ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਲਾ ਇਤਿਹਾਸਕਾਰੀ ਦੇ ਯੁੱਗ ਪੁਰਸ਼ ਦੀ ਅਲਵਿਦਾ

07:05 AM Nov 18, 2023 IST

ਇਰਾ ਪਾਂਡੇ

Advertisement

ਕਿਸੇ ਸਮਾਗਮ ਵਿਚ ਜਦੋਂ ਨਹਿਰੂ ਨੂੰ ਐੱਮਐੱਸ ਸੁੱਬੂਲਕਸ਼ਮੀ ਦਾ ਤੁਆਰਫ਼ ਕਰਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਆਪਣੇ ਖ਼ਾਸ ਲਹਜਿੇ ਵਿਚ ਆਖਿਆ, “ਮੈਂ ਅਦਨਾ ਜਿਹਾ ਪ੍ਰਧਾਨ ਮੰਤਰੀ ਸੁਰਾਂ ਦੀ ਮਲਿਕਾ ਦਾ ਤੁਆਰਫ਼ ਕਰਾਉਣ ਵਾਲਾ ਕੌਣ ਹੁੰਦਾ ਹਾਂ?” ਤਾਉਮਰ ਅਧਿਆਪਨ, ਮਾਰਗ ਦਰਸ਼ਨ ਅਤੇ ਵਿਦਵਤਾ ਲਈ ਪ੍ਰਤੀਬੱਧ ਰਹੇ ਡਾ. ਬੀਐੱਨ ਗੋਸਵਾਮੀ ਜਿਹੀ ਵੱਡੀ ਹਸਤੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਦੋਂ ਮੈਂ ਆਪਣੇ ਕੰਪਿਊਟਰ ’ਤੇ ਬੈਠ ਕੇ ਸੋਚੀਂ ਪਈ ਤਾਂ ਮੇਰੇ ਚੇਤੇ ਵਿਚ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਾਂ ਨਾ ਆ ਸਕਿਆ। ਟ੍ਰਿਬਿਊਨ ਦੇ ਪਾਠਕਾਂ ਨੂੰ ਹਰ ਹਫ਼ਤੇ (ਐਤਵਾਰ) ਛਪਦਾ ਉਨ੍ਹਾਂ ਦਾ ਲੇਖ ਯਾਦ ਰਹੇਗਾ। ਡਾ. ਗੋਸਵਾਮੀ ਆਪਣੇ ਹਰ ਰੁਝੇਵੇਂ ਦੇ ਬਾਵਜੂਦ ਇਸ ਲੇਖ ਲਈ ਸਮਾਂ ਜ਼ਰੂਰ ਕੱਢਦੇ ਸਨ। ਹਸਪਤਾਲ ਤੋਂ ਆ ਕੇ ਉਨ੍ਹਾਂ ਪਿਛਲੇ ਐਤਵਾਰ ਹੀ ਕਸੌਲੀ ਵਿਚ ਆਪਣੀਆਂ ਕਲਾ ਸਰਗਰਮੀਆਂ ਬਾਰੇ ਲਿਖਿਆ ਸੀ ਜੋ ਇਸ ਲੜੀ ਦਾ 707ਵਾਂ ਲੇਖ ਸੀ। ਪਿਛਲੇ ਦੋ ਸਾਲਾਂ ਵਿਚ ਡਾ. ਗੋਸਵਾਮੀ ਨੂੰ ਜ਼ਾਤੀ ਤੌਰ ’ਤੇ ਦੋ ਅਸਹਿ ਸੱਟਾਂ ਵੱਜੀਆਂ ਸਨ। ਪਹਿਲਾਂ ਉਨ੍ਹਾਂ ਦੇ ਪੁੱਤਰ ਅਪੂ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਕਰੁਣਾ ਕੋਵਿਡ ਨਾਲ ਜੂਝਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਦੁੱਖ ਵੰਡਾਉਣ ਲਈ ਹਮਦਰਦੀ ਦੇ ਕੁਝ ਸ਼ਬਦ ਉਨ੍ਹਾਂ ਨੂੰ ਲਿਖੇ ਸਨ ਅਤੇ ਆਸ ਵੀ ਨਹੀਂ ਕੀਤੀ ਸੀ ਕਿ ਉਹ ਇਨ੍ਹਾਂ ਦਾ ਜਵਾਬ ਦੇਣਗੇ। ਪੁੱਤਰ ਦੇ ਤੁਰ ਜਾਣ ਦੇ ਦੁੱਖ ਦੀ ਥਾਹ ਕੌਣ ਪਾ ਸਕਦਾ ਹੈ? ਫਿਰ ਵੀ ਉਨ੍ਹਾਂ ਬਹੁਤ ਹੀ ਜਜ਼ਬਾਤੀ ਤੇ ਖਲੂਸ ਭਰੀ ਮੇਲ ਭੇਜੀ। ਹੁਣ ਉਨ੍ਹਾਂ ਦੀ ਵਿਲੱਖਣ ਹਸਤੀ ਨੂੰ ਬਿਆਨ ਕਰਨ ਲਈ ਮੈਨੂੰ ਸ਼ਬਦ ਨਹੀਂ ਮਿਲ ਰਹੇ।
ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡੀ ਮੁਲਾਕਾਤ ਕਿਵੇਂ ਹੋਈ ਸੀ ਪਰ ਮੇਰਾ ਚੇਤਾ ਧੋਖਾ ਦੇ ਜਾਂਦਾ ਹੈ। ਕੀ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਉਨ੍ਹਾਂ ਦੇ ਲਾਗੇ ਹੀ ਅੰਗਰੇਜ਼ੀ ਵਿਭਾਗ ਵਿਚ ਰਿਸਰਚ ਸਕਾਲਰ ਸੀ ਜਾਂ ਕਿਸੇ ਸੰਗੀਤ ਸਮਾਗਮ ਵਿਚ ਉਨ੍ਹਾਂ ਨਾਲ ਮੇਲ ਹੋਇਆ ਸੀ? ਜਾਂ ਫਿਰ ਉਦੋਂ ਜਦੋਂ ਉਹ ਕਿਸੇ ਸਮਾਗਮ ਵਿਚ ਲੈਕਚਰ ਦੇ ਰਹੇ ਸਨ ਜਾਂ ਪ੍ਰਧਾਨਗੀ ਕਰ ਰਹੇ ਸਨ? ਇਸ ਬਾਰੇ ਤਾਂ ਮੈਂ ਪੱਕ ਨਾਲ ਨਹੀਂ ਕਹਿ ਸਕਾਂਗੀ ਪਰ ਇਹ ਗੱਲ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਉਹ ਮੰਤਰ ਮੁਗਧ ਕਰ ਦੇਣ ਵਾਲੇ ਵਕਤਾ ਸਨ। ਬਾਅਦ ਵਿਚ ਜਦੋਂ ਵੀ ਕਦੇ ਕਿਸੇ ਜਨਤਕ ਲੈਕਚਰ ਦੌਰਾਨ ਉਨ੍ਹਾਂ ਨੂੰ ਸੁਣਦੀ ਸਾਂ ਤਾਂ ਆਪਣਾ ਹਰ ਕੰਮ ਕਾਰ ਛੱਡ ਕੇ ਉਨ੍ਹਾਂ ਨੂੰ ਸੁਣਨ ਬਹਿ ਜਾਂਦੀ ਸਾਂ ਅਤੇ ਹਰ ਵਾਰ ਉਨ੍ਹਾਂ ਤੋਂ ਮੁਤਾਸਿਰ ਹੋ ਕੇ ਅਤੇ ਕੁਝ ਨਵਾਂ ਲੜ ਬੰਨ੍ਹ ਕੇ ਨਿਕਲਦੀ ਸਾਂ। ਕਿਸੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੇ ਧਿਆਨਮਈ ਵਕਫ਼ੇ ਜਾਂ ਕਿਸੇ ਸਲਾਈਡ ਨੂੰ ਦਿਖਾਉਣ ਦਾ ਅੰਦਾਜ਼ ਵੱਖਰੀ ਕਿਸਮ ਦਾ ਸੀ। ਉਹ ਕਿਸੇ ਅਜਿਹੀ ਚੀਜ਼ ਵੱਲ ਧਿਆਨ ਖਿੱਚਦੇ ਸਨ ਜਿਸ ਵੱਲ ਸਾਡੀ ਨਜ਼ਰ ਹੀ ਨਹੀਂ ਜਾਂਦੀ ਸੀ। ਉਨ੍ਹਾਂ ਦੀ ਬਾਰੀਕਬੀਨੀ ਅਤੇ ਤਸਵੀਰਾਂ, ਰੰਗਾਂ ਅਤੇ ਕਿਸੇ ਟੁੱਟੀ ਭੱਜੀ ਲਿਖਤ ਦੀ ਲੜੀ ਨੂੰ ਮਾਲਾ ਵਿਚ ਪਰੋਣ ਦੇ ਹੁਨਰ ਨਾਲ ਸੁਹਜ ਦੀ ਸਿਖਿਆ ਵਿਚ ਕਿਸੇ ਤਸਵੀਰ ’ਚ ਜਾਨ ਪੈ ਜਾਂਦੀ ਸੀ।
ਕੁਝ ਸਾਲ ਪਹਿਲਾਂ ਡਾ. ਗੋਸਵਾਮੀ ‘ਜੈਪੁਰ ਲਿਟਫੈਸਟ’ (ਸਾਹਿਤ ਮੇਲੇ) ਵਿਚ ਆਏ ਸਨ ਜਿੱਥੇ ਮੈਨੂੰ ਵੀ ਸੱਦਿਆ ਗਿਆ ਸੀ। ਸਰੋਤਿਆਂ ਵਿਚ ਉਨ੍ਹਾਂ ਨੂੰ ਬੈਠਿਆਂ ਤੱਕ ਕੇ ਮੈਨੂੰ ਪਸ਼ੇਮਾਨੀ ਹੋਈ ਕਿ ਉਨ੍ਹਾਂ ਦੇ ਸਾਹਮਣੇ ਮੈਂ ਕੀ ਆਖਾਂਗੀ। ਅਗਲੇ ਦਿਨ ਉਹ ਉੱਘੇ ਲੇਖਕ ਵਿਲੀਅਮ ਡਾਲਰਿੰਪਲ ਦੀ ਪ੍ਰਧਾਨਗੀ ਵਾਲੇ ਸੈਸ਼ਨ ਵਿਚ ਲੈਕਚਰ ਦੇ ਰਹੇ ਸਨ ਅਤੇ ਮੈਂ ਮਹਿਸੂਸ ਕੀਤਾ ਕਿ ਸਾਡੇ ’ਚੋਂ ਬਹੁਤੇ ਤਾਂ ਇਕੋ ਕਿਸ਼ਤੀ ਦੇ ਸਵਾਰ ਹਨ। ਡਾਲਰਿੰਪਲ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਬਣ ਗਿਆ ਅਤੇ ਬੀਐੱਨਜੀ (ਜਿਵੇਂ ਡਾ. ਗੋਸਵਾਮੀ ਨੂੰ ਪਿਆਰ ਨਾਲ ਪੁਕਾਰਿਆ ਜਾਂਦਾ ਸੀ) ਨਾਲ ਉਨ੍ਹਾਂ ਦੀ ਗੁਫ਼ਤਗੂ ਹਰ ਸਾਲ ਲਿਟਫੈਸਟ ਦਾ ਕੇਂਦਰ ਬਿੰਦੂ ਬਣਦੀ ਰਹੀ। ਬੀਐੱਨਜੀ ਦੀ ਬਦੌਲਤ ਹੀ ਅਸੀਂ ਕਾਰਲ ਖੰਡਾਲਵਾਲਾ, ਸਰਯੂ ਦੋਸ਼ੀ, ਐਰਬਰਹਾਡ ਫਲੈਚਰ ਜਿਹੀਆਂ ਹਸਤੀਆਂ ਅਤੇ ਕਈ ਹੋਰ ਉੱਘੇ ਕਲਾ ਸਮੀਖਿਅਕਾਂ ਅਤੇ ਇਤਿਹਾਸਕਾਰਾਂ ਬਾਰੇ ਜਾਣ ਸਕੇ ਜਿਨ੍ਹਾਂ ਦੇ ਨਾਂ ਗਿਣਾਉਣੇ ਇੱਥੇ ਸੰਭਵ ਨਹੀਂ। ਸੱਤਰਵਿਆਂ ਅਤੇ ਅੱਸੀਵਿਆਂ ਦੇ ਦਹਾਕਿਆਂ ਵਿਚ ਪੰਜਾਬ ਯੂਨੀਵਰਸਿਟੀ ਵਿਚ ਸਾਡੇ ’ਚੋਂ ਬਹੁਤਿਆਂ ਨੂੰ ਕਲਾ ਦੇ ਤਲਿੱਸਮ ਨਾਲ ਜੋੜਨ ਵਾਲੇ ਬੀਐੱਨਜੀ ਹੀ ਸਨ।
