ਪ੍ਰਸ਼ੰਸਕਾਂ ਦਾ ਧੋਨੀ ਲਈ ਜਨੂੰਨ ਤੇ ਆਈਪੀਐਲ
ਪ੍ਰਦੀਪ ਮੈਗਜ਼ੀਨ
ਇਹ ਮੇਰੀਆਂ ਇਕਬਾਲੀਆ ਟਿੱਪਣੀਆਂ ਭੰਬਲਭੂਸੇ ਦੇ ਸਮੁੰਦਰ 'ਚ ਪ੍ਰੇਸ਼ਾਨ ਹੋਏ ਦਿਮਾਗ਼ ਦੀ ਉਪਜ ਹਨ ਅਤੇ ਮੈਂ ਉਸ ਕ੍ਰਿਕਟ ਲੀਗ ਬਾਰੇ ਕੋਈ ਵਿਚਾਰ ਬਣਾ ਰਿਹਾ ਹਾਂ, ਜਿਸ ਉੱਤੇ ਹੁਣ ਸਭ ਦੀ ਨਜ਼ਰ ਹੈ ਅਤੇ ਜਿਸ ਨੂੰ ਸਭ ਪਸੰਦ ਕਰ ਰਹੇ ਹਨ। ਮੈਨੂੰ ਆਪਣੀ ਸੂਝਬੂਝ 'ਤੇ ਲਗਾਤਾਰ ਹਮਲਾ ਹੁੰਦਾ ਜਾਪ ਰਿਹਾ ਹੈ। ਇੰਨੇ ਸ਼ਾਨਦਾਰ ਤੇ ਜਾਨਦਾਰ ਚੌਕੇ–ਛੱਕੇ ਲੱਗ ਰਹੇ ਹਨ ਕਿ ਹੈਰਾਨੀ ਹੋ ਰਹੀ ਹੈ ਤੇ ਮੈਂ ਕੋਈ ਵੀ ਪ੍ਰਤੀਕਰਮ ਪ੍ਰਗਟਾਉਣ ਤੋਂ ਅਸਮਰੱਥ ਹਾਂ। ਮਾਹੌਲ ਥੋੜ੍ਹਾ ਅਕਾਊ ਜਿਹਾ ਜਾਪਣ ਲੱਗਾ ਹੈ। ਜੇ ਤੁਸੀਂ ਇੱਕ ਵੇਖ ਲਿਆ, ਤਾਂ ਜਿਵੇਂ ਤੁਸੀਂ ਸਭ ਵੇਖ ਲਏ।
ਕੀ ਮੈਂ ਬੁੱਢਾ ਹੋ ਗਿਆ ਹਾਂ? ਕੀ ਮੇਰੀਆਂ ਇੰਦਰੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਕਿ ਮੇਰਾ ਦਿਲ ਜ਼ੋਰ–ਜ਼ੋਰ ਦੀ ਧੜਕ ਰਿਹਾ ਹੈ ਅਤੇ ਕੀ ਮੈਨੂੰ ਐਡਰਨਲੀਨ ਦੀ ਜ਼ਰੂਰਤ ਹੈ, ਜੋ ਸਰੀਰਕ ਤੇ ਮਾਨਸਿਕ ਸੰਤੁਲਨ ਕਾਇਮ ਰੱਖਣ ਤੇ ਭੀੜ ਨਾਲ ਜਸ਼ਨ ਮਨਾਉਣ 'ਚ ਮਦਦ ਕਰਦੀ ਹੈ?
