For the best experience, open
https://m.punjabitribuneonline.com
on your mobile browser.
Advertisement

ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਤੋਂ ਪ੍ਰਸ਼ੰਸਕ ਬਾਗੋ-ਬਾਗ

07:53 AM Aug 05, 2024 IST
ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਤੋਂ ਪ੍ਰਸ਼ੰਸਕ ਬਾਗੋ ਬਾਗ
ਬਰਤਾਨੀਆ ਖ਼ਿਲਾਫ਼ ਮੈਚ ਜਿੱਤਣ ਮਗਰੋਂ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 4 ਅਗਸਤ
ਟੋਕੀਓ 2020 ਨੇ ਜੇ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਨਵੀਂ ਜਾਨ ਪਾਈ ਤਾਂ ਪੈਰਿਸ 2024 ਇਸ ਗੱਲ ਦੀ ਹਾਮੀ ਭਰਦਾ ਹੈ ਕਿ ਉਹ ਮੁੜ ਤੋਂ ਵਿਸ਼ਵ ਪੱਧਰ ਦੀ ਮੋਹਰੀ ਟੀਮ ਬਣਨ ਦੀ ਰਾਹ ’ਤੇ ਹੈ।
ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 60 ਮਿੰਟ ਦੀ ਖੇਡ ਦੇ ਕਰੀਬ 40 ਮਿੰਟ ਤੱਕ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਨਾ ਸਿਰਫ਼ ਨਿਰਧਾਰਿਤ ਸਮੇਂ ਤੱਕ ਬਰਤਾਨੀਆ ਨੂੰ 1-1 ਦੀ ਬਰਾਬਰੀ ’ਤੇ ਰੋਕਿਆ, ਬਲਕਿ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਓਲਪਿੰਕ ਸੈਮੀ ਫਾਈਨਲ ਵਿੱਚ ਕਦਮ ਰੱਖਿਆ। ਟੋਕੀਓ ਵਿੱਚ ਪੁਰਸ਼ ਟੀਮ ਨੇ ਕਾਂਸੇ ਦੇ ਤਗ਼ਮੇ ਵਜੋਂ 41 ਸਾਲ ਬਾਅਦ ਓਲੰਪਿਕ ਤਗ਼ਮਾ ਜਿੱਤਿਆ ਸੀ। ਇਸ ਨਾਲ ਉਸ ਖੇਡ ਵਿੱਚ ਜਾਨ ਆਈ, ਜਿਸ ਵਿੱਚ ਅੱਠ ਓਲਪਿਕ ਸੋਨ ਤਗ਼ਮਿਆਂ ਨਾਲ ਭਾਰਤ ਦਾ ਸ਼ਾਨਾਂਮੱਤਾ ਅਤੀਤ ਰਿਹਾ ਹੈ। ਹਾਲਾਂਕਿ ਆਖ਼ਰੀ ਸੋਨ ਤਗ਼ਮਾ 1980 ਵਿੱਚ ਆਇਆ ਸੀ। ਪੈਰਿਸ ਵਿੱਚ ਮਿਲੀ ਜਿੱਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਟੀਮ ਸਹੀ ਰਾਹ ’ਤੇ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਾਕੀ ਜਗਤ ਦੇ ਨਾਲ-ਨਾਲ ਆਮ ਆਦਮੀ ਵੀ ਅੱਜ ਭਾਰਤ ਵੱਲੋਂ ਦਿਖਾਈ ਗਈ ਮਾਨਸਿਕ ਦ੍ਰਿੜ੍ਹਤਾ ਅਤੇ ਇੱਕਜੁੱਟਤਾ ਤੋਂ ਹੈਰਾਨ ਸੀ।