ਪੰਜਾਬ ਯੂਨੀਵਰਸਿਟੀ ਵਿਚ ਮਿਊਜ਼ੀਅਮ ਦੀ ਉਸਾਰੀ ਵਿਚ ਪਾਇਆ ਡਾ. ਗੋਸਵਾਮੀ ਦਾ ਯੋਗਦਾਨ ਲਾਮਿਸਾਲ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਆਇਵੀ ਕੌਟੇਜ ਵਿਚ ਮਰਹੂਮ ਵਿਵਾਨ ਸੁੰਦਰਮ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਘਰ ਵਿਚ ਸਥਾਪਤ ਕੀਤੇ ਗਏ ਕਸੌਲੀ ਆਰਟ ਸੈਂਟਰ ਦੇ ਕਲਾਕਾਰਾਂ ਲਈ ਵੀ ਵੱਡੇ ਯਤਨ ਕੀਤੇ ਸਨ। ਕੈਲਿਕੋ ਮਿਊਜ਼ੀਅਮ ਆਫ਼ ਟੈਕਸਟਾਈਲ (ਅਹਿਮਦਾਬਾਦ) ਦੇਖਣਯੋਗ ਟਿਕਾਣਾ ਹੈ ਅਤੇ ਇਸ ਦੇ ਨਿਰਮਾਣ ਵਿਚ ਉਨ੍ਹਾਂ ਸਾਰਾਭਾਈ ਦੀ ਵੱਡੀ ਮਦਦ ਕੀਤੀ ਸੀ ਅਤੇ ਇਸ ਵਿਚ ਡਾ. ਗੋਸਵਾਮੀ ਦੀਆਂ ਕਿਤਾਬਾਂ ਦਾ ਸੰਗ੍ਰਹਿ ਸੂਚਨਾ ਦਾ ਵੱਡਾ ਭੰਡਾਰ ਹੈ। ਉਂਝ, ਉਨ੍ਹਾਂ ਦਾ ਸਭ ਤੋਂ ਯਾਦਗਾਰੀ ਕਾਰਜ ਪਹਾੜੀ ਚਿੱਤਰਕਾਰੀ ਦੇ ਖੇਤਰ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਇਨ੍ਹਾਂ ਤਸਵੀਰਾਂ ਸਿਰਜਣ ਵਾਲੇ ਨਾਮਾਲੂਮ ਕਲਾਕਾਰਾਂ ਅਤੇ ਉਨ੍ਹਾਂ ਦੀ ਘਾਲਣਾ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ। ਇਸ ਮਾਮਲੇ ਵਿਚ ਗੁਲੇਰ ਦੇ ਨੈਨਸੁਖ ਅਤੇ ਮਨਕੂ ਦੀ ਕਲਾਕਾਰ ਜੋੜੀ ਦੀ ਲੱਭਤ ਜਿ਼ਕਰਯੋਗ ਹੈ। ਇਸ ਸਬੰਧ ਵਿਚ ਡਾ. ਗੋਸਵਾਮੀ ਨੇ ਦੋ ਸੰਸਕਰਨ ਲਿਖੇ ਜੋ ਲਘੂ ਚਿੱਤਰਕਾਰੀ ਦੇ ਰੰਗਾਂ, ਵਿਸ਼ਿਆਂ ਅਤੇ ਵੰਨਗੀ ਦੇ ਸਫ਼ਰ ਦੀ ਬੇਮਿਸਾਲ ਲੱਭਤ ਬਣ ਗਈ ਹੈ।
ਬੀਐੱਨਜੀ ਜਿਹਾ ਸ਼ਾਇਦ ਹੋਰ ਕੋਈ ਨਾ ਮਿਲ ਸਕੇ ਪਰ ਮੈਂ ਭਰੋਸੇ ਨਾਲ ਆਖ ਸਕਦੀ ਹਾਂ ਕਿ ਮੈਂ ਆਪਣੀ ਜਿ਼ੰਦਗੀ ਵਿਚ ਇਕ ਜ਼ਹੀਨ ਸ਼ਖ਼ਸ ਨੂੰ ਮਿਲੀ ਸਾਂ। ਅਲਵਿਦਾ ਬੀਐੱਨਜੀ, ਆਪਣੀਆਂ ਲਿਖਤਾਂ ਅਤੇ ਬੋਲਾਂ ਨਾਲ ਤੁਸੀਂ ਹਮੇਸ਼ਾ ਸਾਡੇ ਅੰਗ ਸੰਗ ਰਹੋਗੇ।
*ਇਰਾ ਪਾਂਡੇ ਉੱਘੀ ਲੇਖਕ ਅਤੇ ਅਨੁਵਾਦਕ ਹੈ।

Advertisement
Advertisement