ਮੂਰਖ, ਬੇਵਕੂਫ਼, ਅਕਲ ਦਾ ਅੰਨ੍ਹਾ... ਮੇਰੇ ਕੰਨਾਂ 'ਚ ਅਕਸਰ ਇਹੋ ਗੂੰਜ ਪੈਂਦੀ ਹੈ। ਮੈਂ ਅੱਭੜਵਾਹੇ ਜਾਗ ਜਾਂਦਾ ਹਾਂ ਤੇ ਖ਼ੁਦ ਨੂੰ ਮੰਦਭਾਗਾ ਮਹਿਸੂਸ ਕਰਦਾ ਹਾਂ। ਫਿਰ ਹੌਲੀ–ਹੌਲੀ ਸੋਚਦਾ ਹਾਂ ਕਿ ਇਹ ਝਾੜ ਤੇ ਤਾੜਨਾਵਾਂ ਮੇਰੇ ਲਈ ਨਹੀਂ ਹਨ। ਉਹ ਤਾਂ ਸਭ ਕੁਝ ਟੀਵੀ 'ਤੇ ਚੱਲ ਰਿਹਾ ਹੈ ਕਿਉਂਕਿ ਆਈਪੀਐਲ ਦਾ ਮੈਚ ਸਕ੍ਰੀਨ 'ਤੇ ਦਰਸ਼ਕਾਂ ਦੇ ਸਨਮੁੱਖ ਹੈ ਤੇ ਉਨ੍ਹਾਂ ਨੂੰ ਕੀਲ ਰਿਹਾ ਹੈ। ਇਹ ਪ੍ਰਸਿੱਧ ਸ਼ਬਦ ਕਿਸ ਨੇ ਆਖੇ ਸਨ! ਕਿਸੇ ਦੇਵਦੂਤ ਵਰਗੇ ਰਿਸ਼ਭ ਪੰਤ ਜਾਂ ਮਹਾਨ ਸੁਨੀਲ ਗਾਵਸਕਰ ਨੇ? ਕਰੋੜਾਂ ਦਰਸ਼ਕ ਪੰਤ ਨੂੰ ਹਰ ਸ਼ਾਮ ਤੇਜ਼ੀ ਨਾਲ ਇਹ ਸ਼ਬਦ ਚੀਕਦਿਆਂ ਆਖਦੇ ਵੇਖਦੇ ਹਨl ਜਦ ਕਿ ''ਸੰਨੀ' ਜੀ', ਸਾਥੀ ਕਮੈਂਟੇਟਰ ਗਾਵਸਕਰ ਹੁਰਾਂ ਨੂੰ ਇਸੇ ਨਾਂਅ ਨਾਲ ਸੱਦਦੇ ਹਨ, ਨੂੰ ਧੋਖੇ ਨਾਲ ਇੱਥੇ ਲਿਆਂਦਾ ਗਿਆ ਹੈ ਪਰ ਇਹ ਜਗ੍ਹਾ ਉਨ੍ਹਾਂ ਦੇ ਕੱਦ–ਬੁੱਤ ਵਾਲੀ ਸ਼ਖ਼ਸੀਅਤ ਲਈ ਨਹੀਂ ਹੈ।
ਇੱਕ ਆਨਲਾਈਨ ਯਾਤਰਾ ਬੁਕਿੰਗ ਪਲੇਟਫ਼ਾਰਮ 'ਤੇ ਚੱਲਣ ਵਾਲੇ ਇਸ ਇਸ਼ਤਿਹਾਰ 'ਚ ਗਾਵਸਕਰ ਹੁਰਾਂ ਨੂੰ ਪੰਤ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਗਾਵਸਕਰ ਤਕ ਸੁਭਾਵਕ ਤੌਰ 'ਤੇ ਮਦਦ ਲਈ ਪੰਤ ਦਾ ਸ਼ੁਕਰੀਆ ਕਰਦੇ ਹਨ। ਇਹ ਇਸ਼ਤਿਹਾਰ ਤਦ ਹੀ ਬਿਹਤਰ ਢੰਗ ਨਾਲ ਸਮਝ ਆ ਸਕਦਾ ਹੈ, ਜੇ ਤੁਹਾਨੂੰ ਇਨ੍ਹਾਂ ਸ਼ਬਦਾਂ ਦੇ 'ਕ੍ਰਿਕਟਿੰਗ' ਇਤਿਹਾਸ ਅਤੇ ਇਨ੍ਹਾਂ ਦੋਵਾਂ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਹੋਵੇ।