ਵਿਸ਼ਵ ਕੱਪ 1975 ਦੀ ਜੇਤੂ ਟੀਮ ਦੇ ਕਪਤਾਨ ਅਜੀਤਪਾਲ ਸਿੰਘ ਨੇ ਕਿਹਾ, ‘‘ਅੱਜ ਇਨ੍ਹਾਂ ਖਿਡਾਰੀਆਂ ਨੇ ਜਿਸ ਤਰ੍ਹਾਂ ਦ੍ਰਿੜ੍ਹਤਾ, ਲੜਨ ਦੀ ਭਾਵਨਾ ਅਤੇ ਏਕਤਾ ਦਿਖਾਈ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਖਿਡਾਰੀ ਘੱਟ ਹੋਣ ਦੇ ਬਾਅਦ ਹਰ ਖਿਡਾਰੀ ਇੱਕ-ਦੂਜੇ ਦਾ ਸਮਰਥਨ ਕਰ ਰਿਹਾ ਸੀ।’’ ਉਸ ਨੇ ਕਿਹਾ, ‘‘ਜਿਸ ਤਰ੍ਹਾਂ ਡਿਫੈਂਸ ਸੀ, ਉਹ ਵਿਸ਼ਵ ਪੱਧਰੀ ਸੀ ਅਤੇ ਸ੍ਰੀਜੇਸ਼ ਬਿਲਕੁਲ ਵੱਖਰੇ ਪੱਧਰ ਦਾ ਖਿਡਾਰੀ ਸੀ। ਪੂਲ ਰਾਊਂਡ ਤੋਂ ਲੈ ਕੇ ਹੁਣ ਤੱਕ ਸਾਰੇ ਮੈਚਾਂ ਵਿੱਚ ਉਹ ਬਿਹਤਰ ਹੁੰਦਾ ਗਿਆ ਅਤੇ ਦੇਸ਼ ਨੂੰ ਟੀਮ ਤੋਂ ਇੱਕ ਹੋਰ ਤਗ਼ਮੇ ਦੀ ਉਮੀਦ ਹੈ।’’
ਭਾਰਤ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਵੀ ਟੀਮ ਦੀ ਏਕਤਾ ਅਤੇ ਲੜਨ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਸ ਨੇ ਕਿਹਾ, ‘‘ਮੌਜੂਦਾ ਸਮੇਂ 10 ਖਿਡਾਰੀਆਂ ਨਾਲ ਹਾਕੀ ਮੈਚ ਖੇਡਣਾ ਬਹੁਤ ਮੁਸ਼ਕਲ ਹੈ ਅਤੇ ਉਹ ਵੀ ਓਲੰਪਿਕ ਕੁਆਰਟਰ ਫਾਈਨਲ ਵਰਗੀ ਦਬਾਅ ਵਾਲੀ ਸਥਿਤੀ ਵਿੱਚ। ਪਰ ਅੱਜ ਉਨ੍ਹਾਂ ਆਪਣਾ ਹੁਨਰ ਦਿਖਾਇਆ। ਸ੍ਰੀਜੇਸ਼, ਮਨਪ੍ਰੀਤ ਅਤੇ ਹਰਮਨਪ੍ਰੀਤ ਵਰਗੇ ਖਿਡਾਰੀਆਂ ਨੇ ਟੀਮ ਨੂੰ ਇੱਕਜੁੱਟ ਕੀਤਾ ਅਤੇ ਨੌਜਵਾਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ।’’ ਪੈਰਿਸ ਵਿੱਚ ਸਟੈਂਡ ’ਚ ਬੈਠ ਕੇ ਮੈਚ ਦੇਖਣ ਵਾਲੀ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਵੀ ਟੀਮ ਦੀ ਸ਼ਲਾਘਾ ਕੀਤੀ। ਸਾਬਕਾ ਭਾਰਤੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਨੇ ਵੀ ਸੋਸ਼ਲ ਮੀਡੀਆ ’ਤੇ ਭਾਰਤੀ ਹਾਕੀ ਟੀਮ ਅਤੇ ਵਿਸ਼ੇਸ਼ ਤੌਰ ’ਤੇ ਸ੍ਰੀਜੇਸ਼ ਨੂੰ ਵਧਾਈ ਦਿੱਤੀ। ਉਸ ਨੇ ਐਕਸ ’ਤੇ ਕਿਹਾ, ‘‘ਵਾਹ! ਇਹ ਮੈਚ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹੈ। ਇੰਨੇ ਲੰਬੇ ਸਮੇਂ ਤੱਕ 10 ਖਿਡਾਰੀਆਂ ਨਾਲ ਡਿਫੈਂਡ ਬੇਜੋੜ ਹੈ। ਸ੍ਰੀਜੇਸ਼ ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਸੀਂ ਕਮਾਲ ਹੋ।’’ -ਪੀਟੀਆਈ

