ਮਸ਼ਹੂਰ ਕਲਾ ਇਤਿਹਾਸਕਾਰ ਪ੍ਰੋ. ਬੀ.ਐੱਨ. ਗੋਸਵਾਮੀ ਨੂੰ ਨਮ ਅੱਖਾਂ ਨਾਲ ਵਿਦਾਇਗੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਉੱਘੇ ਕਲਾ ਇਤਿਹਾਸਕਾਰ ਤੇ ਕਲਾ ਆਲੋਚਕ ਅਤੇ ਪਦਮਸ੍ਰੀ ਤੇ ਪਦਮ ਭੂਸ਼ਨ ਪੁਰਸਕਾਰ ਜੇਤੂ ਪ੍ਰੋ. ਬੀ.ਐੱਨ. ਗੋਸਵਾਮੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੇ ਸਨ। ਉਨ੍ਹਾਂ ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਆਖ਼ਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਇੱਥੋਂ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।

ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਪ੍ਰੋ. ਗੋਸਵਾਮੀ ਦੇ ਅੰਤਿਮ ਸੰਸਕਾਰ ਮੌਕੇ ਕਲਾ ਦੀ ਦੁਨੀਆਂ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਸਿਆਸੀ, ਸਮਾਜਿਕ ਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਇਸ ਮਹਾਨ ਕਲਾ ਇਤਿਹਾਸਕਾਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰੋ. ਗੋਸਵਾਮੀ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਉਨ੍ਹਾਂ ਦੀ ਧੀ ਮਾਲਵਿਕਾ ਗੋਸਵਾਮੀ, ਦੋਹਤੀ ਦਾਮਨੀ, ਭਤੀਜਾ ਅਨੈ ਗੋਸਵਾਮੀ (ਫ਼ਿਲਮ ਨਿਰਮਾਤਾ) ਤੋਂ ਇਲਾਵਾ ਉਨ੍ਹਾਂ ਦੇ ਭਰਾ ਵੀ ਹਾਜ਼ਰ ਸਨ। ਇਸ ਮੌਕੇ ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਜਸਟਿਸ (ਸੇਵਾਮੁਕਤ) ਐੱਸ.ਐੱਸ. ਸੋਢੀ ਤੇ ਗੁਰਬਚਨ ਜਗਤ, ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਐਡੀਟਰ-ਇਨ-ਚੀਫ ਰਾਜੇਸ਼ ਰਾਮਾਚੰਦਰਨ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਤੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੋਂ ਇਲਾਵਾ ਲਲਿਤ ਕਲਾ ਅਕਾਦਮੀ ਦੇ ਦੀਵਾਨ ਮਾਨਾ, ਨੀਲਮ ਮਾਨ ਸਿੰਘ ਚੌਧਰੀ, ਸਾਬਕਾ ਐਡਵੋਕੇਟ ਜਨਰਲ ਐੱਮਐੱਲ ਸਰੀਨ, ਚੰਡੀਗੜ੍ਹ ਦੇ ਚੀਫ਼ ਆਰਕੀਟੈਕਚਰ ਕਪਿਲ ਸੇਤੀਆ, ਬਜਿਲੀ ਵਿਭਾਗ ਪੰਜਾਬ ਦੇ ਸਕੱਤਰ ਤੇਜਵੀਰ ਸਿੰਘ, ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਰੌਣਕੀ ਰਾਮ ਤੋਂ ਇਲਾਵਾ ਵੱਡੀ ਗਿਣਤੀ ਮਸ਼ਹੂਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪ੍ਰਸਿੱਧ ਕਲਾ ਸਮੀਖਿਅਕ ਅਤੇ ਕਲਾ ਇਤਿਹਾਸਕਾਰ ਪ੍ਰੋ. ਬੀਐੱਨ ਗੋਸਵਾਮੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਲਾਵਾਂ ਨਾਲ ਜਨੂੰਨ ਦੀ ਪੱਧਰ ’ਤੇ ਜੁੜੇ ਅਤੇ ਸਾਰੀ ਉਮਰ ਕਲਾਵਾਂ ਨੂੰ ਪ੍ਰਮੋਟ ਕਰਨ ਵਾਲੇ ਬੀਐੱਨ ਗੋਸਵਾਮੀ ਆਪਣੇ ਕਰੀਅਰ ਦੇ ਮੁੱਢਲੇ ਦਿਨਾਂ ਵਿੱਚ 1956 ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਹੋਏ ਅਤੇ ਦੋ ਸਾਲ ਸੇਵਾ ਕੀਤੀ। ਉਸ ਤੋਂ ਬਾਅਦ ਅਸਤੀਫ਼ਾ ਦੇ ਕੇ ਪੰਜਾਬ ਯੂਨੀਵਰਸਿਟੀ ਵਿੱਚ ਹਿਮਾਲਿਆ ਦੀ ਕਾਂਗੜਾ ਪੇਂਟਿੰਗ ਅਤੇ ਇਸ ਦੇ ਸਮਾਜਿਕ ਪਿਛੋਕੜ ’ਤੇ ਖੋਜ ਕੀਤੀ। ਆਪਣੀ ਖੋਜ ਦੌਰਾਨ, ਉਹ ਪੰਜਾਬ ਯੂਨੀਵਰਸਿਟੀ ਵਿੱਚ ਕਲਾ ਇਤਿਹਾਸ ਫੈਕਲਟੀ ਦੇ ਮੈਂਬਰ ਵਜੋਂ ਸ਼ਾਮਲ ਹੋਏ, ਜਿੱਥੇ ਉਨ੍ਹਾ ਨੇ ਆਪਣਾ ਸਾਰਾ ਕਰੀਅਰ ਬਿਤਾਇਆ ਅਤੇ ਇੱਕ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਨੇ ਕੁਝ ਵਰ੍ਹੇ ਹਾਈਡਲਬਰਗ ਯੂਨੀਵਰਸਿਟੀ ਦੇ ਸਾਊਥ ਏਸ਼ੀਅਨ ਇੰਸਟੀਚਿਊਟ ਵਿੱਚ ਅਤੇ ਕੈਲੀਫੋਰਨੀਆ, ਬਰਕਲੇ, ਪੈਨਸਿਲਵੇਨੀਆ ਅਤੇ ਜ਼ਿਊਰਿਖ ਵਰਗੀਆਂ ਕਈ ਹੋਰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਵਜਿ਼ਿਟਿੰਗ ਪ੍ਰੋਫੈਸਰ ਵਜੋਂ ਵੀ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਵਿੱਚ ਉਨ੍ਹਾਂ ਨੇ ਆਪਣੀ ਅਗਵਾਈ ਵਿੱਚ ਲਲਿਤ ਕਲਾ ਦਾ ਅਜਾਇਬਘਰ ਵਿਕਸਤ ਕੀਤਾ ਅਤੇ ਕੁਝ ਸਮਾਂ ਚੰਡੀਗੜ੍ਹ ਲਲਿਤ ਕਲਾ ਅਕੈਡਮੀ ਦੀ ਪ੍ਰਧਾਨਗੀ ਵੀ ਕੀਤੀ। ਪ੍ਰਲੇਸ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਉਨ੍ਹਾਂ ਦਾ ਕਲਾਵਾਂ ਦੇ ਖੇਤਰ ਵਿੱਚ ਯੋਗਦਾਨ ਚੇਤੇ ਕਰਦਿਆਂ ਕਿਹਾ ਕਿ ਉਹ ਤਾਉਮਰ ਕਲਾਵਾਂ ਨੂੰ ਸਮਰਪਿਤ ਰਹੇ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਲਲਿਤ ਕਲਾ ਨੂੰ ਵੱਡਾ ਉਤਸ਼ਾਹ ਮਿਲਿਆ। ਡਾ. ਸਰਬਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿੱਚ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਲਾਸਾਨੀ ਕਿਹਾ। ਪ੍ਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਅਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਕ ਚਿੰਤਕ ਅਤੇ ਸਮੀਖਿਅਕ ਵਜੋਂ ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਅਤੇ ਕਲਾ ਤੇ ਸੱਭਿਆਚਾਰ ਨਾਲ ਸਬੰਧਤ 20 ਤੋਂ ਵੱਧ ਪੁਸਤਕਾਂ ਲਿਖ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਪ੍ਰਸਿੱਧ ਚਿੰਤਕ ਸੁਰਜੀਤ ਸਿੰਘ ਬਰਾੜ, ਗੁਲਜ਼ਾਰ ਸਿੰਘ ਸੰਧੂ, ਜਸਪਾਲ ਮਾਨਖੇੜਾ, ਤਰਸੇਮ, ਡਾ. ਅਰਵਿੰਦਰ ਕਾਕੜਾ, ਡਾ. ਅਨੂਪ ਸਿੰਘ ਬਟਾਲਾ, ਰਮੇਸ਼ ਯਾਦਵ, ਸੁਭਾਸ਼ ਮਾਨਸਾ ਅਤੇ ਹਰਵਿੰਦਰ ਸਿਰਸਾ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋਫੈਸਰ ਰੇਣੂ ਵਿੱਗ ਨੇ ਕਿਹਾ ਕਿ ਡਾ. ਬੀ.ਐੱਨ. ਗੋਸਵਾਮੀ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਪੰਜਾਬ ਯੂਨੀਵਰਸਿਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੇਵਾ ਦੌਰਾਨ ਅਤੇ ਸੇਵਾਮੁਕਤੀ ਤੋਂ ਬਾਅਦ ਯੂਨੀਵਰਸਿਟੀ ਤੇ ਫਾਈਨ ਆਰਟਸ ਵਿਭਾਗ (ਆਰਟ ਹਿਸਟਰੀ ਤੇ ਵਜਿ਼ੁਅਲ ਆਰਟਸ) ਅਤੇ ਲਲਿਤ ਕਲਾ ਦੇ ਅਜਾਇਬ ਘਰ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।