ਗ੍ਰੈਮੀ ਪੁਰਸਕਾਰ ਦੇ ‘ਇਨ ਮੈਮੋਰੀਅਮ’ ’ਚ ਜ਼ਾਕਿਰ ਹੁਸੈਨ ਦਾ ਨਾਮ ਨਾ ਹੋਣ ਕਾਰਨ ਪ੍ਰਸ਼ੰਸਕ ਨਿਰਾਸ਼
ਨਵੀਂ ਦਿੱਲੀ:
ਉੱਘੇ ਤਬਲਾਵਾਦਕ ਅਤੇ ਚਾਰ ਵਾਰ ਦੇ ਗ੍ਰੈਮੀ ਪੁਰਸਕਾਰ ਜੇਤੂ ਜ਼ਾਕਿਰ ਹੁਸੈਨ ਦਾ ਨਾਮ 67ਵੇਂ ਗ੍ਰੈਮੀ ਪੁਰਸਕਾਰ ਸਮਾਰੋਹ ਤਹਿਤ ‘ਲਾਈਵ ਸਟ੍ਰੀਮ’ ਕੀਤੇ ਗਏ ‘ਇਨ ਮੈਮੋਰੀਅਮ’ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਕਾਰਨ ਭਾਰਤੀ ਪ੍ਰਸ਼ੰਸਕ ਨਿਰਾਸ਼ ਹਨ, ਜਦੋਂ ਕਿ ‘ਰਿਕਾਰਡਿੰਗ ਅਕੈਡਮੀ’ ਦੀ ਵੈੱਬਸਾਈਟ ’ਤੇ ‘ਇਨ ਮੈਮੋਰੀਅਮ’ ਸੂਚੀ ਵਿੱਚ ਗ਼ਜ਼ਲ ਗਾਇਕ ਪੰਕਜ ਉਦਾਸ, ਲੋਕ ਗਾਇਕਾ ਸ਼ਾਰਦਾ ਸਿਨਹਾ ਅਤੇ ਸਰੋਦਵਾਦਕ ਆਸ਼ੀਸ਼ ਖਾਨ ਦੇ ਨਾਲ ਹੁਸੈਨ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ‘ਰਿਕਾਰਡਿੰਗ ਅਕੈਡਮੀ’ ਵੱਲੋਂ ਕਰਵਾਇਆ ਜਾ ਰਿਹਾ ਇਹ ਪੁਰਸਕਾਰ ਸਮਾਰੋਹ ਲਾਸ ਏਂਜਲਸ ਵਿੱਚ ਕ੍ਰਿਪਟੋ ਡਾਟ ਕਾਮ ੲਰੇਨਾ ਵਿੱਚ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗ੍ਰੈਮੀ ਹਰ ਸਾਲ ਆਪਣੇ ‘ਇਨ ਮੈਮੋਰੀਅਮ’ (ਇੱਕ ਪ੍ਰਕਾਰ ਦਾ ਛੋਟਾ ਵੀਡੀਓ) ਤਹਿਤ ਸੰਗੀਤ ਜਗਤ ਦੀਆਂ ਉਨ੍ਹਾਂ ਉੱਘੀਆਂ ਹਸਤੀਆਂ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਨ੍ਹਾਂ ਦਾ ਦੇਹਾਂਤ ਪਿਛਲੇ ਸਾਲ ਹੋਇਆ ਹੁੰਦਾ ਹੈ। ਹੁਸੈਨ ਪਿਛਲੇ ਸਾਲ ‘ਗ੍ਰੈਮੀ ਐਵਾਰਡ’ ਵਿੱਚ ਤਿੰਨ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਸੰਗੀਤਕਾਰ ਸਨ। ਫੇਫੜਿਆਂ ਦੀ ਬਿਮਾਰੀ ਕਾਰਨ ਉਨ੍ਹਾਂ ਦਾ 15 ਦਸੰਬਰ 2024 ਵਿੱਚ ਦੇਹਾਂਤ ਹੋ ਗਿਆ ਸੀ। ਉਹ 73 ਸਾਲਾਂ ਦੇ ਸਨ। ਸੋਸ਼ਲ ਮੀਡੀਆ ’ਤੇ ‘ਇਨ ਮੈਮੋਰੀਅਮ’ ਵਿੱਚ ਹੁਸੈਨ ਨੂੰ ਨਾ ਦਿਖਾਉਣ ਕਾਰਨ ਕਈਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਗ੍ਰੈਮੀ 2025 ਦਾ ਭਾਰਤ ਵਿੱਚ ਡਿਜਨੀ ਪਲੱਸ ਹਾਟਸਟਾਰ ’ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਹੈ। -ਪੀਟੀਆਈ