Advertisement

ਇਹ ਮਹਿਜ਼ ਇੱਕ ਜਿੱਤ ਨਹੀਂ, ਬਿਆਨ ਸੀ: ਫੁਲਟੋਨ

ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਕ੍ਰੈਗ ਫੁਲਟੋਨ ਨੇ ਅੱਜ ਇੱਥੇ ਬਰਤਾਨੀਆ ਖ਼ਿਲਾਫ਼ ਜਿੱਤ ਦਰਜ ਕਰਨ ਮਗਰੋਂ ਕਿਹਾ ਕਿ ਇਹ ਮਹਿਜ਼ ਇੱਕ ਜਿੱਤ ਨਹੀਂ, ਬਲਕਿ ਇੱਕ ਬਿਆਨ ਸੀ। ਫੁਲਟੋਨ ਨੇ ਕਿਹਾ, ‘‘ਅਸੀਂ 14 ਮਹੀਨਿਆਂ ਤੋਂ ਡਿਫੈਂਸ ਬਾਰੇ ਗੱਲ ਕਰ ਰਹੇ ਹਾਂ ਅਤੇ ਅਸੀਂ ਬਹੁਤ ਮਿਹਨਤ ਕੀਤੀ। ਸ੍ਰੀਜੇਸ਼ ਨੇ ਕਮਾਲ ਕਰ ਦਿੱਤਾ। ਜਦੋਂ ਤੁਸੀਂ ਡਿਫੈਂਸ ਦੀ ਗੱਲ ਕਰਦੇ ਹੋ ਤਾਂ ਇਹ ਤੁਹਾਡੇ ਸਾਥੀ ਖਿਡਾਰੀਆਂ ਨੂੰ ਕਵਰ ਕਰਦਿਆਂ ਅਤੇ ਉਸ ਦੀ ਮਦਦ ਕਰਕੇ ਉਸ ਪ੍ਰਤੀ ਤੁਹਾਡਾ ਲਗਾਅ ਦਿਖਾਉਣ ਬਾਰੇ ਵੀ ਹੁੰਦਾ ਹੈ। ਅਤੇ ਸ੍ਰੀਜੇਸ਼ ਨੇ ਸਾਡੇ ਲਈ ਇਹੀ ਕੀਤਾ ਅਤੇ ਅਸੀਂ ਉਸ ਲਈ ਅਜਿਹਾ ਕੀਤਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਇਹ ਮੈਚ ਉਸ ਲਈ ਸਭ ਤੋਂ ਮੁਸ਼ਕਲ ਸੀ ਤਾਂ ਫੁਲਟੋਨ ਨੇ ਕਿਹਾ, ‘‘ਬਿਲਕੁਲ। ਸਭ ਕੁਝ ਦਾਅ ’ਤੇ ਲੱਗਿਆ ਸੀ ਅਤੇ ਸਭ ਕੁੱਝ ਸਾਡੀ ਸੋਚ ਤੋਂ ਵੱਖਰਾ ਰਿਹਾ। ਇਸ ਲਈ ਇਹ ਸ਼ਾਨਦਾਰ ਦਿਨ ਸੀ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਹ ਮੈਚ ਨਹੀਂ ਬਲਕਿ ਇੱਕ ਬਿਆਨ ਹੈ।’’ ਕੋਚ ਨੇ ਕਿਹਾ ਕਿ ਭਾਰਤੀ ਟੀਮ ਨੇ ਹਾਲਾਤ ਨੂੰ ਬਿਹਤਰ ਢੰਗ ਨਾਲ ਨਜਿੱਠਿਆ। ਉਸ ਨੇ ਕਿਹਾ, ‘‘ਜਦੋਂ ਕੋਈ ਗੜਬੜ ਹੁੰਦੀ ਹੈ ਤਾਂ ਅਸੀਂ ਇੱਕਜੁੱਟ ਹੋ ਜਾਂਦੇ ਹਾਂ। ਕੁਆਰਟਰ ਫਾਈਨਲ ਵਿੱਚ 10 ਖਿਡਾਰੀ। ਪਤਾ ਨਹੀਂ ਉਨ੍ਹਾਂ ਨੂੰ ਕਿੰਨੇ ਮੌਕੇ ਮਿਲੇ ਪਰ ਅੱਜ ਸਾਡਾ ਦਿਨ ਸੀ। ਹਰ ਕਿਸੇ ਨੇ ਰਣਨੀਤੀ ਤੋਂ ਕੰਮ ਲਿਆ। ਸ਼ਾਨਦਾਰ ਦਿਨ ਸੀ।’’