ਰਤਾ ਬੀਤੇ ਦਿਨੀਂ ਖ਼ਤਮ ਹੋਈ ਭਾਰਤ–ਆਸਟ੍ਰੇਲੀਆ ਦੀ ਟੈਸਟ ਲੜੀ ਨੂੰ ਚੇਤੇ ਕਰੋ, ਜਿਸ ਦੇ ਇੱਕ ਮੈਚ ਦੌਰਾਨ ਬਹੁਤ ਹੀ ਨਾਜ਼ੁਕ ਵੇਲੇ ਇੱਕ ਭਿਆਨਕ ਸ਼ਾਟ ਲਾਉਂਦੇ ਸਮੇਂ ਪੰਤ ਆਊਟ ਹੋ ਗਿਆ ਸੀ। ਤਦ ਆਸਟ੍ਰੇਲੀਆ ਦੇ ਦਰਸ਼ਕਾਂ ਲਈ ਕਮੈਂਟਰੀ ਕਰ ਰਹੇ 'ਸੰਨੀ ਜੀ' ਨੂੰ ਇੰਨਾ ਜ਼ਿਆਦਾ ਗੁੱਸਾ ਆ ਗਿਆ ਸੀ ਕਿ ਉਹ ਬਹੁਤ ਹੀ ਗੰਭੀਰ ਮੁਦਰਾ 'ਚ ਚੀਕੇ ਸਨ: 'ਸਟੁਪਿਡ, ਸਟੁਪਿਡ, ਸਟੁਪਿਡ' (ਮੂਰਖ, ਬੇਵਕੂਫ਼, ਅਕਲ ਦਾ ਅੰਨ੍ਹਾ)। ਅਜਿਹੇ ਸਖ਼ਤ ਸ਼ਬਦਾਂ 'ਚ ਗਾਵਸਕਰ ਵੱਲੋਂ ਪ੍ਰਗਟਾਇਆ ਗਿਆ ਗੁੱਸਾ ਛੇਤੀ ਹੀ ਵਾਇਰਲ ਹੋ ਗਿਆ ਸੀ ਅਤੇ ਭਾਰਤੀ ਕ੍ਰਿਕਟ ਦੇ ਜ਼ਿਆਦਾਤਰ ਪ੍ਰਸ਼ੰਸਕਾਂ ਦੀ ਨਜ਼ਰ 'ਚ ਇਹ ਆਜ਼ਾਦਾਨਾ ਸੋਚ ਵਾਲਾ ਪੰਤ ਇੱਕ ਖਲਨਾਇਕ ਬਣ ਗਿਆ ਸੀ।
ਇਸ਼ਤਿਹਾਰਬਾਜ਼ੀ ਦੇ ਇਸ ਜੁੱਗ 'ਚ ਮੁਨਾਫ਼ੇ ਲਈ ਤਾਂਘਦੀਆਂ ਕੰਪਨੀਆਂ ਤਾਂ ਸਦਾ ਅਜਿਹੇ ਕਿਸੇ ਛਿਣ ਤੇ ਮੌਕੇ ਦੀ ਭਾਲ਼ 'ਚ ਹੀ ਰਹਿੰਦੀਆਂ ਹਨ ਕਿਉਂਕਿ ਇੱਥੋਂ ਹੀ ਤਾਂ ਉਨ੍ਹਾਂ ਦੀ ਚੋਖੀ ਕਮਾਈ ਹੋਣੀ ਹੁੰਦੀ ਹੈ। ਸ਼ਿਕਾਇਤ ਕਰਨ ਵਾਲਾ ਹੀ ਕੋਈ ਨਹੀਂ ਹੈ, ਯਕੀਨੀ ਤੌਰ 'ਤੇ ਇਹ ਦੋ ਮੁੱਖ ਨਾਇਕ ਤਾਂ ਬਿਲਕੁਲ ਵੀ ਨਹੀਂ! ਜਦੋਂ ਤੁਸੀਂ ਆਪਣੇ ਮਨਪਸੰਦ ਕ੍ਰਿਕਟਰ ਨੂੰ ਕਿਸੇ ਨੂੰ ਮਾਤ ਦਿੰਦੇ ਵੇਖਦੇ ਹੋ, ਤਾਂ ਪੰਤ ਤੇ ਗਾਵਸਕਰ ਨੂੰ ਇੱਕ–ਦੂਜੇ ਨਾਲ ਜੱਫੀ ਪਾਉਂਦਿਆਂ ਤੱਕਦੇ ਹੋ, ਤਾਂ ਚਿਹਰੇ 'ਤੇ ਮੁਸਕਰਾਹਟ ਆਉਣੀ ਸੁਭਾਵਕ ਹੈ ਅਤੇ ਜਦੋਂ ਤੁਸੀਂ ਕਿਸੇ ਲਾਈਵ ਮੈਚ ਦੌਰਾਨ ਉਹੀ ਕੁਝ ਵੇਖਦੇ ਹੋ, ਤਦ ਵੀ ਤੁਹਾਨੂੰ ਵਧੇਰੇ ਸੁਖਾਵਾਂ ਮਹਿਸੂਸ ਹੁੰਦਾ ਹੈ।
ਕੀ ਮੈਂ ਅਸੱਭਿਅਕ, ਬਦਮਿਜ਼ਾਜ ਤੇ ਘਟੀਆ ਜਾਂ ਪੂਰੀ ਤਰ੍ਹਾਂ ਮੂਰਖ ਹੋ ਰਿਹਾ ਹਾਂ? ਮੈਂ ਬਾਕੀ ਦੀ ਪੂਰੀ ਦੁਨੀਆ ਵਾਂਗ ਪੂਰੇ ਜੋਸ਼ ਨਾਲ ਇਸ ਮੁੱਦੇ 'ਤੇ ਵਿਚਾਰ–ਚਰਚਾ ਕਿਉਂ ਨਹੀਂ ਕਰ ਰਿਹਾ ਕਿ ਇਸ ਟੂਰਨਾਮੈਂਟ 'ਚ ਹੁਣ ਤੱਕ ਕਿਸ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਸਟਾਰ ਵਾਲੀ ਰਹੀ ਹੈ – ਸ਼੍ਰੇਯਸ ਅਈਅਰ ਦੀ ਕਿ ਰਜਤ ਪਾਟੀਦਾਰ ਦੀ ਜਾਂ ਅਸ਼ਵਨੀ ਕੁਮਾਰ, ਮੁਹੰਮਦ ਸਿਰਾਜ, ਗਾਇਕਵਾੜ, ਨਿਕੋਲਸ ਪੂਰਨ, ਜੋਸ ਬਟਲਰ, ਸਾਈ ਸੁਦਰਸ਼ਨ, ਟ੍ਰੈਵਿਸ ਹੈਡ, ਨੂਰ ਅਹਿਮਦ, ਮਿਚੇਲ ਸਟੇਅਰ, ਜੋਸ਼ ਹੇਜ਼ਲਵੁੱਡ ਤੇ ਕਈ ਹੋਰਨਾਂ ਦੀ। ਭਾਰਤੀ ਕ੍ਰਿਕਟ ਦੇ ਦੋ ਮੁੱਖ ਹੀਰਿਆਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਸ਼ੁਰੂਆਤ ਬੇਹੱਦ ਮੰਦੀ ਕਿਉਂ ਰਹੀ ਅਤੇ ਇਸ ਲੀਗ 'ਚ ਸਾਡੇ ਪਿਆਰੇ ਐਮਐਸ ਧੋਨੀ ਦੀ ਕੀ ਭੂਮਿਕਾ ਹੈ?
