ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ
ਹਰਜੀਤ ਸਿੰਘ ਪਰਮਾਰ
ਬਟਾਲਾ, 8 ਫਰਵਰੀ
ਫ਼ਤਹਿਗੜ੍ਹ ਚੂੜੀਆਂ ਵਿੱਚ ਦੋ ਧਿਰਾਂ ਦਰਮਿਆਨ 5 ਫਰਵਰੀ ਨੂੰ ਚੱਲੀਆਂ ਗੋਲੀਆਂ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਐੱਸਐੱਸਪੀ ਦਫ਼ਤਰ ਬਟਾਲਾ ਸਾਹਮਣੇ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਲਾਇਆ ਗਿਆ। ਉਨ੍ਹਾਂ ਪੁਲੀਸ ’ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਬਟਾਲਾ ਪੁਲੀਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੱਲ੍ਹ ਸ਼ਾਮ ਕਰੀਬ 5 ਵਜੇ ਸ਼ੁਰੂ ਹੋਇਆ ਇਹ ਧਰਨਾ ਅੱਜ ਕਰੀਬ 22 ਘੰਟਿਆਂ ਬਾਅਦ ਪੁਲੀਸ ਵੱਲੋਂ ਕਤਲ ਦਾ ਕੇਸ ਦਰਜ ਕਰਨ ਉਪਰੰਤ ਖ਼ਤਮ ਕੀਤਾ ਗਿਆ।
ਮ੍ਰਿਤਕ ਹਰਨੇਕ ਸਿੰਘ ਦੀ ਪਤਨੀ ਕੁਲਦੀਪ ਕੌਰ ਵਾਸੀ ਪਿੰਡ ਦੇਹੜ ਗਵਾਰ ਨੇ ਬਟਾਲਾ ਪੁਲੀਸ ’ਤੇ ਦੋਸ਼ ਲਾਇਆ ਕਿ ਪੁਲੀਸ ਉਸ ਦੇ ਪਤੀ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੀ ਧਿਰ ਦੇ ਬਿਆਨਾਂ ’ਤੇ ਉਸ ਦੇ ਮ੍ਰਿਤਕ ਪਤੀ ਤੇ ਉਸ ਦੇ ਸਾਥੀਆਂ ਖ਼ਿਲਾਫ਼ ਲੁੱਟ ਦਾ ਕੇਸ ਦਰਜ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਹਰਨੇਕ ਲੰਘੀ 5 ਫਰਵਰੀ ਨੂੰ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਚੂੜੀਆਂ ਵੱਲ ਆ ਰਿਹਾ ਸੀ। ਰਸਤੇ ਵਿੱਚ ਦੂਜੀ ਧਿਰ ਦੇ ਵਿਅਕਤੀ ਨਾਲ ਉਸ ਦਾ ਤਕਰਾਰ ਹੋ ਗਿਆ। ਇਸ ਦੌਰਾਨ ਉਨ੍ਹਾਂ ਨੂੰ ਫ਼ਤਹਿਗੜ੍ਹ ਚੂੜੀਆਂ ਦੇ ਚੌਕ ਵਿੱਚ ਘੇਰ ਕੇ ਕੁੱਟਮਾਰ ਕੀਤੀ ਤੇ ਗੋਲੀਆਂ ਮਾਰ ਦਿੱਤੀਆਂ। ਪੁਲੀਸ ਨੇ ਉਸ ਦੇ ਪਤੀ ਦੇ ਕਾਤਲਾਂ ਦੇ ਬਿਆਨਾਂ ਦੇ ਆਧਾਰ ’ਤੇ ਹਰਨੇਕ ਅਤੇ ਉਸ ਦੇ ਸਾਥੀਆਂ ਖਿਲਾਫ਼ ਲੁੱਟ ਦਾ ਕੇਸ ਦਰਜ ਕਰ ਦਿੱਤਾ ਪਰ ਅੱਜ ਚਾਰ ਦਿਨ ਬੀਤਣ ਦੇ ਬਾਅਦ ਵੀ ਪੁਲੀਸ ਉਸ ਦੇ ਪਤੀ ਦੀ ਮੌਤ ਦਾ ਕੇਸ ਦਰਜ ਨਹੀਂ ਕਰ ਰਹੀ। ਧਰਨੇ ਦੌਰਾਨ ਆਵਾਜਾਈ ਬਦਲਵੇਂ ਰਸਤਿਆਂ ਰਾਹੀਂ ਚਲਦੀ ਰਹੀ। ਦਬਾਅ ਵਧਦਾ ਦੇਖ ਕੇ ਐੱਸਪੀ (ਡੀ) ਗੁਰਪ੍ਰੀਤ ਸਿੰਘ ਸਹੋਤਾ ਨੇ ਕੁੱਝ ਪਰਿਵਾਰਕ ਮੈਂਬਰਾਂ ਅਤੇ ਮੋਹਤਬਰਾਂ ਨੂੰ ਅੰਦਰ ਬੁਲਾਇਆ ਤੇ ਲੰਬੀ ਗੱਲਬਾਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰ ਕੇ ਕਰਾਸ ਕੇਸ ਦਰਜ ਕਰ ਲਿਆ। ਇਸ ਸਬੰਧੀ ਐੱਸਪੀ ਹੈੱਡਕੁਆਰਟਰ ਜਸਵੰਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਫ਼ਤਹਿਗੜ੍ਹ ਚੂੜੀਆਂ ਵਿੱਚ ਕਰਾਸ ਕੇਸ ਦਰਜ ਕਰ ਦਿੱਤਾ ਗਿਆ ਹੈ।