ਵਰਕਸ਼ਾਪ ਰੋਡ ’ਤੇ ਫੈਂਸੀ ਲਾਈਟਾਂ ਲਗਾਈਆਂ
ਪੱਤਰ ਪ੍ਰੇਰਕ
ਯਮੁਨਾਨਗਰ, 6 ਮਾਰਚ
ਦਿਵਿਆ ਨਗਰ ਯੋਜਨ ਤਹਿਤ ਨਗਰ ਨਿਗਮ ਵੱਲੋਂ 7.19 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ ਦੇ ਸੁੰਦਰੀਕਰਨ ’ਤੇ ਕੰਮ ਚਲ ਰਿਹਾ ਹੈ । ਜਿਮਖਾਨਾ ਕਲੱਬ ਰੋਡ ਅਤੇ ਗੋਵਿੰਦਪੁਰੀ ਮਾਰਗ ਤੋਂ ਬਾਅਦ, ਹੁਣ ਵਰਕਸ਼ਾਪ ਰੋਡ ’ਤੇ ਵੀ ਫੈਂਸੀ ਸਜਾਵਟੀ ਲਾਈਟਾਂ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ ਜਿਸ ਦੇ ਚਲਦਿਆਂ ਤਿੰਨੋਂ ਰਸਤੇ ਹੁਣ ਸ਼ਾਨਦਾਰ ਸਜਾਵਟੀ ਲਾਈਟਾਂ ਨਾਲ ਜਗਮਗਾ ਰਹੇ ਹਨ। ਇਨ੍ਹਾਂ ਰਸਤਿਆਂ ਤੋਂ ਸਟਰੀਟ ਲਾਈਟਾਂ ਦੇ ਪੁਰਾਣੇ ਖੰਭਿਆਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਪੁਰਾਣੀਆਂ ਲਾਈਟਾਂ ਨੂੰ ਹਟਾ ਕੇ ਹੋਰ ਥਾਵਾਂ ’ਤੇ ਲਗਾਇਆ ਜਾਵੇਗਾ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਦੱਸਿਆ ਕਿ ਦਿਵਿਆ ਨਗਰ ਯੋਜਨਾ ਤਹਿਤ ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਮਖਾਨਾ ਕਲੱਬ ਰੋਡ ’ਤੇ ਫੁੱਟਪਾਥ ਬਣਾਉਣ, ਰੁੱਖਾਂ ਅਤੇ ਪੌਦਿਆਂ ਦੀਆਂ ਸੀਮਾਵਾਂ ਬਣਾਉਣ, ਟਾਈਲਾਂ ਲਗਾਉਣ, ਡਿਵਾਈਡਰਾਂ ਨੂੰ ਸੁਧਾਰਨ ਦਾ ਕੰਮ ਪ੍ਰਗਤੀ ’ਤੇ ਹੈ।
ਉਨ੍ਹਾਂ ਕਿਹਾ ਕਿ ਦਿਵਿਆ ਨਗਰ ਯੋਜਨਾ ਤਹਿਤ ਤਿੰਨਾਂ ਸੜਕਾਂ ਦੇ ਸੁੰਦਰੀਕਰਨ ’ਤੇ 7 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣਗੇ । ਨਗਰ ਨਿਗਮ ਲਗਪਗ 2.25 ਕਰੋੜ ਰੁਪਏ ਦੀ ਲਾਗਤ ਨਾਲ ਜਿਮਖਾਨਾ ਕਲੱਬ ਰੋਡ, 3.78 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਚੌਕ ਤੋਂ ਮਹਾਰਾਣਾ ਪ੍ਰਤਾਪ ਚੌਕ ਤੱਕ ਵਰਕਸ਼ਾਪ ਰੋਡ ਅਤੇ 81 ਲੱਖ ਰੁਪਏ ਦੀ ਲਾਗਤ ਨਾਲ ਮਧੂ ਚੌਕ ਤੋਂ ਘਨ੍ਹੱਈਆ ਸਾਹਿਬ ਚੌਕ ਤੱਕ ਗੋਵਿੰਦਪੁਰੀ ਰੋਡ ਨੂੰ ਸੁੰਦਰ ਬਣਾਉਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਤਿੰਨੋਂ ਰੂਟਾਂ ’ਤੇ ਪੈਦਲ ਚੱਲਣ ਵਾਲਿਆਂ ਲਈ ਫੁੱਟਪਾਥ, ਬੈਠਣ ਲਈ ਬੈਂਚ, ਅਤੇ ਸੜਕ ਕਿਨਾਰੇ ਰੁੱਖਾਂ ਅਤੇ ਪੌਦਿਆਂ ਦੀ ਸੁਰੱਖਿਆ ਲਈ ਗੋਲਾਕਾਰ ਸੀਮਾਵਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।