ਓ ਹਾਂ, ਧੋਨੀ। ਕੀ ਭਾਰਤ ਜਾਂ ਦੁਨੀਆ 'ਚ ਕਿਸੇ ਹੋਰ ਥਾਂ 'ਤੇ ਹੁਣ ਤੱਕ ਇੰਨਾ ਜ਼ਿਆਦਾ ਵਿਹਾਰਕ ਤੇ ਲਗਭਗ ਸ਼ਾਂਤਚਿੱਤ ਖਿਡਾਰੀ ਹੋਰ ਕੋਈ ਵੇਖਿਆ ਗਿਆ ਹੈ? ਮੈਨੂੰ ਲੱਗਦਾ ਹੈ ਕਿ ਅਜਿਹਾ ਹੋਰ ਕੋਈ ਵੀ ਨਹੀਂ ਹੋਣਾ। ਉਸ ਦੇ ਸੁਭਾਅ ਅਤੇ ਉਸ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਜੇ ਜੋੜ ਕੇ ਵੇਖੀਏ, ਤਾਂ ਤੁਸੀਂ ਇਹੋ ਆਖੋਗੇ ਕਿ ਸੱਚਮੁਚ ਦਾ ਇੱਕ ਸੁਪਰ–ਸਟਾਰ ਟੂਰਨਾਮੈਂਟ ਦੀ ਸ਼ੋਭਾ ਵਧਾ ਰਿਹਾ ਹੈ। ਫਿਰ ਕੀ ਹੋ ਗਿਆ, ਜੇ ਉਸ ਦੀ ਉਮਰ 43 ਸਾਲ ਹੈ। ਉਮਰ ਤਾਂ ਮਹਿਜ਼ ਇੱਕ ਗਿਣਤੀ, ਇਕ ਅੰਕੜਾ ਹੁੰਦੀ ਹੈ ਅਤੇ ਧੋਨੀ ਵਰਗੇ ਐਥਲੀਟਾਂ ਵਾਸਤੇ ਤਾਂ ਅਸਲ ਊਰਜਾ ਉਸ ਨੂੰ ਸੱਚਾ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਟੀਮ ਮਾਲਕਾਂ ਦੇ ਸਾਥ ਤੋਂ ਆਉਂਦੀ ਹੈ, ਜਿਨ੍ਹਾਂ ਲਈ ਖਿਡਾਰੀ ਖੇਡ ਰਿਹਾ ਹੁੰਦਾ ਹੈ। ਜੇ ਵਪਾਰਕ ਸੋਚ ਅਜਿਹੀ ਹੋਵੇ ਕਿ ਧੋਨੀ ਹਾਲੇ ਵੀ ਉਨ੍ਹਾਂ ਲਈ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਸਕਦਾ ਹੈ, ਤਾਂ ਅਸੀਂ ਸ਼ਿਕਾਇਤ ਕਰਨ ਵਾਲੇ ਕੌਣ ਹੁੰਦੇ ਹਾਂ। ਆਖ਼ਰ ਭਾਰਤ ਕੋਈ 'ਚੇਨਈ ਸੁਪਰ ਕਿੰਗਜ਼' (CSK) ਤਾਂ ਨਹੀਂ ਤੇ ਨਾ ਹੀ 'ਸੀਐਸਕੇ' ਨੂੰ ਤੁਸੀਂ ਭਾਰਤ ਆਖ ਸਕਦੇ ਹੋ। ਉਹ ਰਾਸ਼ਟਰ ਪ੍ਰਤੀ ਜਵਾਬਦੇਹ ਨਹੀਂ ਹਨ ਅਤੇ ਨਾ ਹੀ ਦੇਸ਼ ਇਸ ਸਬੰਧੀ ਕੁਝ ਜਾਣਨਾ ਚਾਹੁੰਦਾ ਹੈ।