ਸੈਮੀ ਫਾਈਨਲ ’ਚ ਆਪਣੀ ਖੇਡ ਦਿਖਾਵਾਂਗੇ: ਸ੍ਰੀਜੇਸ਼

ਬਰਤਾਨੀਆ ਖ਼ਿਲਾਫ਼ ਪੈਰਿਸ ਓਲੰਪਿਕ ਕੁਆਰਟਰ ਫਾਈਨਲ ਖੇਡਣ ਤੋਂ ਪਹਿਲਾਂ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਇਹ ਖਿਆਲ ਆਇਆ ਸੀ ਕਿ ਇਹ ਉਸ ਦਾ ਆਖ਼ਰੀ ਮੈਚ ਹੋਵੇਗਾ ਜਾਂ ਅੱਗੇ ਹੋਰ ਦੋ ਮੈਚ ਖੇਡਣ ਦਾ ਮੌਕਾ ਮਿਲੇਗਾ। ਬਰਤਾਨੀਆ ਦੇ ਕਈ ਗੋਲ ਬਚਾਉਣ ਵਾਲੇ ਸ੍ਰੀਜੇਸ਼ ਨੇ ਜਿੱਤ ਮਗਰੋਂ ਕਿਹਾ, ‘‘ਇੱਕ ਗੋਲਕੀਪਰ ਦਾ ਇਹ ਰੋਜ਼ ਦਾ ਕੰਮ ਹੈ। ਕਈ ਵਾਰ ਹਾਲਾਤ ਵੱਖਰੇ ਹੁੰਦੇ ਹਨ ਪਰ ਅੱਜ ਸਾਡਾ ਦਿਨ ਸੀ। ਸ਼ੂਟਆਊਟ ਵਿੱਚ ਵੀ ਸਾਡੇ ਸਾਰੇ ਨਿਸ਼ਾਨੇ ਸਹੀ ਲੱਗੇ। ਸਾਡੇ ਖਿਡਾਰੀਆਂ ਨੇ ਗੋਲ ਕੀਤੇ ਅਤੇ ਮੇਰਾ ਆਤਮਵਿਸ਼ਵਾਸ ਵਧਿਆ।’’ ਉਸ ਨੇ ਕਿਹਾ, ‘‘ਜਦੋਂ ਮੈਂ ਮੈਦਾਨ ’ਚ ਆਇਆ ਤਾਂ ਮੇਰੇ ਸਾਹਮਣੇ ਦੋ ਹੀ ਰਾਹ ਸੀ। ਇਹ ਮੇਰਾ ਆਖ਼ਰੀ ਮੈਚ ਹੁੰਦਾ ਜਾਂ ਮੈਨੂੰ ਦੋ ਮੈਚ ਹੋਰ ਖੇਡਣ ਦਾ ਮੌਕਾ ਮਿਲਦਾ। ਆਖ਼ਿਰਕਾਰ ਹੁਣ ਮੈਨੂੰ ਦੋ ਮੈਚ ਹੋਰ ਮਿਲਣਗੇ।’’ ਸ੍ਰੀਜੇਸ਼ ਨੇ ਕਿਹਾ, ‘‘ਸੈਮੀ ਫਾਈਨਲ ਵਿੱਚ ਸਾਹਮਣੇ ਕੋਈ ਵੀ ਹੋਵੇ, ਅਸੀਂ ਆਪਣੀ ਖੇਡ ’ਤੇ ਧਿਆਨ ਦਿਆਂਗੇ।’’

ਸਾਲਾਂ ਬਾਅਦ ਦੇਖੀ ਅਜਿਹੀ ਜਿੱਤ: ਪਿੱਲੈ

ਨਵੀਂ ਦਿੱਲੀ: ਮਹਾਨ ਹਾਕੀ ਖਿਡਾਰੀ ਧਨਰਾਜ ਪਿੱਲੈ ਨੇ ਕਿਹਾ ਕਿ ਭਾਰਤੀ ਟੀਮ ਦੀ ਜਿੱਤ ਦੇਖ ਕੇ ਉਸ ਦੇ ਅੱਥਰੂ ਨਹੀਂ ਰੁਕ ਰਹੇ ਸੀ। ਉਸ ਨੇ ਕਿਹਾ ਕਿ ਸਾਲਾਂ ਬਾਅਦ ਇੰਨੀ ਚੰਗੀ ਖੇਡ ਦੇਖਣ ਨੂੰ ਮਿਲੀ ਹੈ। ਪਿੱਲੈ ਨੇ ਦਾਅਵਾ ਕੀਤਾ ਕਿ ਟੀਮ 44 ਬਾਅਦ ਭਾਰਤ ਨੂੰ ਸੋਨ ਤਗ਼ਮਾ ਦਿਵਾ ਸਕਦੀ ਹੈ। ਚਾਰ ਓਲੰਪਿਕ ਅਤੇ ਚਾਰ ਵਿਸ਼ਵ ਕੱਪ ਖੇਡ ਚੁੱਕੇ ਧਨਰਾਜ ਨੇ ਕਿਹਾ, ‘‘ਮੇਰੀਆਂ ਅੱਖਾਂ ਵਿੱਚ ਹੰਝੂ ਆਪ-ਮੁਹਾਰੇ ਵਹਿ ਤੁਰੇ। ਸਿਡਨੀ ਓਲੰਪਿਕ 2000 ਮਗਰੋਂ ਅਜਿਹਾ ਮੈਚ ਪਹਿਲੀ ਵਾਰ ਦੇਖਿਆ। ਸ੍ਰੀਜੇਸ਼ ਗੋਲਪੋਸਟ ਦੇ ਸਾਹਮਣੇ ਕੰਧ ਬਣ ਕੇ ਖੜ੍ਹਾ ਸੀ ਅਤੇ ਜਿੰਨੇ ਉਸ ਨੇ ਬਚਾਅ ਕੀਤੇ ਹਨ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ।’’ ਉਸ ਨੇ ਕਿਹਾ, ‘‘ਮੈਚ ਦੇਖਦਿਆਂ ਮੇਰੇ ਲੂ-ਕੰਡੇ ਖੜ੍ਹੇ ਹੋ ਗਏ ਸੀ। ਮੈਂ ਇੰਨਾ ਖੁਸ਼ ਸੀ ਕਿ ਦੱਸ ਨਹੀਂ ਸਕਦਾ।’’ ਸੈਮੀ ਫਾਈਨਲ ਲਈ ਟੀਮ ਨੂੰ ਸਲਾਹ ਦੇਣ ਬਾਰੇ ਪੁੱਛੇ ਜਾਣ ’ਤੇ ਧਨਰਾਜ ਨੇ ਕਿਹਾ, ‘‘ਮੈਂ ਇਹੀ ਸਲਾਹ ਦੇਵਾਂਗਾ ਕਿ ਇਸੇ ਤਰ੍ਹਾਂ ਖੇਡੋ ਅਤੇ ਖੁਦ ’ਤੇ ਕੋਈ ਦਬਾਅ ਨਾ ਪਾਓ। ਇਸ ਟੀਮ ਨੇ ਜਿਵੇਂ ਇਹ ਛੇ ਮੈਚ ਖੇਡੇ ਹਨ, ਮੈਨੂੰ ਪੂਰਾ ਯਕੀਨ ਹੈ ਕਿ 44 ਸਾਲ ਬਾਅਦ ਇਹ ਓਲੰਪਿਕ ਸੋਨ ਤਗ਼ਮਾ ਦਿਵਾ ਸਕਦੀ ਹੈ।’’ -ਪੀਟੀਆਈ

Advertisement
Author Image

Advertisement
Advertisement
×