਂ ’ਚੋਂ ਪਾਣੀ ਕੱਢਣ ਲਈ ਵੀ ਸਾਡੇ ਵਰਗਿਆਂ ਨੂੰ ਜੋੜਕੇ ਵੇਲਣੇ ਵਾਂਗ ਚੱਕਰ ਲੁਆਏ ਜਾਂਦੇ ਸੀ। ਖੂਹ ਦੇ ਪਾਣੀ ’ਚੋਂ ਭਰੀਆਂ ਟਿੰਡਾਂ ਨੂੰ ਉਪਰ ਲਿਆਉਂਦੇ ਹੁੰਦੇ ਸੀ ਸਾਡੇ ਵੱਡੇ ਵਢੇਰੇ। ਆਟਾ ਪੀਸਣ ਲਈ ਵੀ ਬਲਦ ਜੋੜਦੇ ਰਹੇ ਇਨਸਾਨ, ਖਰਾਸ ਕਹਿੰਦੇ ਸੀ ਆਟਾ ਪੀਸਣ ਵਾਲੇ ਪੱਥਰਾਂ ਨੂੰ। ਸਾਨੂੰ ਆਪਣੇ ਪੱਠੇ ਕੁਤਰਨ ਲਈ ਵੀ ਭੁਆਂਟਣੀਆਂ ਖਾਣੀਆਂ ਪੈਂਦੀਆਂ ਸੀ। ਅੱਖਾਂ ਬੰਨ੍ਹਣ ਕਰਕੇ ਘੁੰਮਦੇ ਹੋਏ ਸਾਡਾ ਸਿਰ ਨਹੀਂ ਸੀ ਚਕਰਾਉਂਦਾ, ਯਨੀ ਭੌਂਅ ਨਹੀਂ ਸੀ ਚੜ੍ਹਦੇ। ਕਈ ਕਈ ਘੰਟੇ ਵੇਲਣੇ ਦੇ ਗੇੜੇ ਕੱਢਦੇ ਰਹਿੰਦੇ ਸੀ ਅਸੀਂ। ਸਵੇਰ ਤੋਂ ਦੁਪਹਿਰ ਹੋਣ ਦਾ ਪਤਾ ਸਾਨੂੰ ਖੋਪੇ ਲੱਥਣ ਤੋਂ ਬਾਅਦ ਲੱਗਦਾ।
ਥੋੜ੍ਹੇ ਸਾਲਾਂ ਤੋਂ ਚੰਗੀ ਫ਼ਸਲ ਹੋਣ ਲੱਗੀ ਤਾਂ ਫੁੱਫੜ ਦਾ ਹੱਥ ਕਾਫ਼ੀ ਸੁਖਾਲਾ ਹੋ ਗਿਆ। ਹਰ ਸਾਲ ਉਹ ਨਾਲ ਲੱਗਦਾ ਇੱਕ ਅੱਧਾ ਕਿੱਲਾ ਖਰੀਦਣ ਲੱਗ ਪਿਆ। ਪੰਜ ਸੱਤ ਸਾਲਾਂ ’ਚ ਕਿੱਲੇ ਵਧ ਗਏ, ਪਰ ਬਲਦਾਂ ਦੀ ਜੋੜੀ ਸਾਡੇ ਵਾਲੀ ਇੱਕੋ ਰਹੀ। ਪਤਾ ਨਹੀਂ ਸੋਨੂੰ ਨੇ ਕਿਤਾਬਾਂ ’ਚੋਂ ਕੁਝ ਨਵਾਂ ਸਿੱਖ ਲਿਆ ਜਾਂ ਕਾਲਜ ਦੀ ਹਵਾ ਲੱਗ ਗਈ ਸੀ। ਉਹ ਡੈਡੀ ਨੂੰ ਟਰੈਕਟਰ ਲੈਣ ਲਈ ਮਨਾਉਣ ਲੱਗ ਪਿਆ। ਛੋਟਾ ਬੀਰਾ ਵੀ ਜਵਾਨ ਹੋ ਗਿਆ ਸੀ। ਸਾਲ ਕੁ ਹੁੰਦੀਆਂ ਰਹੀਆਂ ਸਲਾਹਾਂ ਸਾਡੇ ਕੰਨੀ ਪੈਂਦੀਆਂ ਰਹੀਆਂ। ਮੈਨੂੰ ਅੰਦਰੇ-ਅੰਦਰ ਡਰ ਲੱਗਣ ਲੱਗ ਪਿਆ, ਟਰੈਕਟਰ ਲਿਆ ਕੇ ਸਾਡੀ ਨੱਥ ਕਿਸੇ ਹੋਰ ਨੂੰ ਨਾ ਫੜਾ ਦੇਣ। ਪਰ ਮੇਰਾ ਮਨ ਗਵਾਹੀ ਦਿਆ ਕਰੇ, ਨਹੀਂ ਮੇਰੀ ਭੂਆ ਇੰਜ ਨਹੀਂ ਕਰਨ ਦੇਊ। ਉਹ ਤਾਂ ਮੈਨੂੰ ਪੁੱਤ ਕਹਿੰਦੀ ਐ, ਪੁੱਤਾਂ ਨੂੰ ਘਰੋਂ ਥੋੜ੍ਹਾ ਕੱਢਦੈ ਕੋਈ।
ਇੱਕ ਦਨਿ ਸਾਰੇ ਤਿੰਨੇ ਪਿਉ ਪੁੱਤ ਤਿਆਰ ਹੋਕੇ ਨੋਟਾਂ ਦੀਆਂ ਗੱਠੀਆਂ ਬੈਗ ’ਚ ਪਾਕੇ ਸ਼ਹਿਰ ਗਏ ਤੇ ਸ਼ਾਮ ਨੂੰ ਫੱਫ ਫੱਫ ਕਰਦਾ ਚਾਰ ਪਹੀਆਂ ਵਾਲਾ ਹਰੇ ਰੰਗਾ ਲੋਹੇ ਦਾ ਢਾਂਚਾ (ਟਰੈਕਟਰ) ਘਰ ਲਿਆ ਖੜ੍ਹਾਇਆ। ਪਿੰਡ ਦੇ ਲੋਕ ਵਧਾਈਆਂ ਦੇਣ ਆਉਣ ਲੱਗ ਪਏ। ਕਈ ਆਉਂਦੇ ਜਾਂਦੇ ਸਾਨੂੰ ਗਹੁ ਨਾਲ ਵੇਖਕੇ ਲੰਘਦੇ। ਪਤਾ ਨਹੀਂ ਉਨ੍ਹਾਂ ਨੂੰ ਸਾਡੀ ਹੋਣੀ ਦਾ ਕਿਆਸ ਕਰਕੇ ਤਰਸ ਆਉਂਦਾ ਸੀ ਜਾਂ ਸਾਡਾ ਪੈਣ ਵਾਲਾ ਮੁੱਲ ਆਂਕਦੇ ਹੋਣ, ਇਹ ਤਾਂ ਉਹੀ ਜਾਣਦੇ ਹੋਣਗੇ। ਪਰ ਮੈਨੂੰ ਡਰ ਸਤਾਉਣ ਲੱਗ ਪਿਆ। ਸਾਡੇ ਖੇਤਾਂ ਦੀ ਯਾਰੀ ਸਾਡੇ ਦੋਹਾਂ ਦੇ ਚਾਰ ਚਾਰ ਖੁਰਾਂ ਦੀ ਥਾਂ ਚਾਰ ਟਾਇਰਾਂ ਨਾਲ ਪੈਣ ਲੱਗ ਪਈ। ਇੱਕ ਹਲ ਨਾਲ ਹੌਲੀ ਹੌਲੀ ਫਰੋਲੀ ਜਾਂਦੀ ਮਿੱਟੀ 9 ਫਾਲਿਆਂ ਜਾਂ 12 ਤਵੀਆਂ ਨਾਲ ਤੇਜ਼ੀ ਨਾਲ ਉਥਲ ਪੁਥਲ ਹੋਣ ਲੱਗ ਪਈ। ਦਨਿਾਂ ਦਾ ਕੰਮ ਘੰਟਿਆਂ ’ਚ ਹੋਣ ਲੱਗ ਪਿਆ। ਆਮ ਕਰਕੇ ਸੋਨੂੰ ਤੇ ਬੀਰਾ ਟਰੈਕਟਰ ਚਲਾਉਂਦੇ। ਥੋੜ੍ਹੇ ਕੰਮਾਂ ਲਈ ਮੈਂ ਤੇ ਲਾਖਾ ਸਟੈਂਡਬਾਇ ਬਣਕੇ ਰਹਿ ਗਏ। ਫੁੱਫੜ ਸਾਨੂੰ ਜੋੜਦਾ, ਖੇਤਾਂ ’ਚ ਪਹੁੰਚਕੇ ਅਸੀਂ ਕੀਤੇ ਜਾਣ ਵਾਲਾ ਛੋਟਾ ਮੋਟਾ ਕੰਮ ਮਿੰਟਾਂ ’ਚ ਮੁਕਾ ਲੈਂਦੇ।
ਬੇਸ਼ੱਕ ਟਰੈਕਟਰ ਆ ਜਾਣ ਤੋਂ ਬਾਅਦ ਸਾਡੇ ਤੋਂ ਲਿਆ ਜਾਣ ਵਾਲਾ ਖੇਤਾਂ ਦਾ ਕੰਮ ਨਾਂ-ਮਾਤਰ ਰਹਿ ਗਿਆ ਸੀ, ਪਰ ਸਾਡੀ ਖੁਰਾਕ ’ਚ ਕੋਈ ਫ਼ਰਕ ਨਹੀਂ ਸੀ ਪਿਆ। ਭੂਆ ਫੁੱਫੜ ਘਰ ਦੇ ਹਾਲਾਤ ’ਚ ਹੋਏ ਸੁਧਾਰ ਬਾਰੇ ਕਿਸੇ ਨਾਲ ਗੱਲ ਕਰਦਿਆਂ ਸਾਡੀ ਹਿੱਸੇਦਾਰੀ ਦੱਸਣੀ ਨਹੀਂ ਸੀ ਭੁੱਲਦੇ ਹੁੰਦੇ। ਕਦੇ ਕੋਲ ਆਕੇ ਗੱਲ ਕਰਨੀ ਤਾਂ ਉਨ੍ਹਾਂ ਸਾਡੇ ਵੱਲ ਵੇਖਕੇ ਫਖਰ ਕਰਨਾ। ਖੁਰਲੀ ਉੱਤੇ ਬੱਝਿਆਂ ਨੂੰ ਵੀ ਬਚੀਆਂ ਰੋਟੀਆਂ ਤੇ ਕਦੇ ਕਦੇ ਆਟੇ ਦੇ ਪੇੜੇ ਦੇਣੇ ਭੂਆ ਨੂੰ ਭੁੱਲੇ ਨਹੀਂ ਸੀ। ਬੇਸ਼ੱਕ ਸਾਡੀ ਖੁਰਲੀ ਵੱਖਰੀ ਸੀ, ਪਰ ਦੋਹਾਂ ਲਵੇਰੀਆਂ ਦੇ ਬਰਾਬਰ ਹਰ ਹਫ਼ਤੇ ਕਾਲਾ ਲੂਣ ਚਟਾਏ ਜਾਣਾ ਤੇ ਮਹੀਨੇ ਕੁ ਬਾਅਦ ਬਾਂਸ ਦੀ ਨਾਲ ਵਿੱਚ ਪਾਕੇ ਨਿੱਕ-ਸੁੱਕ ਵਾਲਾ ਕਾੜ੍ਹਾ ਜ਼ਰੂਰ ਪਿਆਇਆ ਜਾਂਦਾ ਸੀ।
ਡੇਢ ਦੋ ਸਾਲ ਹੋਏ ਸੀ ਟਰੈਕਟਰ ਆਇਆਂ, ਲਾਖੇ ਨੂੰ ਬੁਖਾਰ ਹੋਇਆ ਜੋ ਚੰਗੇ ਇਲਾਜ ਦੇ ਬਾਵਜੂਦ ਉਸਦੀ ਜਾਨ ਲੈਕੇ ਗਿਆ। ਮੈਂ ਹੀ ਜਾਣਦਾਂ ਉਸਦੇ ਵਿਛੋੜੇ ਦਾ ਕਿੰਨਾ ਦਰਦ ਮਹਿਸੂਸ ਹੋਇਆ ਸੀ। ਬੇਸ਼ੱਕ ਉਸ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਸੀ, ਪਰ ਮੈਨੂੰ ਲੱਗੇ ਜਿਵੇਂ ਮੇਰਾ ਅੱਧ ਖੁੱਸ ਗਿਆ ਹੋਏ। ਸਾਂਝ ਤਾਂ ਸਾਡੀ ਇੱਕੋ ਪੰਜਾਲੀ ਤੋਂ ਬਣੀ ਸੀ। ਪਰ ਕਈ ਦਨਿ ਆਪਣੇ ਆਪ ’ਚ ਇਕੱਲਾ ਰਹਿ ਗਿਆ ਮਹਿਸੂਸ ਹੁੰਦਾ ਰਿਹਾ। ਭੂਆ ਹਰੇ ਚਾਰੇ ਉੱਤੇ ਆਟਾ ਧੂੜ ਕੇ ਆਪ ਗੁਤਾਵਾ ਕਰਿਆ ਕਰੇ, ਪਰ ਮੇਰਾ ਮੂੰਹ ਲਾਉਣ ਨੂੰ ਜੀਅ ਨਾ ਕਰਿਆ ਕਰੇ। ਫਿਰ ਦਨਿ ਲੰਘਦੇ ਗਏ ਤੇ ਮੈਂ ਆਪਣੇ ਆਪ ਵਿੱਚ ਆਉਂਦਾ ਗਿਆ।
ਵਿਹਲੇ ਰਹਿਣ ਕਰਕੇ ਮੇਰੇ ਅੰਦਰ ਕਿਸੇ ਨੁੱਕਰੇ ਲੱਗ ਕੇ ਸੁੱਤਾ ਪਿਆ ਆਲਸ ਅੰਗੜਾਈ ਭਰਨ ਲੱਗ ਪਿਆ। ਮੇਰੇ ਪਿੰਡੇ ਦੇ ਵਾਲਾਂ ਦਾ ਦੁੱਧ ਚਿੱਟਾ ਰੰਗ ਫਿੱਕਾ ਪੈਣ ਲੱਗ ਪਿਆ। ਮੈਨੂੰ ਬੁਢਾਪੇ ਦਾ ਅਹਿਸਾਸ ਹੋਣ ਲੱਗਾ। ਥੋੜ੍ਹੇ ਜਿਹੇ ਚਾਰੇ ਨਾਲ ਮੇਰਾ ਪੇਟ ਭਰ ਜਾਂਦਾ। ਮਹੀਨੇ ਦੋ ਮਹੀਨੇ ਬਾਅਦ ਬਾਪੂ ਆਉਂਦਾ ਤਾਂ ਕਿੰਨੀ ਦੇਰ ਮੇਰੇ ਪਿੰਡੇ ਉੱਤੇ ਹੱਥ ਫੇਰਦਿਆਂ ਗੱਲਾਂ ਕਰਦਾ ਰਹਿੰਦਾ। ਮੇਰਾ ਬੜਾ ਮਨ ਕਰਦਾ, ਉਸ ਕੋਲ ਆਪਣਾ ਮਨ ਫਰੋਲਾਂ। ਕੁਝ ਬੋਲਕੇ ਉਸ ਨਾਲ ਗੱਲਾਂ ਕਰਾਂ। ਉਸਦੇ ਨਾਲ ਬਚਪਨ, ਜਵਾਨੀ ਤੇ ਬੁਢਾਪੇ ਵਾਲੇ ਅਹਿਸਾਸ ਸਾਂਝੇ ਕਰਾਂ। ਵੇਖਿਆ ਜਾਵੇ ਤਾਂ ਹੈ ਵੀ ਸਾਡੀ ਅਹਿਸਾਸਾਂ ਦੀ ਸਾਂਝ ਸੀ। ਕੱਚੀ ਕਰੂੰਬਲ ਵਰਗੀਆਂ ਭਾਵਨਾਵਾਂ ਦੀ ਸਾਂਝ ਜੋ ਇੱਕ ਦੂਜੇ ਲਈ ਜਾਨ ਵਾਰਨ ਲਈ ਤਿਆਰ ਰਹਿੰਦੀ ਹੈ। ਇਸੇ ਅਪਣੱਤ ਦਾ ਨਿੱਘ ਮੈਨੂੰ ਸਰਦੀਆਂ ’ਚ ਵੀ ਤਰੋਤਾਜ਼ਾ ਰੱਖਦਾ। ਮੈਨੂੰ ਚੰਗੀ ਤਰ੍ਹਾਂ ਯਾਦ ਐ, ਕੋਹਰੇ ਜੰਮੀਆਂ ਰਾਤਾਂ ਮੌਕੇ ਮੈਨੂੰ ਕਦੇ ਕੰਬਣੀ ਨਹੀਂ ਸੀ ਛਿੜੀ। ਕਈ ਵਾਰ ਮੈਨੂੰ ਕੁਦਰਤ ਉੱਤੇ ਗੁੱਸਾ ਆਉਣ ਲੱਗਦਾ। ਉਸਨੇ ਸਾਨੂੰ ਬੇਜ਼ੁਬਾਨੇ ਬਣਾਉਣ ਲੱਗਿਆਂ ਕਿਉਂ ਨਾ ਸੋਚਿਆ ਕਿ ਸਾਡੇ ਵੀ ਅਹਿਸਾਸ ਨੇ। ਅਸੀਂ ਕਿਸ ਕੋਲ ਆਪਣੇ ਮਨ ਫਰੋਲਿਆ ਕਰਾਂਗੇ।
ਸਾਲ ਕੁ ਹੋਰ ਲੰਘਿਆ। ਭੂਆ ਦੀ ਗਾਂ ਨੇ ਵੱਛੀ ਨੂੰ ਜਨਮ ਦਿੱਤਾ। ਕਈ ਗੁਆਂਢੀ ਦੂਹਰੀ ਵਧਾਈ ਦੇਣ ਆਏ। ਮੈਨੂੰ ਇਹ ਸਮਝ ਨਾ ਲੱਗੇ ਕਿ ਦੂਹਰੀ ਵਧਾਈ ਕਾਹਦੀ। ਘਰ ’ਚ ਦੁੱਧ ਆਉਣ ਵਾਲੀ ਗੱਲ ਤਾਂ ਮੈਨੂੰ ਸਮਝ ਆ ਰਹੀ ਸੀ, ਪਰ ਵੱਛੀ ਦੇ ਜਨਮ ਨੂੰ ਚੰਗਾ ਕਹੇ ਜਾਣਾ ਮੇਰੇ ਖਾਨੇ ’ਚ ਨਹੀਂ ਸੀ ਪੈ ਰਿਹਾ। ਉਹ ਰਾਤ ਮੈਂ ਇਸੇ ਸੋਚ ’ਚ ਲੰਘਾਈ। ਅਗਲੀ ਸਵੇਰੇ ਮੈਨੂੰ ਸਮਝ ਆਈ ਕਿ ਇਹ ਵਕਤ ਦਾ ਗੇੜ ਸੀ। ਸਾਡੇ ਵਾਲੇ ਸਮੇਂ ਲੋਕਾਂ ਨੂੰ ਬਲਦਾਂ ਦੀ ਲੋੜ ਸੀ, ਵੱਛੇ ਦਾ ਜਨਮ ਹੋਣਾ ਸਭ ਨੂੰ ਚੰਗਾ ਲੱਗਦਾ ਸੀ। ਸਮੇਂ ਦੇ ਘੁੰਮਦੇ ਪਹੀਏ ਨੇ ਹੁਣ ਖੇਤੀ ਵਿੱਚ ਮਸ਼ੀਨਰੀ ਦੀ ਲੋੜ ਵਧਾ ਦਿੱਤੀ ਹੈ। ਕਈ ਸਾਲਾਂ ਤੋਂ ਸਾਡੀ ਲੋੜ ਖਾਤਮੇ ਵੱਲ ਰਿੜਦੀ ਜਾ ਰਹੀ ਹੈ। ਹੁਣ ਕਿਸਾਨਾਂ ਨੂੰ ਸਾਡੀ ਨਸਲ ’ਚੋਂ ਵੀ ਪੁੱਤ ਨਹੀਂ, ਧੀਆਂ ਚਾਹੀਦੀਆਂ ਨੇ। ਚਾਹੁਣ ਵੀ ਕਿਉਂ ਬਨਿਾਂ ਲੋੜ ਕੌਣ ਕਿਸੇ ਦੀ ਚਾਹਤ ਰੱਖਦਾ। ਜਦ ਸਾਰੀ ਦੁਨੀਆ ਈ ਗਰਜ਼ਾਂ ਨਾਲ ਬੱਝੀ ਹੋਈ ਐ, ਫਿਰ ਕਿਸਾਨ ਕਿਉਂ ਪਿੱਛੇ ਰਹਿਣਗੇ। ਪਿਛਲੇ ਸਾਲਾਂ ’ਚ ਮੈਂ ਸੋਨੂੰ ਤੇ ਬੀਰੇ ਨੂੰ ਅਖ਼ਬਾਰ ਪੜ੍ਹਦੇ ਸੁਣਦਾ ਰਿਹਾ ਹਾਂ, ਅਖੇ ਫਲਾਣੀ ਥਾਂ ਤੇਜ਼ ਰਫ਼ਤਾਰ ਕਾਰ ਅਵਾਰਾ ਸਾਨ ਵਿੱਚ ਵੱਜੀ। ਹਮੇਸ਼ਾਂ ਕਾਰ ਦੇ ਨੁਕਸਾਨ ਵਾਲੀ ਗੱਲ ਲਿਖੀ ਹੁੰਦੀ। ਇਹ ਕੋਈ ਨਹੀਂ ਲਿਖਦਾ ਕਿ ਸਾਨ੍ਹਾਂ ਨੂੰ ਸੜਕਾਂ ਵੱਲ ਕਿਸਨੇ ਤੋਰਿਆ। ਮੈਨੂੰ ਲੱਗਦਾ ਉਹ ਸੜਕਾਂ ’ਤੇ ਜਾਕੇ ਰੋਸ ਪ੍ਰਗਟਾਅ ਰਹੇ ਹੁੰਦੇ ਨੇ। ਉਨ੍ਹਾਂ ਦੇ ਜਨਮ ਹੋਣ ਮੌਕੇ ਮੱਥੇ ਉੱਤੇ ਵੱਟ ਪਾਉਣ ਦਾ ਰੋਸ। ਜਨਮ ਤੋਂ ਮਹੀਨੇ ਦੋ ਮਹੀਨੇ ਬਾਅਦ ਬੇਇੱਜ਼ਤ ਕਰਕੇ ਘਰੋਂ ਕੱਢਣ ਦਾ ਰੋਸ। ਉਨ੍ਹਾਂ ਕੋਲੋਂ ਮਾਂ ਦੇ ਦੁੱਧ ਦਾ ਹੱਕ ਖੋਹਣ ਦਾ ਰੋਸ।