ਮੈਂ ਧੋਨੀ ਦੀ ਕਾਰਗੁਜ਼ਾਰੀ ਉਸ ਦੇ ਇੱਕ ਪਿਆਰੇ ਜਿਹੇ ਇਸ਼ਤਿਹਾਰ 'ਚ ਵੀ ਵੇਖਦਾ ਹਾਂ, ਜਿਸ ਵਿੱਚ ਉਹ ਕੋਈ ਖ਼ਪਤਕਾਰ ਵਸਤੂ ਵੇਚਦਾ ਹੋਇਆ ਆਖਦਾ ਹੈ 'ਆਜ ਭੀ ਔਰ ਕਲ ਭੀ'। ਉਸ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਸ ਦਾ ਇਹ ਮਤਲਬ ਹੈ ਕਿ ਉਹ ਆਪਣੀ ਖੇਡ ਸਦਾ ਜਾਰੀ ਰੱਖੇਗਾ, ਤਾਂ ਉਹ ਮੁਸਕਰਾ ਕੇ ਬਹੁਤ ਭੇਤ ਭਰਿਆ ਜਵਾਬ ਦਿੰਦਾ ਹੈ, 'ਮੈਂ ਇਸ ਉਤਪਾਦ ਦੀ ਗੱਲ ਕਰ ਰਿਹਾ ਹਾਂ, ਨਾ ਕਿ ਆਪਣੀ।'
ਉਹ ਭਾਵੇਂ ਆਪਣੇ ਦੇਸ਼ 'ਚ ਖੇਡ ਰਿਹਾ ਹੋਵੇ ਤੇ ਚਾਹੇ ਕਿਸੇ ਹੋਰ ਦੇਸ਼ 'ਚ, ਤਾਂ ਉੱਥੇ ਪੀਲੇ ਰੰਗ ਦਾ ਜਿਵੇਂ ਹੜ੍ਹ ਹੀ ਆ ਜਾਂਦਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਚੇਨਈ ਸੁਪਰ ਕਿੰਗਜ਼ ਦੀ ਵਰਦੀ 'ਚ ਪੀਲੇ ਰੰਗ ਦੀ ਕਮੀਜ਼ ਹੈ ਅਤੇ ਧੋਨੀ ਲੰਮੇ ਸਮੇਂ ਤੋਂ ਇਸੇ ਟੀਮ ਨਾਲ ਜੁੜਿਆ ਹੋਇਆ ਹੈ। ਇਸ ਲਈ ਧੋਨੀ ਨਾਲ ਇਹ ਪੀਲਾ ਰੰਗ ਵੀ ਜੁੜ ਗਿਆ ਹੈ ਅਤੇ ਉਹ ਜਦੋਂ ਵੀ ਕਿਤੇ ਖੇਡਦਾ ਹੈ, ਤਾਂ ਉਸ ਦੇ ਬਹੁਤੇ ਪ੍ਰਸ਼ੰਸਕ ਵੀ ਪੀਲੇ ਰੰਗ ਦੇ ਕਮੀਜ਼ ਪਹਿਨ ਕੇ ਆਉਂਦੇ ਹਨ। ਇਸ ਤੋਂ ਉਸ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਧੋਨੀ ਨੂੰ ਲੈ ਕੇ ਲੱਖਾਂ–ਕਰੋੜਾਂ ਪ੍ਰਸ਼ੰਸਕਾਂ 'ਚ ਜਿਸ ਪੱਧਰ ਦਾ ਜਨੂੰਨ ਹੈ, ਉਹ ਮਹਿਜ਼ ਦਿਖਾਵੇ ਦਾ ਨਹੀਂ ਹੈ। ਉਸ ਦੇ ਪ੍ਰਸ਼ੰਸਕਾਂ ਦੀ ਇੰਨੀ ਵੱਡੀ ਗਿਣਤੀ ਤੋਂ ਇਸ ਦੇਸ਼ ਦਾ ਕੋਈ ਸਭ ਤੋਂ ਵੱਧ ਤਾਕਤਵਰ ਵਿਅਕਤੀ ਵੀ ਉਸ ਨਾਲ ਈਰਖਾ ਕਰ ਸਕਦਾ ਹੈ। ਉਸ ਦੇ ਪ੍ਰਸ਼ੰਸਕ ਕੋਈ ਵਿਕਟ ਡਿੱਗਣ 'ਤੇ ਸਿਰਫ਼ ਇਸ ਲਈ ਜਸ਼ਨ ਮਨਾਉਂਦੇ ਹਨ ਕਿ ਹੁਣ ਧੋਨੀ ਦੇ ਖੇਡਣ ਦੀ ਵਾਰੀ ਛੇਤੀ ਆਵੇਗੀ। ਉਹ ਉਸ ਦੇ ਮੈਦਾਨ 'ਚ ਆਉਣ, ਫਿਰ ਆਊਟ ਹੋ ਕੇ ਬਾਹਰ ਜਾਣ ਤੇ ਇਹ ਸੋਚ ਕੇ ਉਸ ਦੀ ਕਿਸੇ ਨਾਕਾਮੀ ਦੇ ਜਸ਼ਨ ਤੱਕ ਮਨਾਉਂਦੇ ਹਨ ਕਿ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਉਹ ਜ਼ਰੂਰ ਕੋਈ ਵੱਡਾ ਕਮਾਲ ਕਰ ਕੇ ਵਿਖਾਏਗਾ।
ਜੇ ਤੁਹਾਨੂੰ ਯਕੀਨ ਨਹੀਂ ਆਉਂਦਾ, ਤਾਂ ਤੁਸੀਂ ਕਿਸੇ ਮੈਦਾਨ 'ਚ ਜਾ ਕੇ ਖ਼ੁਦ ਵੇਖ ਸਕਦੇ ਹੋ ਕਿ ਉਸ ਦੇ ਪ੍ਰਸ਼ੰਸਕਾਂ 'ਚ ਉਸ ਲਈ ਕਿੰਨਾ ਜ਼ਿਆਦਾ ਜਨੂੰਨ ਹੈ। ਇਹ ਅਜਿਹੀ ਪਰਮਾਣੂ ਊਰਜਾ ਹੈ ਕਿ ਜਿਸ ਨਾਲ ਪਹਾੜ ਤੱਕ ਨੂੰ ਹਿਲਾਇਆ ਜਾ ਸਕਦਾ ਹੈ ਅਤੇ ਜੇ ਇੰਨੀ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਬੰਬ ਕਿਤੇ ਫਟ ਸਕਦਾ ਹੋਵੇ, ਤਾਂ ਉਹ ਪੂਰੀ ਦੁਨੀਆ ਨੂੰ ਸਾੜ ਕੇ ਰਾਖ ਕਰ ਦੇਵੇਗਾ। ਜੀ ਹਾਂ, ਸੱਚਾਈ ਇਹੋ ਹੈ – ਭੀੜ ਅਜਿਹੀ ਹੀ ਹੁੰਦੀ ਹੈ। ਸਟੈਂਡਜ਼ 'ਤੇ ਬਹਿ ਕੇ ਮੈਚ ਵੇਖਣਾ ਸਨਿਮਰ ਲੋਕਾਂ ਲਈ ਨਹੀਂ ਹੁੰਦਾ। ਪਰ ਕੋਈ ਪਰਵਾਹ ਨਾ ਕਰੋ। ਆਪਣੇ–ਆਪ ਨੂੰ ਸ਼ਾਂਤ ਕਰਨ ਲਈ ਤੁਸੀਂ 'ਡ੍ਰੀਮ 11' ਬਣਾਉਣ ਵਿੱਚ ਆਮਿਰ ਖ਼ਾਨ ਤੇ ਰਣਬੀਰ ਕਪੂਰ ਦੀ ਆਨਲਾਈਨ ਮਦਦ ਕਰ ਸਕਦੇ ਹੋ ਅਤੇ ਕਰੋੜਾਂ ਰੁਪਏ ਵੀ ਕਮਾ ਸਕਦੇ ਹੋ, ਭਾਵੇਂ ਬਹੁਗਿਣਤੀ ਦਾ ਅਨੁਭਵ ਇਹੋ ਹੋਵੇ ਕਿ ਇਸ ਨਾਲ ਤੁਹਾਡਾ ਖ਼ਰਚਾ ਘਟ ਜਾਂਦਾ ਹੈ। ਇਸ ਲਈ ਤੁਸੀਂ ਹਮੇਸ਼ਾ ਇਹ ਕੋਸ਼ਿਸ਼ ਕਰ ਸਕਦੇ ਹੋ। 'ਮੇਰੇ ਨਾਲ ਆ ਕੇ ਜੁੜੋ,' ਇਹ ਸਭ ਇੱਕ ਭਲੇ ਕਾਰਜ: ਬ੍ਰਾਂਡ ਆਈਪੀਐਲ - ਲਈ ਹੈ।
– ਲੇਖਕ 'ਨੌਟ ਕੁਆਇਟ ਕ੍ਰਿਕਟ' ਅਤੇ 'ਨੌਟ ਜਸਟ ਕ੍ਰਿਕਟ' ਦੇ ਲੇਖਕ ਹਨ।