ਦਿੱਲੀ-ਐੱਨਸੀਆਰ ਵਿੱਚ ਦੂਰ ਦੂਰ ਤੱਕ ਮੀਂਹ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਸਤੰਬਰ
ਇੱਥੇ ਅੱਜ ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਖਾਸ ਕਰਕੇ ਗੁੜਗਾਓਂ ਵਿੱਚ ਕਈ ਥਾਈਂ ਪਾਣੀ ਭਰ ਗਿਆ ਤੇ ਆਵਾਜਾਈ ਵਿੱਚ ਵਿਘਨ ਪਿਆ। ਭਾਰਤੀ ਮੌਸਮ ਵਿਭਾਗ ਨੇ ਰਾਜਧਾਨੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਕਿਉਂਕਿ ਮੀਂਹ ਭਲਕੇ ਵੀ ਜਾਰੀ ਰਹੇਗਾ। ਰਾਸ਼ਟਰੀ ਰਾਜਧਾਨੀ ਵਿੱਚ 85 ਫ਼ੀਸਦ ਨਮੀ ਦੇ ਨਾਲ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ।
ਇੱਥੇ ਅੱਜ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਕਾਰਨ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ। ਨਤੀਜੇ ਵਜੋਂ ਗਲੀਆਂ ਵਿੱਚ ਪਾਣੀ ਭਰ ਗਿਆ ਅਤੇ ਖਾਸ ਤੌਰ ’ਤੇ ਗੁੜਗਾਓਂ ਵਿੱਚ ਆਵਾਜਾਈ ਵਿੱਚ ਭਾਰੀ ਵਿਘਨ ਪਿਆ। ਲੋਕਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ ਸੜਕਾਂ ’ਤੇ ਗੋਡੇ-ਗੋਡੇ ਪਾਣੀ ਦੇ ਦ੍ਰਿਸ਼ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਤੇ ਪ੍ਰਸ਼ਾਸਨ ਦੀ ਘਾਟ ’ਤੇ ਵਿਅੰਗ ਕਸੇ। ਇਸ ਦੌਰਾਨ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਕਈ ਵਾਹਨ ਸੜਕਾਂ ’ਤੇ ਪਾਣੀ ਖੜ੍ਹਨ ਕਾਰਨ ਬੰਦ ਹੋ ਗਏ। ਇਸ ਕਾਰਨ ਆਵਾਜਾਈ ਜ਼ਿਆਦਾ ਪ੍ਰਭਾਵਿਤ ਹੋਈ। ਆਈਐੱਮਡੀ ਨੇ ਦਿੱਲੀ ਲਈ ਇੱਕ ਪੀਲਾ ਅਲਰਟ ਜਾਰੀ ਕੀਤਾ ਹੈ। ਅੱਜ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਪੂਰੇ ਹਫ਼ਤੇ ਦੌਰਾਨ ਠੰਢੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਸੀ।
ਆਈਐੱਮਡੀ ਦੇ 10 ਦਿਨਾਂ ਦੀ ਭਵਿੱਖਬਾਣੀ ਦੇ ਅਨੁਸਾਰ ਦਿੱਲੀ ਵਿੱਚ 14 ਸਤੰਬਰ ਤੱਕ ਬੱਦਲ ਛਾਏ ਰਹਿਣ ਅਤੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਬਾਕੀ ਹਫ਼ਤੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਠੰਢਾ ਤਾਪਮਾਨ ਬਰਕਰਾਰ ਰਹੇਗਾ ਤੇ ਹਫਤੇ ਦੇ ਅੰਤ ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਦਿੱਲੀ ਵਾਸੀਆਂ ਨੂੰ ਨਮੀ ਵਾਲੇ ਮਾਹੌਲ ਤੋਂ ਰਾਹਤ ਮਿਲੀ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਭਾਰੀ ਮੀਂਹ ਕਾਰਨ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪੈ ਗਿਆ। ਇਸ ਦੌਰਾਨ ਇੰਡੀਆ ਗੇਟ ਅਤੇ ਆਰਕੇ ਪੁਰਮ ਵਰਗੇ ਪ੍ਰਮੁੱਖ ਖੇਤਰ ਸ਼ਾਮਲ ਸਨ।