ਸੇਵਾਮੁਕਤ ਵਧੀਕ ਸੈਸ਼ਨ ਜੱਜ ਨੂੰ ਵਕੀਲਾਂ ਵੱਲੋਂ ਵਿਦਾਇਗੀ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 8 ਸਤੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅੱਜ ਇੱਥੇ ਬਾਰ ਰੂਮ ਵਿੱਚ ਸੇਵਾਮੁਕਤ ਹੋਏ ਵਧੀਕ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਸੈਸ਼ਨ ਜੱਜ ਨਵਜੋਤ ਕੌਰ, ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ, ਚੀਫ ਜੁਡੀਸ਼ਲ ਮੈਜਿਸਟਰੇਟ ਸ਼ੈਂਪੀ ਚੌਧਰੀ ਵੀ ਹਾਜ਼ਰ ਸਨ। ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਲਾਭ ਸਿੰਘ ਔਲਖ ਅਤੇ ਸਕੱਤਰ ਜਤਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਇੱਥੋਂ ਸੇਵਾਮੁਕਤ ਹੋ ਗਏ ਹਨ ਜਿਨ੍ਹਾਂ ਨੂੰ ਅੱਜ ਵਦਾਇਗੀ ਪਾਰਟੀ ਦਿੱਤੀ ਗਈ। ਇਸ ਦੇ ਨਾਲ ਹੀ ਫਰੀਦਕੋਟ ਅਦਾਲਤ ਵਿੱਚ ਨਵੇਂ ਆਏ ਜੱਜਾਂ ਨੂੰ ਵੀ ਬਾਰ ਰੂਮ ਵਿੱਚ ਬੁਲਾ ਕੇ ਉਨ੍ਹਾਂ ਦੇ ਸਵਾਗਤ ਵਿੱਚ ਚਾਹ ਪਾਰਟੀ ਕੀਤੀ ਗਈ। ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਕੁਲਇੰਦਰ ਸਿੰਘ ਸੇਖੋਂ, ਐਸਕੇ ਧੀਰ ਅਤੇ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਸੈਸ਼ਨ ਡਿਵੀਜ਼ਨ ਫਰੀਦਕੋਟ ਵਿੱਚ ਹੁਣ ਲੋੜੀਂਦੇ ਸਾਰੇ ਜੱਜਾਂ ਦੀ ਨਿਯੁਕਤੀ ਹੋ ਚੁੱਕੀ ਹੈ ਅਤੇ ਅਦਾਲਤੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਗੁਰਲਾਭ ਸਿੰਘ ਔਲਖ ਨੇ ਕਿਹਾ ਕਿ ਵਧੀਕ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਦੀ ਸੇਵਾਮੁਕਤੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਥਾਂ ’ਤੇ ਦਿਨੇਸ਼ ਕੁਮਾਰ ਵਧਵਾ ਵਧੀਕ ਸੈਸ਼ਨ ਜੱਜ ਫਰੀਦਕੋਟ ਵਜੋਂ ਨਿਯੁਕਤੀ ਕਰ ਦਿੱਤੀ ਹੈ।