ਹੈਂ, ਮੈਂ ਕਿਹੜੇ ਵਹਿਣਾਂ ’ਚ ਵਹਿ ਗਿਆ। ਆਪਣੀ ਗੱਲ ਕਰਦੇ ਕਰਦੇ ਮੈਂ ਬਰਾਦਰੀ ਦੇ ਦਰਦ ਦਾ ਕਿੱਸਾ ਛੋਹ ਲਿਆ। ਭੂਆ ਦਾ ਲਿਆਂਦਾ ਕੋਸਾ ਪਾਣੀ ਪੀਕੇ ਮੇਰੇ ਅੰਦਰ ਫਿਰ ਤੋਂ ਜੀਣ ਦੀ ਤਮੰਨਾ ਅੰਗੜਾਈ ਭਰਨ ਲੱਗੀ ਹੈ, ਪਰ ਸਰੀਰ ਦੇ ਅੰਗ ਮੇਰਾ ਕਹਿਣਾ ਨਹੀਂ ਮੰਨ ਰਹੇ। ਹਿੱਲ-ਜੁੱਲ ਤੋਂ ਜਵਾਬ ਦੇਈ ਜਾਂਦੇ ਨੇ। ਮੇਰੇ ਸਿਰ ’ਤੇ ਹੱਥ ਫਿਰਦਾ ਵੇਖਕੇ ਅੱਖਾਂ ਥੋੜ੍ਹਾ ਖੁੱਲ੍ਹੀਆਂ ਨੇ, ਪਰ ਭੂਆ ਦੀਆਂ ਅੱਖਾਂ ’ਚੋਂ ਲਗਾਤਾਰ ਡਿੱਗਦੇ ਹੰਝੂ ਦੇਖ ਕੇ ਫਿਰ ਤੇਜ਼ੀ ਨਾਲ ਬੰਦ ਹੋ ਗਈਆਂ। ਹੁਣ ਤੱਕ ਹਿਲਜੁੱਲ ਕਰਦੇ ਅੰਗ ਠੰਢੇ ਹੋਣ ਲੱਗ ਪਏ ਨੇ। ਮੈਨੂੰ ਬੰਦ ਅੱਖਾਂ ’ਚੋਂ ਉਹ ਕੁਝ ਦਿਸਣ ਲੱਗ ਪਿਆ ਹੈ ਜੋ ਅਕਸਰ ਹਰੇਕ ਜੀਵ ਨੂੰ ਅੰਤਲੇ ਸਮੇਂ ਦਿਸਦਾ ਏ ਤੇ ਮੇਰੀ ਆਤਮਾ ਭੂਆ ਦੀਆਂ ਅੱਖਾਂ ਸਾਹਮਣੇ ਉਡਾਰ ਹੋਣ ਲਈ ਤਿਆਰ ਹੋ ਗਈ ਐ। ਉਹ ਭੂਆ ਜਿਸਦੇ ਘਰ ਸਾਰੀ ਉਮਰ ਮੈਂ ਉਸਦੇ ਆਪਣੇ ਪੁੱਤਾਂ ਵਾਂਗ ਵਿਚਰਿਆ, ਬੇਵੱਸ ਹੋਈ ਆਖਰੀ ਵਾਰ ਮੇਰੇ ਸਿੰਗਾਂ ਨੂੰ ਤੇਲ ਨਾਲ ਚੋਪੜਕੇ ਵਿਦਾਈ ਦੇਣ ਲਈ ਮਜਬੂਰ ਹੈ।

Advertisement

Advertisement
Tags :
ਵਿਦਾਈ